ਜਾਸ, ਰੋਹਤਕ : ਜ਼ਿਲ੍ਹੇ ਦੇ ਪਿੰਡ ਕਬੂਲਪੁਰ ’ਚ ਮੰਗਲਵਾਰ ਨੂੰ ਦਿਲ ਕੰਬਾਉਣ ਵਾਲੀ ਘਟਨਾ ’ਚ ਇਕ ਪਿਤਾ ਨੇ ਆਪਣੇ ਚਾਰ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ। ਜ਼ਹਿਰ ਦੇ ਅਸਰ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ’ਚ 10 ਸਾਲਾ ਲਿਸਿਕਾ, ਸੱਤ ਸਾਲ ਦੀਕਸ਼ਾ ਤੇ 14 ਮਹੀਨੇ ਦੇ ਮਾਸੂਮ ਦੇਵ ਦੀ ਮੌਤ ਹੋ ਗਈ। ਅੱਠ ਸਾਲ ਹਿਨਾ ਨੂੰ ਡਾਕਟਰਾਂ ਨੇ ਖ਼ਤਰੇ ਤੋਂ ਬਾਹਰ ਦੱਸਿਆ ਹੈ, ਪਰ ਉਸ ਨੂੰ ਆਈਸੀਯੂ ’ਚ ਰੱਖਿਆ ਗਿਆ ਹੈ। ਚਾਰ ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਮੁਲਜ਼ਮ ਪਿਤਾ 33 ਸਾਲਾ ਸੁਨੀਲ ਲਾਪਤਾ ਹੈ। ਉਸਨੇ ਫੋਨ ’ਤੇ ਆਪਣੀ ਪਤਨੀ ਨੂੰ ਖ਼ੁਦਕੁਸ਼ੀ ਕਰਨ ਦੀ ਗੱਲ ਕਹੀ ਹੈ। ਇਸ ਤੋਂ ਬਾਅਦ ਤੋਂ ਫੋਨ ਬੰਦ ਆ ਰਿਹਾ ਹੈ। ਪੁਲਿਸ ਉਸਦੀ ਮੋਬਾਈਲ ਲੋਕੇਸ਼ਨ ਨਾਲ ਭਾਲ ਕਰ ਰਹੀ ਹੈ।
ਪੁਲਿਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪੇਸ਼ੇ ਤੋਂ ਫਰਨੀਚਰ ਮਿਸਤਰੀ ਸੁਨੀਲ ਕਮੇਟੀ ਸਿਸਟਮ ’ਚ ਕਾਫ਼ੀ ਰੁਪਏ ਦੀ ਦੇਣਦਾਰੀ ’ਚ ਫਸਿਆ ਸੀ। ਉਹ ਇਨ੍ਹੀਂ ਦਿਨੀਂ ਝੱਜਰ ’ਚ ਇਕ ਫਰਨੀਚਰ ਦੇ ਸ਼ੋਅਰੂਮ ’ਚ ਕੰਮ ਕਰਦਾ ਸੀ। ਮੰਗਲਵਾਰ ਨੂੰ ਸੁਨੀਲ ਸਵੇਰੇ ਕੰਮ ’ਤੇ ਚਲਾ ਗਿਆ ਸੀ, ਪਰ ਦੁਪਹਿਰ ਨੂੰ ਉਸ ਵੇਲੇ ਪਰਤ ਆਇਆ ਜਦੋਂ ਉਸਦੀ ਮਾਂ ਤੇ ਪਤਨੀ ਘਰ ਨਹੀਂ ਸਨ। ਸੁਨੀਲ ਦੀ ਮਾਂ ਕੁਨਬੇ ਦੇ ਲੋਕਾਂ ਨਾਲ ਰਿਸ਼ਤੇਦਾਰੀ ’ਚ ਅਫ਼ਸੋਸ ਕਰਨ ਗਈ ਸੀ। ਉਥੇ ਹੀ ਸੁਮਨ ਪਿੰਡ ਦੇ ਹੀ ਖੇਤਾਂ ’ਚ ਝੋਨੇ ਦੀ ਵਾਢੀ ਕਰਨ ਦਿਹਾੜੀ ’ਤੇ ਗਈ ਸੀ।
ਅੱਠ ਸਾਲ ਦੀ ਧੀ ਮਾਸੂਮ ਭਰਾ ਨੂੰ ਗੋਦੀ ਚੁੱਕ ਕੇ ਭੱਜੀ
ਸੁਨੀਲ ਦੇ ਭਰਾ ਸੁਰਿੰਦਰ ਉਰਫ਼ ਸੁੰਦਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਬਹਾਦੁਰਗੜ੍ਹ ’ਚ ਰਹਿੰਦਾ ਹੈ। ਦੀਵਾਲੀ ’ਤੇ ਪਿੰਡ ਆਇਆ ਹੋਇਆ ਸੀ। ਦੁਪਹਿਰ ਕਰੀਬ ਦੋ ਵਜੇ ਉਹ ਗਲੀ ’ਚ ਸੀ ਤਾਂ ਉਸਦੀ ਭਤੀਜੀ ਹਿਨਾ ਮਾਸੂਮ ਦੇਵ ਨੂੰ ਗੋਦੀ ਚੁੱਕ ਕੇ ਘਰੋਂ ਰੌਲ਼ਾ ਪਾਉਂਦੀ ਬਾਹਰ ਨਿਕਲੀ। ਜਦੋਂ ਉਹ ਅੰਦਰ ਦੇ ਹਾਲਾਤ ਦੱਸ ਰਹੀ ਸੀ ਤਾਂ ਸੁਨੀਲ ਘਰੋਂ ਨਿਕਲ ਕੇ ਦੂਜੀ ਸਾਈਡ ਚਲਾ ਗਿਆ। ਹਿਨਾ ਨੇ ਦੱਸਿਆ ਕਿ ਪਾਪਾ ਨੇ ਉਨ੍ਹਾਂ ਨੂੰ ਕੁਝ ਖਾਣ ਨੂੰ ਦਿੱਤਾ ਸੀ। ਉਸਦੇ ਭਰਾ ਦੇ ਮੂੰਹ ’ਚੋਂ ਝੱਗ ਨਿਕਲ ਰਹੀ ਹੈ। ਸੁਰਿੰਦਰ ਤੋਂ ਬਾਅਦ ਤੁਰੰਤ ਚਾਰਾਂ ਬੱਚਿਆਂ ਨੂੰ ਇਕ ਕਾਰ ’ਚ ਲੈ ਕੇ ਪੀਜੀਆਈ ਪਹੁੰਚ ਗਿਆ। ਇਥੇ ਇਲਾਜ ਦੌਰਾਨ ਡਾਕਟਰਾਂ ਨੇ ਦੇਰ ਸ਼ਾਮ ਤਕ ਤਿੰਨ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ।
ਪਤਨੀ ਨੇ ਲੈਣਦਾਰਾਂ ’ਤੇ ਲਗਾਏ ਦੋਸ਼
ਸੁਮਨ ਨੇ ਦੱਸਿਆ ਕਿ ਉਸਦਾ ਤੇ ਸੁਨੀਲ ਦਾ ਕੋਈ ਝਗੜਾ ਨਹੀਂ ਹੋਇਆ ਸੀ। ਸੁਨੀਲ ਨੇ ਕੁਝ ਲੋਕਾਂ ਤੋਂ ਰਕਮ ਉਧਾਰ ਲਈ ਸੀ। ਉਨ੍ਹਾਂ ਨੂੰ ਹਰ ਮਹੀਨੇ ਤਿੰਨ-ਤਿੰਨ ਹਜ਼ਾਰ ਕਰ ਕੇ ਇਹ ਰਕਮ ਵਾਪਸ ਕਰ ਰਿਹਾ ਸੀ ਪਰ ਉਹ ਲੋਕ ਹਰ ਮਹੀਨੇ ਪੰਜ ਹਜ਼ਾਰ ਰੁਪਏ ਦੇਣ ਦਾ ਦਬਾਅ ਪਾ ਰਹੇ ਸਨ। ਜਦੋਂ ਸੁਨੀਲ ਪੰਜ ਹਜ਼ਾਰ ਰੁਪਏ ਨਹੀਂ ਦੇ ਸਕਿਆ ਤਾਂ ਉਹ ਲੋਕ ਉਨ੍ਹਾਂ ਦੇ ਘਰ ਤੋਂ ਸਾਮਾਨ ਵੀ ਚੁੱਕ ਕੇ ਲੈ ਗਏ। ਇਸ ਤੋਂ ਬਾਅਦ ਤੋਂ ਸੁਨੀਲ ਤਣਾਅ ’ਚ ਸੀ।
ਸਾਲ 2009 ’ਚ ਸੱਤ ਹੱਤਿਆਵਾਂ ਨਾਲ ਚਰਚਾ ’ਚ ਆਇਆ ਸੀ ਕਬੂਲਪੁਰ
ਕਬੂਲਪੁਰ ਪਿੰਡ ’ਚ ਸਾਲ 2009 ’ਚ ਵੀ ਪਰਿਵਾਰ ਦੀ ਆਪਣਿਆਂ ਵੱਲੋਂ ਜਾਨ ਲੈਣ ਦੀ ਘਟਨਾ ਹੋ ਚੁੱਕੀ ਹੈ। ਇਸ ’ਚ ਪਿੰਡ ਦੀ ਇਕ ਲੜਕੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਰਿਵਾਰ ਦੇ ਸੱਤ ਲੋਕਾਂ ਦੀ ਜਾਨ ਲਈ ਸੀ। ਮਰਨ ਵਾਲਿਆਂ ’ਚ ਲੜਕੀ ਦੇ ਪਿਤਾ, ਭਰਾ ਤੇ ਉਨ੍ਹਾਂ ਦੇ ਬੱਚੇ ਸ਼ਾਮਲ ਸਨ। ਇਸ ਕੇਸ ’ਚ ਦੋਸ਼ੀ ਸੋਨਮ ਤੇ ਨਵੀਨ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ, ਪਰ ਸੁਪਰੀਮ ਕੋਰਟ ਨੇ ਫਾਂਸੀ ’ਤੇ ਰੋਕ ਲਗਾਈ ਹੋਈ ਹੈ।


