Skip to content
Tuesday, October 20, 2026 11°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਵੈਨਕੂਵਰ ਵਿਚਾਰ ਮੰਚ ਵੱਲੋਂ ਨੌਜਵਾਨ ਸ਼ਾਇਰ ਸੁਖਪ੍ਰੀਤ ਬਰਾੜ ਦੇ ਸਨਮਾਨ ਵਿੱਚ ਸਾਹਿਤਕ ਮਿਲਣੀ

By Admin Published 3 min read

ਸਰੀ, ਅਕਤੂਬਰ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ (ਰਜਿ.) ਵੱਲੋਂ ਬੀਤੇ ਦਿਨੀਂ ਨੌਜਵਾਨ ਪੰਜਾਬੀ ਸ਼ਾਇਰ ਸੁਖਪ੍ਰੀਤ ਬਰਾੜ ਦੇ ਸਨਮਾਨ ਵਿੱਚ ਲਵਲੀ ਰੈਸਟੋਰੈਂਟ ਸਰੀ ਵਿਖੇ ਇੱਕ ਸਾਹਿਤਕ ਮਿਲਣੀ ਕਰਵਾਈ ਗਈ। ਇਸ ਮੌਕੇ ਹਾਜਰ ਸਾਹਿਤਕਾਰਾਂ ਨੇ ਸੁਖਪ੍ਰੀਤ ਬਰਾੜ ਦੀ ਕਾਵਿਕ ਪ੍ਰਤਿਭਾ ਅਤੇ ਪੰਜਾਬੀ ਸਾਹਿਤ ਪ੍ਰਤੀ ਉਸ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਉਸ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

ਮਿਲਣੀ ਦੌਰਾਨ ਹਾਜਰ ਲੇਖਕਾਂ ਦਾ ਸਵਾਗਤ ਕਰਦਿਆਂ ਮੰਚ ਦੇ ਬੁਲਾਰੇ ਮੋਹਨ ਗਿੱਲ ਨੇ ਦੱਸਿਆ ਕਿ ਸੁਖਪ੍ਰੀਤ ਬਰਾੜ ਪਿਛਲੇ ਡੇਢ ਸਾਲ ਤੋਂ ਸਰੀ ਵਿੱਚ ਰਹਿ ਰਿਹਾ ਹੈ ਅਤੇ ਹੁਣ ਆਉਣ ਵਾਲੇ ਦਿਨਾਂ ਵਿੱਚ ਆਪਣੇ ਵਤਨ ਪੰਜਾਬ ਪਰਤ ਰਿਹਾ ਹੈ। ਇਸ ਸਮੇਂ ਦੌਰਾਨ ਉਸ ਨੇ ਸਰੀ ਅਤੇ ਵੈਨਕੂਵਰ ਇਲਾਕੇ ਦੀਆਂ ਵੱਖ-ਵੱਖ ਸਾਹਿਤਕ ਸਰਗਰਮੀਆਂ ਵਿੱਚ ਸਰਗਰਮੀ ਨਾਲ ਸ਼ਮੂਲੀਅਤ ਕੀਤੀ ਅਤੇ ਆਪਣੀ ਕਾਵਿਕ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਸਾਹਿਤਕ ਮਿਲਣੀਆਂ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਅਤੇ ਸਾਹਿਤਕ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਸੁਖਪ੍ਰੀਤ ਬਰਾੜ ਨੇ ਕਿਹਾ ਕਿ ਪਿਛਲੇ ਡੇਢ ਸਾਲ ਦੌਰਾਨ ਉਸ ਨੂੰ ਸਰੀ ਦੇ ਵੱਖ-ਵੱਖ ਸਾਹਿਤਕ ਸਮਾਗਮਾਂ ਅਤੇ ਲੇਖਕ ਮਿਲਣੀਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਤੋਂ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਸ ਦੇ ਕਹਿਣ ਅਨੁਸਾਰ, ਸਾਹਿਤਕ ਰਚਨਾ ਲੇਖਕ ਦੀ ਸ਼ਖ਼ਸੀਅਤ ਦਾ ਸ਼ੀਸ਼ਾ ਹੁੰਦੀ ਹੈ, ਜਿਸ ਵਿੱਚੋਂ ਉਸ ਦੀ ਸੋਚ, ਸੰਵੇਦਨਾ ਅਤੇ ਜੀਵਨ ਪ੍ਰਤੀ ਨਜ਼ਰੀਆ ਸਪੱਸ਼ਟ ਰੂਪ ਵਿੱਚ ਝਲਕਦਾ ਹੈ। ਉਸ ਨੇ ਕਿਹਾ ਕਿ ਪੰਜਾਬ ਵਿੱਚ ਰਹਿੰਦਿਆਂ ਜਿਨ੍ਹਾਂ ਲੇਖਕਾਂ ਅਤੇ ਸ਼ਾਇਰਾਂ ਨੂੰ ਉਹ ਪੜ੍ਹਦਾ ਤੇ ਸੁਣਦਾ ਰਿਹਾ ਸੀ, ਉਨ੍ਹਾਂ ਨੂੰ ਸਰੀ ਵਿੱਚ ਮਿਲਣਾ ਅਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨਾ ਉਸ ਲਈ ਬੇਹੱਦ ਖ਼ੁਸ਼ੀ ਵਾਲਾ ਅਨੁਭਵ ਰਿਹਾ। ਇੱਥੋਂ ਦੇ ਸਾਹਿਤਕਾਰਾਂ ਨੇ ਉਸ ਨੂੰ ਜਿਸ ਪਿਆਰ, ਸਤਿਕਾਰ ਅਤੇ ਅਪਣੱਤ ਨਾਲ ਨਿਵਾਜਿਆ, ਉਸ ਨੂੰ ਉਹ ਹਮੇਸ਼ਾ ਯਾਦ ਰੱਖੇਗਾ। ਉਸ ਨੇ ਇਹ ਵੀ ਮਹਿਸੂਸ ਕੀਤਾ ਕਿ ਇੱਥੋਂ ਦੀਆਂ ਸਾਹਿਤਕ ਸਰਗਰਮੀਆਂ ਵਿੱਚ ਸ਼ਮੂਲੀਅਤ ਨਾਲ ਉਸ ਦੀ ਕਾਵਿਕ ਪ੍ਰਤਿਭਾ ਵਿੱਚ ਨਿਖਾਰ ਆਇਆ ਹੈ। ਇਸ ਲਈ ਉਸ ਨੇ ਸਰੀ ਦੇ ਸਾਹਿਤਕਾਰਾਂ ਪ੍ਰਤੀ ਡੂੰਘੀ ਸ਼ੁਕਰਗੁਜ਼ਾਰੀ ਦਾ ਪ੍ਰਗਟਾਵਾ ਕੀਤਾ।

ਸੁਖਪ੍ਰੀਤ ਬਰਾੜ ਨਾਲ ਆਪਣੀ ਦੋਸਤੀ ਅਤੇ ਸਾਂਝ ਦਾ ਜ਼ਿਕਰ ਕਰਦਿਆਂ ਜਸਵੀਰ ਭਲੂਰੀਆ ਨੇ ਉਸ ਨੂੰ ਮਿਲਣਸਾਰ, ਸਨੇਹੀ ਅਤੇ ਪ੍ਰਤਿਭਾਸ਼ਾਲੀ ਨੌਜਵਾਨ ਸ਼ਾਇਰ ਦੱਸਿਆ। ਇਸੇ ਤਰ੍ਹਾਂ ਨਿਰੰਜਨ ਲਹਿਲ, ਅੰਗਰੇਜ਼ ਬਰਾੜ ਅਤੇ ਹਰਦਮ ਸਿੰਘ ਮਾਨ ਨੇ ਵੀ ਸੁਖਪਰੀਤ ਦੇ ਸੁਹਿਰਦ ਸੁਭਾਅ, ਮਿਲਾਪੜੇਪਣ ਅਤੇ ਸਾਹਿਤਕ ਰੁਚੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਆਪਣੀ ਸਿਰਜਣਾਤਮਕ ਸਮਰੱਥਾ ਨੂੰ ਹੋਰ ਨਿਖਾਰਦਿਆਂ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾਵੇਗਾ।

ਮਿਲਣੀ ਦੇ ਅੰਤ ਵਿੱਚ ਵੈਨਕੂਵਰ ਵਿਚਾਰ ਮੰਚ ਵੱਲੋਂ ਸੁਖਪ੍ਰੀਤ ਬਰਾੜ ਨੂੰ ਪਲੈਕ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਸ ਦੀ ਵਤਨ ਵਾਪਸੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਹਾਜਰ ਸਾਹਿਤਕਾਰਾਂ ਨੇ ਉਮੀਦ ਜ਼ਾਹਰ ਕੀਤੀ ਕਿ ਸੁਖਪ੍ਰੀਤ ਭਵਿੱਖ ਵਿੱਚ ਵੀ ਪੰਜਾਬੀ ਕਵਿਤਾ ਅਤੇ ਗੀਤਕਾਰੀ ਦੇ ਖੇਤਰ ਵਿੱਚ ਆਪਣੀਆਂ ਸਾਰਥਕ ਤੇ ਨਿੱਗਰ ਰਚਨਾਵਾਂ ਰਾਹੀਂ ਯੋਗਦਾਨ ਪਾਉਂਦਾ ਰਹੇਗਾ ਅਤੇ ਆਪਣੀ ਕਲਮ ਨਾਲ ਪੰਜਾਬੀ ਸਾਹਿਤ ਦੇ ਵਿਹੜੇ ਨੂੰ ਹੋਰ ਰੌਸ਼ਨ ਕਰੇਗਾ। ਇਸ ਸਾਹਿਤਕ ਮਿਲਣੀ ਵਿੱਚ ਸ਼ਾਇਰ ਪਵਨ ਭੰਮੀਆਂ ਅਤੇ ਪਰਮਜੀਤ ਵੀ ਮੌਜੂਦ ਸਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp