ਗੁਰਜੀਤ ਸਿੰਘ ਖ਼ਾਲਸਾ , ਰਾੜਾ ਸਾਹਿਬ : ਨਜ਼ਦੀਕੀ ਪਿੰਡ ਲਹਿਲ ਵਿਖੇ ਸਰਕਾਰੀ ਸਕੂਲ ਦੇ ਨਜ਼ਦੀਕ ਰਾੜਾ ਸਾਹਿਬ ਤੋਂ ਮਲੌਦ ਜਾਂਦੀ ਸੜਕ ਮਾਰਗ ‘ਤੇ ਰੋਜ਼ਾਨਾ ਦੀ ਤਰ੍ਹਾਂ ਨਰੇਗਾ ਸਕੀਮ ਤਹਿਤ ਕੰਮ ਕਰ ਰਹੀਆਂ ਔਰਤਾਂ ਨੂੰ ਤੇਜ਼ ਰਫ਼ਤਾਰ ਸਵਿਫ਼ਟ ਕਾਰ ਪੀਬੀ 11ਸੀਆਰ 8550 ਨੇ ਚਾਰ ਔਰਤਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਦੋ ਮਜ਼ਦੂਰ ਔਰਤਾਂ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਜਸਵੀਰ ਕੌਰ ਪਤਨੀ ਫ਼ੌਜੀ ਹਾਕਮ ਸਿੰਘ ਪਿੰਡ ਲਹਿਲ ਜਦ ਕਿ ਦੂਸਰੀ ਬੁੱਧਾਂ ਕੌਰ ਪਤਨੀ ਬੰਤ ਸਿੰਘ ਵਾਸੀ ਪਿੰਡ ਲਹਿਲ ਵਜੋਂ ਹੋਈ ਹੈ। ਦੋ ਔਰਤਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ ਜੋ ਜੇਰੇ ਇਲਾਜ਼ ਹਨ। ਪਤਾ ਲੱਗਾ ਕਿ ਇਹ ਕਾਰ ਚਾਲਕ ਰਾੜਾ ਸਾਹਿਬ ਤੋਂ ਮਲੌਦ ਸਾਈਡ ਜਾ ਰਿਹਾ ਸੀ ਜਿਸ ਦੀ ਤੇਜ਼ ਰਫ਼ਤਾਰ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ ਹਾਦਸੇ ਵਾਲੀ ਥਾਂ ‘ਤੇ ਥਾਣਾ ਮਲੌਦ ਦੀ ਪੁਲਿਸ ਨੇ ਕਾਰ ਅਤੇ ਚਾਲਕ ਨੂੰ ਲੋਕਾਂ ਦੇ ਸਹਿਯੋਗ ਨਾਲ ਕਾਬੂ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੰਦਭਾਗੀ ਘਟਨਾ ਕਾਰਨ ਪਿੰਡ ਲਹਿਲ ਵਿਚ ਸੋਗ ਦੀ ਲਹਿਰ ਦੌੜ ਗਈ।