ਜਾਗਰਣ ਸੰਵਾਦਦਾਤਾ, ਕੁੱਲੂ : International Kullu Dussehra: ਅੰਤਰਰਾਸ਼ਟਰੀ ਕੁੱਲੂ ਦੁਸਹਿਰਾ ਉਤਸਵ ਦੌਰਾਨ ਢਾਲਪੁਰ ਮੈਦਾਨ ‘ਚ ਸ਼ੁੱਕਰਵਾਰ ਰਾਤ 2 ਵਜੇ ਦੇ ਕਰੀਬ 18 ਟੈਂਟਾਂ ਨੂੰ ਅੱਗ ਲੱਗ ਗਈ (Fire in Kullu Dussehra)। ਕੁੱਲੂ ‘ਚ ਇਨ੍ਹੀਂ ਦਿਨੀਂ ਅੰਤਰਰਾਸ਼ਟਰੀ ਦੁਸਹਿਰਾ ਉਤਸਵ ਚੱਲ ਰਿਹਾ ਹੈ।

ਦੁਸਹਿਰੇ ‘ਚ ਜ਼ਿਲ੍ਹੇ ਭਰ ‘ਚੋਂ 300 ਤੋਂ ਵੱਧ ਦੇਵੀ-ਦੇਵਤੇ ਭਾਗ ਲੈ ਰਹੇ ਹਨ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਹਫੜਾ-ਦਫੜੀ ਮਚ ਗਈ। ਅੱਗ ਬੁਝਾਉਂਦੇ ਸਮੇਂ ਦੋ ਵਿਅਕਤੀ ਝੁਲਸ ਗਏ। ਇਨ੍ਹਾਂ ਵਿੱਚੋਂ ਇਕ ਨੌਜਵਾਨ ਖੇਤਰੀ ਹਸਪਤਾਲ ਕੁੱਲੂ ਵਿੱਚ ਜ਼ੇਰੇ ਇਲਾਜ ਹੈ।

ਅੱਗ ਦੀ ਲਪੇਟ ‘ਚ ਆਏ ਸੋਨੇ-ਚਾਂਦੀ ਦੇ ਗਹਿਣੇ

ਹਾਲਾਂਕਿ ਦੋਵਾਂ ਦੀ ਹਾਲਤ ਠੀਕ ਹੈ। 13 ਦੇਵੀ ਦੇਵਤਿਆਂ ਤੋਂ ਇਲਾਵਾ ਕੁਝ ਰਸੋਈਏ ਤੇ ਦੁਕਾਨਦਾਰਾਂ ਦੇ ਟੈਂਟ ਵੀ ਪੂਰੀ ਤਰ੍ਹਾਂ ਸੜ ਗਏ। ਇਹ ਸਾਰੇ ਦੇਵਤੇ ਖੁੱਲ੍ਹੇ ਅਸਮਾਨ ਹੇਠ ਰਹਿ ਰਹੇ ਹਨ। ਇਨ੍ਹਾਂ ਵਿੱਚ ਦੇਵੀ ਦੇਵਤਿਆਂ ਦਾ ਸਾਮਾਨ ਵੀ ਸੜ ਗਿਆ ਹੈ। ਕੁਝ ਦੇਵੀ-ਦੇਵਤਿਆਂ ਦੇ ਸੋਨੇ-ਚਾਂਦੀ ਦੇ ਗਹਿਣੇ ਵੀ ਇਸ ਦੀ ਲਪੇਟ ‘ਚ ਆ ਗਏ ਹਨ।

ਅੱਗ ਲੱਗਣ ਕਾਰਨ ਭਗਵਾਨ ਮਾਰਕੰਡੇਯ ਰਿਸ਼ੀ, ਬ੍ਰਹਮਾ ਰਿਸ਼ੀ ਰਿਸ਼ੀ ਸ਼ੁਕਰੀ, ਆਦਿ ਬ੍ਰਹਮਾ ਧਰਥ ਸਾਂਝ, ਪੰਚਵੀਰ ਪਿੰਡ ਧਾਰ ਕੋਠੀ ਚੈਹਨੀ ਬੰਜਰ, ਪੰਚਵੀਰ ਸੋਤੀ ਸੈਂਜ, ਪੰਚਵੀਰ ਸ਼ਮਸ਼ਾਨੀ ਕਰਟਾਹ ਸੈਂਜ, ਸ਼ੇਸ਼ ਨਾਗ ਜੀਭੀ, ਸ਼੍ਰੀ ਹਰਿ ਲਤੋੜਾ ਭਲਾ ਪਿੰਡ, ਪੰਚਵੀਰ ਲਸ਼ਵਲ, ਪੰਚਵੀਰ ਕੰਡੀ, ਜਲ ਕੁਠਾਚੀ ਦਾ ਸਾਮਾਨ ਸੜ ਗਿਆ ਹੈ।

ਦੇਵੀ ਦੇਵਤਿਆਂ ਦੇ ਰਥ ਬਚਾਏ

ਅੱਗ ਲੱਗਣ ਤੋਂ ਬਾਅਦ ਦੇਵੀ-ਦੇਵਤਿਆਂ ਦੇ ਸੇਵਕਾਂ ਦੇ ਨਾਲ-ਨਾਲ ਸ਼ਰਧਾਲੂਆਂ ਨੇ ਆਪੋ-ਆਪਣੇ ਦੇਵੀ-ਦੇਵਤਿਆਂ ਦੇ ਰੱਥਾਂ ਨੂੰ ਤਾਂ ਸੁਰੱਖਿਅਤ ਬਚਾ ਲਿਆ ਪਰ ਸਾਮਾਨ ਨਹੀਂ ਬਚਾ ਸਕੇ। ਇਸ ‘ਚ ਸੋਨੇ-ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਢੋਲ, ਨਗਾੜੇ, ਨਰਸਿੰਙੇ, ਕਰਨਾਲਾਂ, ਟਰੰਕ ਸਮੇਤ ਕਈ ਸਾਮਾਨ ਸੜ ਗਿਆ। ਪ੍ਰਸ਼ਾਸਨ ਦੀ ਟੀਮ ਨੁਕਸਾਨ ਦਾ ਜਾਇਜ਼ਾ ਲੈਣ ਵਿੱਚ ਲੱਗੀ ਹੋਈ ਹੈ।

ਦੇਵੀ-ਦੇਵਤਾ ਕਾਰਦਾਰ ਸੰਘ ਦੇ ਪ੍ਰਧਾਨ ਦੋਤ ਰਾਮ ਠਾਕੁਰ ਨੇ ਦੱਸਿਆ ਕਿ ਇਤਿਹਾਸ ‘ਚ ਪਹਿਲੀ ਵਾਰ ਦੁਸਹਿਰੇ ਦੇ ਤਿਉਹਾਰ ਦੌਰਾਨ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਅਜੇ ਤਕ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ। ਕਿਹੜੇ ਦੇਵਤੇ ਦਾ ਕਿੰਨਾ ਨੁਕਸਾਨ ਹੋਇਆ ? ਪੂਰੀ ਜਾਣਕਾਰੀ ਲਈ ਜਾਵੇਗੀ। ਰਾਤ ਸਮੇਂ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਦੇਵੀ ਦੇ ਨਾਲ ਆਏ ਲੋਕ ਡਰੇ ਹੋਏ ਹਨ। ਉਨ੍ਹਾਂ ਸਾਰਿਆਂ ਕੋਲ ਜਾ ਕੇ ਉਨ੍ਹਾਂ ਦਾ ਮਨੋਬਲ ਵਧਾਇਆ।