ਨਵੀਂ ਦਿੱਲੀ (ਏਜੰਸੀ) : ਗੂਗਲ ਮੈਪ ਵੀ ਹੁਣ ਦੱਖਣ ਏਸ਼ੀਆ ਦੇ ਦੇਸ਼ ਭਾਰਤ ਦੇ ਅਧਿਕਾਰਤ ਨਾਂ ਦੇ ਰੂਪ ਵਿਚ ‘ਭਾਰਤ’ ਵਿਖਾ ਰਿਹਾ ਹੈ। ਜੇ ਤੁਸੀਂ ਸਰਚ ਬਾਕਸ ਵਿਚ ਹਿੰਦੀ ਜਾਂ ਅੰਗਰੇਜ਼ੀ (ਰੋਮਨ) ਵਿਚ ਭਾਰਤ ਟਾਈਪ ਕਰੋਂਗੇ ਤਾਂ ਭਾਰਤ ਦੇ ਕੌਮੀ ਝੰਡੇ ਤਿਰੰਗੇ ਦੇ ਨਾਲ ਹੀ ਦੱਖਣ ਏਸ਼ੀਆ ਦੇ ਦੇਸ਼ ਦੇ ਰੂਪ ਵਿਚ ਭਾਰਤ ਦਾ ਨਕਸ਼ਾ ਨਜ਼ਰ ਆਵੇਗਾ। ਹੁਣ ਤੁਸੀਂ ਭਾਰਤ ਦੇ ਨਕਸ਼ੇ ਨੂੰ ‘ਇੰਡੀਆ’ ਜਾਂ ‘ਭਾਰਤ’ ਦੋਵੇਂ ਨਾਵਾਂ ਹੇਠ ਵਰਤੋਂ ਵਿਚ ਲਿਆ ਸਕੋਗੇ। ਇਸ ਤੋਂ ਇਲਾਵਾ ਅੰਗਰੇਜ਼ੀ ਜਾਂ ਰੋਮਨ ਵਿਚ ਤੁਸੀਂ ਭਾਰਤ ਲਿਖੋ ਜਾਂ ਇੰਡੀਆ ਲਿਖੋ, ਹਿੰਦੀ ਵਿਚ ਤਰਜਮਾ ‘ਭਾਰਤ’ ਰਹੇਗਾ। ਹਾਲਾਕਿ ਗੂਗਲ ਅਨੁਵਾਦ ਵਿਚ ਭਾਰਤ ਲਈ ਹਿੰਦੋਸਤਾਨ ਤੇ ਭਾਰਤਵਰਸ਼ ਵਰਗੇ ਵਿਸ਼ੇਸ਼ਣ ਵੀ ਬਦਲਵੇਂ ਤੌਰ ’ਤੇ ਵਿਖਾਏ ਜਾ ਰਹੇ ਹਨ। ਇਸ ’ਤੇ ਹਾਲੇ ਤੱਕ ਗੂਗਲ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਇੰਡੀਆ ਦੀ ਥਾਂ ਭਾਰਤ ਕਰਨ ਦਾ ਮਾਮਲਾ ਸਭ ਤੋਂ ਪਹਿਲਾਂ ਜੀ-20 ਦੇ ਸਮਾਗਮ ਦੌਰਾਨ ਸਾਹਮਣੇ ਆਇਆ ਸੀ। ਜਦੋਂ ਜੀ-20 ਮਹਿਮਾਨਾਂ ਨੂੰ ਰਾਸ਼ਟਰਪਤੀ ਵੱਲੋਂ ਦਿੱਤੇ ਜਾਣ ਵਾਲੇ ਖਾਣੇ ਦੇ ਸੱਦਾ ਪੱਤਰ ਵਿਚ ਉਨ੍ਹਾਂ ਨੂੰ ਪ੍ਰੈਜ਼ੀਡੈਂਟ ਆਫ ਭਾਰਤ ਦੇ ਤੌਰ ’ਤੇ ਪੇਸ਼ ਕੀਤਾ ਗਿਆ ਸੀ। ਜਦਕਿ ਅੰਗਰੇਜ਼ੀ ਵਿਚ ਉਨ੍ਹਾਂ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਲਿਖਿਆ ਜਾਂਦਾ ਹੁੰਦਾ ਸੀ। ਇਸ ਨੂੰ ਲੈ ਕੇ ਵਿਰੋਧੀ ਦਲਾਂ ਨੇ ਇਤਰਾਜ਼ ਦਰਜ ਕਰਵਾਏ ਸਨ। ਜੀ-20 ਮੀਟਿੰਗ ਦੌਰਾਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਂ ਵਾਲੀ ਤਖ਼ਤੀ ਵਿਚ ਵੀ ਇੰਡੀਆ ਦੀ ਥਾਂ ਭਾਰਤ ਲਿਖਿਆ ਨਜ਼ਰ ਆ ਰਿਹਾ ਸੀ। ਇਸ ਤੋਂ ਬਾਅਦ ਪਿਛਲੇ ਦਿਨੀਂ ਕੌਮੀ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ (ਐੱਨਸੀਈਆਰਟੀ) ਨਾਲ ਜੁੜੀ ਉੱਚ ਪੱਧਰੀ ਕਮੇਟੀ ਨੇ ਸਕੂਲਾਂ ਲਈ ਤਿਆਰ ਕੀਤੀਆਂ ਜਾ ਰਹੀਆਂ ਸਭਨਾਂ ਕਿਤਾਬਾਂ ਵਿਚ ਇੰਡੀਆ ਦੀ ਬਜਾਏ ਭਾਰਤ ਲਫ਼ਜ਼ ਦੀ ਵਰਤੋਂ ਬਾਰੇ ਸਿਫ਼ਾਰਸ਼ ਕੀਤੀ ਸੀ। ਹਾਲਾਂਕਿ ਬਾਅਦ ਵਿਚ ਐੱਨਸੀਈਆਰਟੀ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਸੀ ਕਿ ਹਾਲੇ ਸਿਲੇਬਸ ਦੀਆਂ ਕਿਤਾਬਾਂ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ।


