ਰਾਜੀਵ ਕੁਮਾਰ, ਨਵੀਂ ਦਿੱਲੀ: ਸਿਰਫ਼ ਇਕ ਭਾਸ਼ਾ ਜਾਨਣ ਵਾਲਾ ਅਧਿਆਪਕ ਹੁਣ ਘਰ ਬੈਠੇ ਵਰਚੂਅਲ ਢੰਗ ਨਾਲ ਵੱਖ-ਵੱਖ ਭਾਸ਼ਾ ਬੋਲਣ ਵਾਲੇ ਬੱਚਿਆਂ ਨੂੰ ਇਕੱਠੇ ਪੜ੍ਹਾ ਸਕੇਗਾ। ਇਸ ਦਾ ਲਾਭ ਇਹ ਹੋਵੇਗਾ ਕਿ ਬਿਹਾਰ ਦੇ ਕਿਸੇ ਪਿੰਡ ਦਾ ਹੋਣਹਾਰ ਵਿਦਿਆਰਥੀ ਚੇਨਈ ਵਿਚ ਬੈਠੇ ਕਿਸੇ ਮੇਧਾਵੀ ਅਧਿਆਪਕ ਤੋਂ ਪੜ੍ਹਾਈ ਕਰ ਸਕੇਗਾ। ਅਜੇ ਚਾਹ ਕੇ ਵੀ ਪ੍ਰਸਿੱਧ ਅਧਿਆਪਕ ਭਾਸ਼ਾਈ ਅੜਿੱਕੇ ਕਾਰਨ ਦੂਰ-ਦੁਰਾਡੇ ਦੇ ਬੱਚਿਆਂ ਨੂੰ ਆਪਣਾ ਗਿਆਨ ਨਹੀਂ ਦੇ ਸਕਦੇ ਪਰ ਹੁਣ ਇਹ ਅੜਿੱਕਾ ਖ਼ਤਮ ਹੋ ਰਿਹਾ ਹੈ। ਪੜ੍ਹਾਈ ਦੌਰਾਨ ਸਾਰੇ ਆਪੋ-ਆਪਣੀ ਭਾਸ਼ਾ ਵਿਚ ਹੀ ਸੰਵਾਦ ਕਰਗੇ। ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਪਾਵਰਡ ਵਾਲੀ ਇਕ ਅਜਿਹੀ ਹੀ ਤਕਨੀਕ ਨੂੰ ਰਿਲਾਇੰਸ ਜਿਓ ਨੇ ਡਿਵੈਲਪ ਕੀਤਾ ਹੈ। ਜਿਓ ਨੇ ਇਹ ਤਕਨੀਕ ਦਿੱਲੀ ਦੇ ਭਾਰਤ ਮੰਡਪਮ ਵਿਚ ਚੱਲ ਰਹੀ ਇੰਡੀਆ ਮੋਬਾਈਲ ਕਾਂਗਰਸ ਵਿਚ ਪ੍ਰਦਰਸ਼ਨ ਕੀਤੀ ਹੈ। ਜਲਦ ਹੀ ਇਸ ਦੀ ਕਮਰਸ਼ੀਅਲ ਵਰਤੋਂ ਸ਼ੁਰੂ ਹੋ ਸਕਦੀ ਹੈ।

ਇਸ ਤਕਨੀਕ ਦੀ ਖ਼ਾਸੀਅਤ ਇਹ ਹੈ ਕਿ ਹੁਣ ਸਿਰਫ਼ ਅੰਗਰੇਜ਼ੀ ਬੋਲਣ ਵਾਲਾ ਅਧਿਆਪਕ ਵਰਚੂਅਲ ਢੰਗ ਨਾਲ ਮਰਾਠੀ, ਹਿੰਦੀ, ਪੰਜਾਬੀ, ਤੇਲੁਗੂ ਵਰਗੀਆਂ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਵਿਦਿਆਰਥੀਆਂ ਨੂੰ ਇਕੱਠੇ ਪੜ੍ਹਾ ਸਕਦਾ ਹੈ। ਏਆਈ ਪਾਵਰਡ ਦੀ ਇਸ ਤਕਨੀਕ ਦੀ ਮਦਦ ਨਾਲ ਪੜ੍ਹਾਉਣ ਦੌਰਾਨ ਉਹ ਅਧਿਆਪਕ ਅੰਗਰੇਜ਼ੀ ਬੋਲੇਗਾ ਪਰ ਵਰਚੂਅਲ ਢੰਗ ਨਾਲ ਜੁੜੇ ਬੱਚਿਆਂ ਨੂੰ ਅਧਿਆਪਕ ਦੀ ਆਵਾਜ਼ ਉਨ੍ਹਾਂ ਦੀ ਮਾਤ ਭਾਸ਼ਾ ਵਿਚ ਸੁਣਾਈ ਦੇਵੇਗੀ।

ਅਧਿਆਪਕ ਤੋਂ ਪੜ੍ਹਣ ਵਾਲਾ ਪੰਜਾਬੀ ਬੱਚਾ ਆਪਣੀ ਭਾਸ਼ਾ ਵਿਚ ਸਵਾਲ ਕਰੇਗਾ ਪਰ ਅਧਿਆਪਕ ਨੂੰ ਉਹ ਸਵਾਲ ਅੰਗਰੇਜ਼ੀ ਵਿਚ ਸੁਣਾਈ ਦੇਵੇਗਾ। ਰਿਲਾਇਸ ਜਿਓ ਮੁਤਾਬਕ ਹੁਣ 30 ਬੱਚੇ ਇਕੱਠੇ ਇਸ ਐਪਲੀਕੇਸ਼ਨ ਦੀ ਮਦਦ ਨਾਲ ਪੜ੍ਹ ਸਕਦੇ ਹਨ ਜਾਂ ਕਿਸੇ ਪ੍ਰੋਗਰਾਮ ਵਿਚ ਜੁੜ ਸਕਦੇ ਹਨ। ਇਕ ਵਾਰ ਇਸ ਦੇ ਕਮਰਸ਼ੀਅਲ ਲਾਂਚ ਤੋਂ ਬਾਅਦ ਇਸ ਦੀ ਸਮਰੱਥਾ ਵਧਾਈ ਜਾਵੇਗੀ। ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਵੱਲੋਂ ਵੀ ਭਾਸ਼ਿਣੀ ਐਪ ਵਿਕਸਤ ਕੀਤਾ ਗਿਆ ਹੈ ਜੋ ਇੰਟਰਨੈੱਟ ’ਤੇ ਮੌਜੂਦ ਕੰਟੈਂਟ ਨੂੰ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕਰ ਸਕਦਾ ਹੈ ਤੇ ਕੋਈ ਵਿਅਕਤੀ ਭਾਸ਼ਿਣੀ ਐਪ ਦੀ ਮਦਦ ਨਾਲ ਉਸ ਨੂੰ ਆਪਣੀ ਭਾਸ਼ਾ ਵਿਚ ਸੁਣ ਸਕਦਾ ਹੈ ਪਰ ਰੀਅਲ ਟਾਈਮ ਵਿਚ 30 ਲੋਕਾਂ ਨਾਲ ਵੱਖ-ਵੱਖ ਭਾਸ਼ਾ ਵਿਚ ਸੰਵਾਦ ਦੀ ਸਹੂਲਤ ਅਜੇ ਭਾਸ਼ਿਣੀ ’ਤੇ ਨਹੀਂ ਹੈ। ਰਿਲਾਇੰਸ ਜਿਓ ਦੀ ਇਸ ਏਆਈ ਪਾਵਰਡ ਤਕਨੀਕ ਨਾਲ ਸਿੱਖਿਆ ਨਾਲ ਸਕਿਲ ਪ੍ਰੋਗਰਾਮ ਚਲਾਉਣਾ ਵੀ ਸੌਖਾ ਹੋ ਜਾਵੇਗਾ। ਸਿਰਫ਼ ਅੰਗਰੇਜ਼ੀ ਵਿਚ ਪੜ੍ਹਾਉਣ ਵਿਚ ਸਮਰੱਥ ਵੱਡੇ-ਵੱਡੇ ਸ਼ਹਿਰਾਂ ਵਿਚ ਕੰਮ ਕਰ ਰਹੇ ਇੰਜੀਨੀਅਰ ਵੱਖ-ਵੱਖ ਸੂਬਿਆਂ ਦੇ ਆਈਟੀਆਈ ਵਿਦਿਆਰਥੀਆਂ ਨੂੰ ਸਿਖਲਾਈ ਦੇ ਸਕਣਗੇ। ਇਸ ਨਾਲ ਸਕਿਲ ਪ੍ਰੋਗਰਾਮ ਦੀ ਗੁਣਵੱਤਾ ਵੀ ਸੁਧਰੇਗੀ ਤੇ ਭਾਸ਼ਾ ਦੇ ਅੜਿੱਕੇ ਕਾਰਨ ਸਿਖਲਾਈ ਲਈ ਚੰਗੇ ਅਧਿਆਪਕਾਂ ਦੀ ਕਮੀ ਨਹੀਂ ਰਹੇਗੀ। ਪੂਰੇ ਸਕਿਲ ਪ੍ਰੋਗਰਾਮ ਦੀ ਗੁਣਵੱਤਾ ਵਿਚ ਵੱਡੀ ਤਬਦੀਲੀ ਆਏਗੀ।