ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 14 ਅਤੇ 15 ਸਤੰਬਰ ਨੂੰ ਦੋ ਰੋਜ਼ਾ ਕਿਸਾਨ ਮੇਲਾ ਕਰਵਾਉਣ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ 15 ਸਤੰਬਰ ਨੂੰ ਕਿਸਾਨਾਂ ਨੂੰ ਸੰਬੋਧਨ ਕਰਨ ਦੇ ਨਾਲ-ਨਾਲ ਅਗਾਂਹਵਧੂ ਕਿਸਾਨਾਂ ਦਾ ਸਨਮਾਨ ਕਰਨਗੇ। ਇਸ ਮੇਲੇ ਦਾ ਥੀਮ ‘ਵਿਗਿਆਨਕ ਖੇਤੀ ਦੇ ਰੰਗ, ਪੀਏਯੂ ਕਿਸਾਨ ਮੇਲਿਆਂ ਦੇ ਸੰਗ’ ਰੱਖਿਆ ਗਿਆ ਹੈ। ਮੇਲੇ ਦੇ ਪਹਿਲੇ ਦਿਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਸ ਮੇਲੇ ਵਿਚ ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਦੇ ਸ਼ਾਮਲ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਪੀਏਯੂ ਦਾ ਰਿਸ਼ਤਾ ਬੜਾ ਨੇੜਲਾ ਅਤੇ ਭਰੋਸੇਯੋਗ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਮੌਕੇ ਕਿਸਾਨ ਨਵੀਂ ਤਕਨਾਲੋਜੀ ਅਤੇ ਪੀਏਯੂ ਮਾਹਰਾਂ ਦੀਆਂ ਖੋਜਾਂ ਨੂੰ ਜਾਣ ਕੇ ਆਪਣੀ ਖੇਤੀ ਨੂੰ ਹੋਰ ਵਿਕਸਿਤ ਦਿਸ਼ਾ ਵੱਲ ਲਿਜਾਣਗੇ।

ਇਸ ਮੌਕੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਦੂਜੇ ਦਿਨ ਅਗਾਂਹਵਧੂ ਕਿਸਾਨਾਂ ਅਤੇ ਖੇਤੀ ਮਾਹਰਾਂ, ਹੋਰ ਪੁਰਸਕਾਰ ਜੇਤੂ ਉੱਦਮੀਆਂ ਅਤੇ ਵਿਗਿਆਨੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਫ਼ਸਲਾਂ ਦੀਆਂ ਖੇਤ ਪ੍ਰਦਰਸ਼ਨੀਆਂ ਤੋਂ ਇਲਾਵਾ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਅਤੇ ਸਵੈਸੇਵੀ ਸਮੂਹਾਂ ਵੱਲੋਂ ਸਟਾਲ ਲਗਾਏ ਜਾਣਗੇ, ਨਾਲ ਹੀ ਸੂਬੇ ਦੇ ਉੱਘੇ ਮਸ਼ੀਨਰੀ ਨਿਰਮਾਤਾਵਾਂ ਅਤੇ ਖੇਤੀ ਨਾਲ ਸਬੰਧਤ ਸਾਜ਼ੋ-ਸਾਮਾਨ ਦੀ ਵਿਕਰੀ ਤੋਂ ਇਲਾਵਾ ਖੇਤੀ ਸਾਹਿਤ ਵੀ ਕਿਸਾਨਾਂ ਲਈ ਉਪਲੱਬਧ ਰਹੇਗਾ। ਉਨ੍ਹਾਂ ਪੇਂਡੂ ਭਾਈਚਾਰੇ ਨੂੰ ਦੋ-ਰੋਜ਼ਾ ਮੇਲੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਵੈਟਰਨਰੀ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ ਅੱਜ ਤੋਂ

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ 14 ਅਤੇ 15 ਸਤੰਬਰ ਨੂੰ ਦੋ ਦਿਨਾ ‘ਪਸ਼ੂ ਪਾਲਣ ਮੇਲਾ ਕਰਵਾਇਆ ਜਾ ਰਿਹਾ ਹੈ। ਮੇਲੇ ਵਿਚ ਯੂਨੀਵਰਸਿਟੀ ਵੱਲੋਂ ਵੈਟਰਨਰੀ ਅਤੇ ਪਸ਼ੂ ਵਿਗਿਆਨ, ਡੇਅਰੀ, ਪੋਲਟਰੀ, ਫਿਸ਼ਰੀਜ਼ ਸਬੰਧੀ ਤਕਨੀਕਾਂ ਦਾ ਪ੍ਰਦਰਸ਼ਨ ਹੋਵੇਗਾ ਅਤੇ ਕਿਸਾਨ-ਵਿਗਿਆਨੀ ਤਕਨੀਕੀ ਲੈਕਚਰਾਂ ਦੇ ਮੰਚ ’ਤੇ ਇਕੱਠੇ ਹੋਣਗੇ। ਸਵਾਲਾਂ-ਜਵਾਬਾਂ ਦਾ ਸੈਸ਼ਨ ਵੀ ਕੀਤਾ ਜਾਵੇਗਾ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਰਨਰੀ ਯੂਨੀਵਰਸਿਟੀ ਨੇ ਕਿਹਾ ਕਿ ਜਿੱਥੇ ਮੇਲੇ ਵਿਚ ਪਸ਼ੂ ਪਾਲਣ ਅਤੇ ਕਿਸਾਨੀ ਨਾਲ ਸਬੰਧਤ ਵੱਖੋ-ਵੱਖਰੇ ਵਿਭਾਗ ਹਿੱਸਾ ਲੈਣਗੇ, ਉਥੇ 100 ਤੋਂ ਵਧੇਰੇ ਕੰਪਨੀਆਂ ਆਪਣੀਆਂ ਦਵਾਈਆਂ, ਉਪਕਰਨ, ਮਸ਼ੀਨਰੀ ਅਤੇ ਪਸ਼ੂਆਂ ਨਾਲ ਸਬੰਧਤ ਸਹੂਲਤਾਂ ਬਾਰੇ ਸਟਾਲ ਲਗਾਉਣਗੀਆਂ। ਉਨ੍ਹਾਂ ਕਿਹਾ ਕਿ ਇਸ ਵਾਰ ਦੇ ਮੇਲੇ ਦਾ ਨਾਅਰਾ ‘ਡੇਅਰੀ, ਬੱਕਰੀਆਂ, ਸੂਰ ਤੇ ਮੱਛੀ, ਇੱਕੋ ਫਾਰਮ ਆਮਦਨ ਅੱਛੀ’ ਰੱਖਿਆ ਗਿਆ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਵਿਗਿਆਨਕ ਖੇਤੀ ਨੂੰ ਅਪਨਾਉਣ ਅਤੇ ਉਤਸ਼ਾਹਿਤ ਕਰਨ ਵਾਲੇ ਚਾਰ ਕਿਸਾਨਾਂ ਨੂੰ ‘ਮੁੱਖ ਮੰਤਰੀ ਪੁਰਸਕਾਰ’ ਨਾਲ ਨਿਵਾਜਿਆ ਜਾਵੇਗਾ।