ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਲੁਧਿਆਣਾ ਦੇ ਈਡਵਲਿਊਐਸ ਇਲਾਕੇ ‘ਚ ਇਕ ਗਰਭਵਤੀ ਔਰਤ ਨੇ ਘਰ ਦੇ ਉੱਪਰ ਵਾਲੀ ਮੰਜ਼ਿਲ ‘ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਕਰੀਬਨ 9 ਸਾਲ ਪਹਿਲੋਂ ਸੋਨੀਕਾ ਨਾਂ ਦੀ ਲੜਕੀ ਦਾ ਵਿਆਹ ਨਵਦੀਪ ਸ਼ਰਮਾ ਨਾਲ ਹੋਇਆ ਸੀ। ਕੁਝ ਸਮੇਂ ਬਾਅਦ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ। ਪਰਿਵਾਰ ਦੀਆਂ ਪਰੇਸ਼ਾਨੀਆਂ ਉਸ ਵੇਲੇ ਵਧ ਗਈਆਂ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ ਨੂੰ ਕਿਡਨੀ ਦੀ ਦਿੱਕਤ ਹੈ। ਔਰਤ ਪਿਛਲੇ ਸਮੇਂ ਤੋਂ ਗਰਭਵਤੀ ਸੀ।
ਬੀਤੀ ਸ਼ਾਮ ਉਸਦੀ ਆਪਣੇ ਪਤੀ ਨਾਲ ਮਾਮੂਲੀ ਗੱਲ ਨੂੰ ਲੈ ਕੇ ਬਹਿਸ ਹੋ ਗਈ। ਔਰਤ ਕੁਝ ਸਮੇਂ ਲਈ ਛੱਤ ‘ਤੇ ਚਲੀ ਗਈ। ਪਤੀ ਨੂੰ ਇੰਜ ਜਾਪਿਆ ਕਿ ਉਹ ਬਾਥਰੂਮ ਗਈ ਹੋਵੇਗੀ। ਔਰਤ ਦਾ ਪਤੀ ਜਦ ਛੱਤ ‘ਤੇ ਗਿਆ ਤਾਂ ਦੇਖਿਆ ਕੇ ਸੋਨੀਕਾ ਨੇ ਕਮਰੇ ‘ਚ ਪੱਖੇ ਨਾਲ ਫਾਹਾ ਲਗਾਇਆ ਹੋਇਆ ਸੀ। ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸੀ.ਆਰ.ਪੀ.ਸੀ ਦੀ ਧਾਰਾ 144 ਦੇ ਤਹਿਤ ਕਾਰਵਾਈ ਕਰ ਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।


