ਨਵੀਂ ਦਿੱਲੀ (ਆਈਏਐੱਨਐੱਸ) : ਹਾਰਦਿਕ ਪਾਂਡਿਆ ਦੇ ਜ਼ਖਮੀ ਹੋਣ ਕਾਰਨ ਸੂਰਿਆਕੁਮਾਰ ਯਾਦਵ ਵਿਸ਼ਵ ਕੱਪ ਦੇ ਤੁਰੰਤ ਬਾਅਦ ਆਸਟ੍ਰੇਲੀਆ ਦੇ ਵਿਰੁੱਧ ਹੋਣ ਵਾਲੀ ਟੀ-20 ਸੀਰੀਜ਼ ਵਿਚ ਭਾਰਤੀ ਟੀਮ ਦੀ ਕਮਾਨ ਸੰਭਾਲ ਸਕਦੇ ਹਨ। ਇਹ ਪੰਜ ਮੈਚਾਂ ਦੀ ਸੀਰੀਜ਼ 23 ਨਵੰਬਰ ਤੋਂ ਸ਼ੁਰੂ ਹੋਵੇਗੀ ਜਿਸ ਦਾ ਆਖਰੀ ਮੁਕਾਬਲਾ ਤਿੰਨ ਦਸੰਬਰ ਨੂੰ ਹੈਦਰਾਬਾਦ ਵਿਚ ਖੇਡਿਆ ਜਾਵੇਗਾ। ਰਿਪੋਰਟ ਦੇ ਅਨੁਸਾਰ ਪਾਂਡਿਆ ਵਿਸ਼ਵ ਕੱਪ ਵਿਚ ਜ਼ਖਮੀ ਹੋ ਗਏ ਸੀ ਤੇ ਉਹ ਹੁਣ ਤੱਕ ਸੱਟ ਤੋਂ ਉਭਰ ਨਹੀਂ ਸਕਿਆ ਤੇ ਉਸ ਨੂੰ ਠੀਕ ਹੋਣ ਵਿਚ ਘੱਟ ਤੋਂ ਘੱਟ ਦੋ ਮਹੀਨੇ ਦਾ ਸਮੇਂ ਲੱਗ ਸਕਦਾ ਹੈ। ਅਜਿਹੇ ਵਿਚ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਸੂਰਿਆਕੁਮਾਰ ਨੂੰ ਟੀਮ ਦੀ ਕਮਾਨ ਸੌਂਪ ਸਕਦੀ ਹੈ। ਆਸਟ੍ਰੇਲੀਆ ਦੇ ਵਿਰੁੱਧ ਟੀ-20 ਸੀਰੀਜ਼ ਤੋਂ ਇਲਾਵਾ ਪਾਂਡਿਆ ਦਾ ਦੱਖਣੀ ਅਫਰੀਕਾ ਦੇ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੇ ਤਿੰਨ ਵਨਡੇ ਮੈਚਾਂ ਵਿਚ ਵੀ ਖੇਡਣਾ ਸ਼ੱਕੀ ਹੈ। ਸੂਰਿਆਕੁਮਾਰ ਇਸ ਸਾਲ ਵੈਸਟਇੰਡੀਜ਼ ਵਿਰੁੱਧ ਹੋਈ ਪੰਜ ਮੈਚਾਂ ਦੀ ਟੀ-20 ਸੀਰੀਜ਼ ਵਿਚ ਉਪਕਪਤਾਨ ਦੀ ਭੂਮਿਕਾ ਨਿਭਾਅ ਚੁੱਕਾ ਹੈ। ਇਸ ਤੋਂ ਪਹਿਲਾਂ ਉਸ ਨੇ ਮੁੰਬਈ ਟੀਮ ਤੇ ਭਾਰਤੀ ਅੰਡਰ-23 ਟੀਮ ਦੀ ਵੀ ਅਗਵਾਈ ਕੀਤੀ ਹੈ। ਵਿਸ਼ਵ ਕੱਪ ਤੋਂ ਬਾਅਦ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਵੀ ਕਰਾਰ ਸਮਾਪਤ ਹੋ ਜਾਵੇਗਾ ਤੇ ਰਿਪੋਰਟ ਅਨੁਸਾਰ ਬੀਸੀਬੀਆਈ ਵੀਵੀਐੱਸ ਲਕਸ਼ਮਣ ਨੂੰ ਅਸਥਾਈ ਤੌਰ ’ਤੇ ਜ਼ਿੰਮੇਵਾਰੀ ਸੰਭਾਲਣ ਲਈ ਕਹਿ ਸਕਦਾ ਹੈ। ਉਥੇ ਹੀ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨਸੀਏ) ਦੇ ਸਹਿਯੋਗੀ ਸਟਾਫ ਨੂੰ ਇਸ ਦੌਰਾਨ ਟੀਮ ਦੀ ਦੇਖਰੇਖ ਦਾ ਕਾਰਜ ਸੌਂਪਿਆ ਜਾਵੇਗਾ।