ਲੁਧਿਆਣਾ : ਪੰਜਾਬ ਦੇ ਬਹੁਤੇ ਇਲਾਕਿਆਂ ’ਚ ਸ਼ਨਿਚਰਵਾਰ ਨੂੰ ਮੌਸਮ ਸਾਫ਼ ਰਿਹਾ। ਦਿਨੇ ਤਿੱਖੀ ਧੁੱਪ ਨਿਕਲੀ। ਲੁਧਿਆਣੇ ’ਚ ਸਵੇਰੇ ਤੇ ਦੁਪਹਿਰੇ ਕਈ ਵਾਰ ਧੁੱਪ ਤੇ ਬੱਦਲਾਂ ਨੇ ਲੁਕਣਮੀਟੀ ਖੇਡੀ। ਹੁਸ਼ਿਆਰਪੁਰ, ਪਠਾਨਕੋਟ, ਰੋਪੜ ’ਚ ਵੀ ਇਹ ਧੁੁੱੁਪ-ਬੱਦਲਾਂ ਦੀ ਖੇਡ ਚੱਲਦੀ ਰਹੀ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਨਵਾਂਸ਼ਹਿਰ ’ਚ ਸਭ ਤੋਂ ਘੱਟ 13.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਉਧਰ ਰੋਪੜ, ਜਲੰਧਰ, ਚੰਡੀਗੜ੍ਹ, ਫ਼ਤਹਿਗੜ੍ਹ ਸਾਹਿਬ ’ਚ ਤਾਪਮਾਨ 14.5 ਡਿਗਰੀ ਤੋਂ 14.7 ਡਿਗਰੀ ਵਿਚਾਲੇ ਰਿਹਾ। ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਹਿਮਾਚਲ ਦੇ ਉਪਰਲੇ ਇਲਾਕਿਆਂ ’ਚ ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋਣ ਕਾਰਨ ਐਤਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਰਹਿ ਸਕਦੇ ਹਨ। ਇਸ ਤੋਂ ਬਾਅਦ ਮੌਸਮ ਤਿੰਨ ਨਵੰਬਰ ਤੱਕ ਸਾਫ਼ ਰਹੇਗਾ।