ਸੰਦੀਪ ਸਿੰਘ ਧੰਜੂ, ਸਰੀ : ਕੈਨੇਡਾ ਸਰਕਾਰ ਨੇ ਅਗਲੇ ਤਿੰਨ ਸਾਲਾਂ ਲਈ ਆਪਣਾ ਇਮੀਗਰੇਸ਼ਨ ਦਾ ਟੀਚਾ ਵਧਾ ਦਿੱਤਾ ਹੈ। ਇਮੀਗਰੇਸ਼ਨ ਮੰਤਰੀ ਮਾਰਕੋ ਮੈਂਡੀਸੀਨੋ ਨੇ ਐਲਾਨ ਕੀਤਾ ਹੈ ਕਿ ਸਾਲ 2021 ਵਿੱਚ 4,01,000, 2022 ‘ਚ 4,11,000 ਅਤੇ 2023 ਵਿਚ 4,21,000 ਲੋਕਾਂ ਨੂੰ ਬਾਹਰਲੇ ਮੁਲਕਾਂ ਤੋਂ ਪੱਕੇ ਤੌਰ ‘ਤੇ ਕੈਨੇਡਾ ਬੁਲਾਇਆ ਜਾਵੇਗਾ। ਇਹ ਟੀਚਾ ਇਮੀਗ੍ਰੇਸ਼ਨ ਵਿਭਾਗ ਦੇ ਪਹਿਲਾਂ ਤੋਂ ਮਿਥੇ ਗਏ ਟੀਚੇ ਤੋਂ ਦੋ ਲੱਖ ਵੱਧ ਹੈ ਕਿਉਂਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਇਮੀਗ੍ਰੇਸ਼ਨ ਵਿਭਾਗ ਆਪਣਾ ਇਸ ਸਾਲ ਦਾ ਟੀਚਾ ਪੂਰਾ ਨਹੀਂ ਕਰ ਸਕਿਆ।
ਇਸ ਸਾਲ ਅਗਸਤ ਮਹੀਨੇ ਤਕ ਸਿਰਫ਼ 1,28,425 ਲੋਕ ਹੀ ਕੈਨੇਡਾ ਪੁੱਜ ਸਕੇ। ਕਾਮਿਆਂ ਦੀ ਇਸ ਘਾਟ ਕਾਰਨ ਕੈਨੇਡਾ ਦੀ ਆਰਥਿਕਤਾ ਉੱਤੇ ਬਹੁਤ ਅਸਰ ਪਿਆ ਹੈ ਤੇ ਸਰਕਾਰ ਆਉਂਦੇ ਤਿੰਨ ਸਾਲਾਂ ਦਾ ਕੋਟਾ ਵਧਾ ਕੇ ਭਵਿੱਖ ਵਿਚ ਕਾਮਿਆਂ ਦੀ ਇਸ ਘਾਟ ਨੂੰ ਪੂਰਾ ਕਰਨਾ ਚਾਹੁੰਦੀ ਹੈ।
ਦੱਸਣਯੋਗ ਹੈ ਕਿ ਕੈਨੇਡਾ ਦੀ ਆਬਾਦੀ ਬਹੁਤ ਸੁਸਤ ਰਫਤਾਰ ਨਾਲ ਵਧ ਰਹੀ ਹੈ ਤੇ ਅਗਲੇ ਇਕ ਦਹਾਕੇ ਵਿਚ ਵੱਡੀ ਗਿਣਤੀ ‘ਚ ਨੌਕਰੀਆਂ ਕਰਦੇ ਲੋਕ ਆਪਣੇ ਕੰਮ ਤੋਂ ਰਿਟਾਇਰ ਹੋ ਰਹੇ ਹਨ ਜਿਸ ਕਾਰਨ ਬਾਹਰੋਂ ਕਾਮੇ ਮੰਗਵਾਉਣਾ ਸਰਕਾਰ ਦੀ ਮਜਬੂਰੀ ਹੈ। ਜੇਕਰ ਬਾਹਰੋਂ ਕਾਮੇ ਆ ਕੇ ਸਰਕਾਰ ਨੂੰ ਟੈਕਸ ਅਦਾ ਕਰਨਗੇ ਤਾਂ ਕੈਨੇਡਾ ਸਰਕਾਰ ਰਿਟਾਇਰ ਹੋ ਰਹੇ ਕੈਨੇਡਾ ਵਾਸੀਆਂ ਨੂੰ ਪੈਨਸ਼ਨਾਂ ਆਸਾਨੀ ਨਾਲ ਦੇ ਸਕੇਗੀ।
ਦੂਜੇ ਪਾਸੇ ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਆਏ ਹੋਏ ਲੋਕਾਂ ਦੀ ਮੰਗ ਹੈ ਕਿ 2020 ਦਾ ਟੀਚਾ ਪੂਰਾ ਕਰਨ ਲਈ ਉਨ੍ਹਾਂ ਨੂੰ ਹੀ ਕੈਨੇਡਾ ‘ਚ ਪੱਕਾ ਕਰ ਦਿੱਤਾ ਜਾਵੇ ਤੇ ਇਸ ਮੰਗ ਦਾ ਸਮਰਥਨ ਸਰਕਾਰ ਦੀ ਵਿਰੋਧੀ ਧਿਰ ਐਨਡੀਪੀ ਨੇ ਵੀ ਕੀਤਾ ਹੈ। ਇਹਨਾਂ ਲੋਕਾਂ ਵੱਲੋਂ ਪੂਰੇ ਦੇਸ਼ ਵਿਚ ਇਕ ਪਟੀਸ਼ਨ ਉੱਤੇ ਦਸਤਖ਼ਤ ਕਰਨ ਦੀ ਮੁਹਿੰਮ ਚਲਾਈ ਗਈ ਹੈ ਜਿਸ ਦਾ ਮਕਸਦ ਸਰਕਾਰ ਉੱਤੇ ਇਸ ਮੰਗ ਨੂੰ ਲਾਗੂ ਕਰਨ ਦਾ ਦਬਾਅ ਬਣਾਉਣਾ ਹੈ। ਜੇਕਰ ਇਹ ਮੁੱਦਾ ਜ਼ੋਰ ਫੜ ਗਿਆ ਤਾਂ ਸਰਕਾਰ ਇਹਨਾ ਲੋਕਾਂ ਦੇ ਹੱਕ ਵਿੱਚ ਫੈਸਲਾ ਲੈ ਵੀ ਸਕਦੀ ਹੈ ਕਿਉਂਕਿ ਲਿਬਰਲ ਪਾਰਟੀ ਹਮੇਸ਼ਾਂ ਵੱਧ ਤੋਂ ਵੱਧ ਪ੍ਰਵਾਸੀਆਂ ਨੂੰ ਕੈਨੇਡਾ ‘ਚ ਪੱਕੇ ਤੌਰ ‘ਤੇ ਆਬਾਦ ਕਰਨ ਦੀ ਹਿਤੈਸ਼ੀ ਰਹੀ ਹੈ ।


