Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Health

ਯੋਗਾ ਲੋੜੀਂਦਾ ਜਾਂ ਜੌਗਿੰਗ

By uscreative Published 4 min read

ਇੱਕ ਘੰਟਾ ਯੋਗਾ ਦੇ ਆਸਣਾਂ ਵਿੱਚ ਬੈਠਣ ਨਾਲੋਂ 20 ਮਿੰਟ ਦੀ ਤੇਜ਼ ਦੌੜ ਜਾਂ ਤੇਜ਼ ਕਦਮੀਂ ਸੈਰ ਜ਼ਿਆਦਾ ਲਾਭਕਾਰੀ ਹੈ

ਕਿਹਾ ਜਾਂਦਾ ਹੈ ਕਿ ਯੋਗਾ ਸਰੀਰ ਨੂੰ ਚੁਸਤ ਤੇ ਤੰਦਰੁਸਤ ਰੱਖਣ ਦੀ ਬਹੁਤ ਪ੍ਰਾਚੀਨ ਪ੍ਰਣਾਲੀ ਹੈ ਜੋ ਭਾਰਤ ਦੇ ਰਿਸ਼ੀਆਂ ਮੁਨੀਆਂ ਨੇ ਤਿਆਰ ਕੀਤੀ ਹੈ। ਇਸ ਵਿੱਚ ਵੱਖ ਵੱਖ ਰਿਸ਼ੀਆਂ ਅਤੇ ਯੋਗਾ ਅਚਾਰੀਆਂ ਦੇ ਨਾਮ ਲਏ ਜਾਂਦੇ ਹਨ ਪਰ ਇਸ ਦੇ ਸ਼ੁਰੂ ਹੋਣ ਦਾ ਕੋਈ ਇਤਿਹਾਸਕ ਪ੍ਰਮਾਣ ਨਹੀਂ ਮਿਲਦਾ। ਯੋਗ ਨੂੰ ਹਿੰਦੂ ਧਰਮ ਦੀ ਫਿਲਾਸਫ਼ੀ ਦੇ ਛੇ ਸਤੰਭਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦੇ ਸ਼ਾਬਦਿਕ ਅਰਥਾਂ ਵਿੱਚ ਇੱਕ ਅਰਥ ਤਪੱਸਿਆ ਹੈ ਜਿਸ ਦਾ ਮੂਲ ਰੂਪ ਸਰੀਰ ਨੂੰ ਕਸ਼ਟ ਦੇਣ ਦੀ ਪ੍ਰਕਿਰਿਆ ਹੈ। ਇਸ ਵਿੱਚ ਸਮਾਧੀ, ਸਾਧਨਾ, ਤਿਆਗ ਤੇ ਸੰਨਿਆਸ ਵੀ ਸ਼ਾਮਿਲ ਹਨ। ਇੱਕ ਯੋਗ ਅਭਿਆਸੀ ਵਾਸਤੇ ਸੰਸਾਰਿਕ ਸੁੱਖਾਂ ਤੋਂ ਅਭਿੱਜ ਹੋਣਾ ਪਹਿਲੀ ਸ਼ਰਤ ਹੈ।
ਸਵੇਰੇ ਸਵੱਖਤੇ ਉੱਠਣਾ, ਇਕੱਠਿਆਂ ਬੈਠਣ ਤੇ ਸਰੀਰ ਨੂੰ ਹਿਲਾਉਣ ਦੇ ਜ਼ਰੂਰ ਲਾਭ ਹੋਣਗੇ। ਇਸ ਨਾਲ ਇਨਸਾਨ ਅੰਦਰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਭਾਵਨਾ ਦਾ ਪੈਦਾ ਹੋਣਾ ਵੀ ਲਾਭਕਾਰੀ ਹੁੰਦਾ ਹੈ ਪਰ ਕਈ ਕਾਰਨਾਂ ਕਰਕੇ ਇਸ ਨੂੰ ਕਸਰਤ ਕਰਨ ਦੇ ਅਧੁਨਿਕ ਤੇ ਵਿਗਿਆਨਕ ਤਰੀਕਿਆਂ ਨਾਲੋਂ ਬਿਹਤਰ ਨਹੀਂ ਮੰਨਿਆ ਜਾ ਸਕਦਾ। ਯੋਗਾ ਨੂੰ ਹਜ਼ਾਰਾਂ ਸਾਲ ਪੁਰਾਣੀ ਪ੍ਰਣਾਲੀ ਕਿਹਾ ਜਾਂਦਾ ਹੈ। ਵਿਗਿਆਨਕ ਪੱਖ ਤੋਂ ਇਸ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ। ਇਹ ਠੀਕ ਹੈ ਕਿ ਜੋੜਾਂ ਦੇ ਦਰਦਾਂ ਦੀਆਂ ਬਿਮਾਰੀਆਂ ਵਿੱਚ ਕਸਰਤ ਦਾ ਵੱਡਾ ਮਹੱਤਵ ਹੈ ਪਰ ਇਹ ਕਸਰਤਾਂ ਕਿਸੇ ਡਿਗਰੀ ਪ੍ਰਾਪਤ ਡਾਕਟਰ ਦੀਆਂ ਹਦਾਇਤਾਂ ਅਨੁਸਾਰ ਹੀ ਕਰਨੀਆਂ ਚਾਹੀਦੀਆਂ ਹਨ। ਜਿਵੇਂ ਬਿਨਾਂ ਡਾਕਟਰ ਦੀ ਸਲਾਹ ਤੋਂ ਖਾਣ ਵਾਲੀਆਂ ਗੋਲੀਆਂ ਵੀ ਨੁਕਸਾਨ ਕਰ ਸਕਦੀਆਂ ਹਨ, ਇਸੇ ਤਰ੍ਹਾਂ ਗ਼ਲਤ ਕਸਰਤਾਂ ਵੀ ਫਾਇਦੇ ਦੀ ਬਜਾਇ ਨੁਕਸਾਨ ਕਰ ਸਕਦੀਆਂ ਹਨ।ਸਾਡੇ ਹਸਪਤਾਲਾਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੇ ਵੱਖਰੇ ਡਾਕਟਰ ਹਨ।ਉਹੀ ਇੱਕ ਮਰੀਜ਼ ਨੂੰ ਖ਼ਾਸ ਬਿਮਾਰੀ ਵਾਸਤੇ ਢੁਕਵੀਂ ਕਸਰਤ ਦੱਸ ਸਕਦਾ ਹੈ।ਦੂਜੇ ਪਾਸੇ ਇੱਕ ਅਨਪੜ੍ਹ ਜਾਂ ਘੱਟ ਪੜ੍ਹਿਆ ਬੰਦਾ ਜੋ ਕਿਧਰੋਂ ਮਹੀਨਾ ਜਾਂ ਸਾਲ ਲਾ ਕੇ ਆਪਣੇ ਆਪ ਨੂੰ ਯੋਗਾ ਅਚਾਰੀਆ ਘੋਸ਼ਿਤ ਕਰ ਦਿੰਦਾ ਹੈ, ਉਹ ਕਸਰਤਾਂ ਦੇ ਮਾਮਲੇ ਵਿੱਚ ਨੀਮ ਹਕੀਮ ਹੀ ਹੋ ਸਕਦਾ ਹੈ ਕਿਉਂਕਿ ਉਸ ਨੂੰ ਸਰੀਰ ਦੀ ਬਣਤਰ ਦਾ ਕੋਈ ਗਿਆਨ ਨਹੀਂ ਹੁੰਦਾ ਅਤੇ ਨਾ ਹੀ ਕਸਰਤਾਂ ਦੇ ਵਿਗਿਆਨਕ ਤਰੀਕੇ ਦਾ। ਹੋਰ ਤਾਂ ਹੋਰ ਯੋਗਾ ਦੇ ਆਸਣਾਂ ਵਿੱਚ ਜਿਸ ਤਰ੍ਹਾਂ ਸਰੀਰ ਨੂੰ ਤਰੋੜਿਆ ਮਰੋੜਿਆ ਜਾਂਦਾ ਹੈ, ਇਹ ਸਿਹਤਮੰਦ ਰੁਝਾਨ ਨਹੀਂ। ਮਸ਼ਹੂਰ ਕਿਰਿਆ ‘ਕਪਾਲ ਭਾਰਤੀ’ ਵੀ ਆਂਦਰਾਂ ਦੀ ਇਨਫੈਕਸ਼ਨ ਜਾਂ ਸੋਜਿਸ਼ ਵਿੱਚ ਨੁਕਸਾਨ ਕਰ ਸਕਦੀ ਹੈ। ਸਾਰੀਆਂ ਆਂਦਰਾਂ ਅੰਦਰ ਖਿੱਚ ਕੇ ਰੀੜ੍ਹ ਦੀ ਹੱਡੀ ਨਾਲ ਲਾਉਣਾ ਤੇ ਅੰਦਰ ਖੋਲ੍ਹ ਤਿਆਰ ਕਰ ਲੈਣਾ, ਸਰੀਰ ਨੂੰ ਬੇਲੋੜਾ ਦੁੱਖ ਦੇਣ ਦੀ ਕਿਰਿਆ ਹੈ। ਯੋਗਾ ਦੀਆਂ ਬਹੁਤੀਆਂ ਕਿਰਿਆਵਾਂ ਚੌਂਕੜੀ ਮਾਰ ਕੇ ਬੈਠਣ ਤੋਂ ਸ਼ੁਰੂ ਹੁੰਦੀਆਂ ਹਨ ਜਿਸ ਨੂੰ ਹੁਣ ਡਾਕਟਰ ਵੈਸੇ ਹੀ ਚੰਗੀ ਆਦਤ ਨਹੀਂ ਸਮਝਦੇ।

ਸਭ ਤੋਂ ਅਹਿਮ ਗੱਲ ਕਿ ਯੋਗਾ ਵਿੱਚ ਸਰੀਰ ਗਰਮ ਕਰਨ ਜਾਂ ‘ਵਾਰਮ ਅੱਪ ਹੋਣ’ ਦੀ ਕੋਈ ਧਾਰਨਾ ਨਹੀਂ। ਬਹੁਤੇ ਆਸਣ ਠੰਢੇ ਸਰੀਰ ਨੂੰ ਹੀ ਮਰੋੜਨਾ ਸ਼ੁਰੂ ਕਰ ਦਿੰਦੇ ਹਨ। ਦੂਜੇ ਪਾਸੇ ਜਿੰਮ ਜਾਂ ਹੋਰ ਕਸਰਤਾਂ ਵਿੱਚ ਪਹਿਲਾਂ ਤੇਜ਼ ਚੱਲ ਕੇ ਜਾਂ ਸਾਈਕਲ ਚਲਾ ਕੇ ਸਰੀਰ ਨੂੰ ਗਰਮ ਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਸਕੂਲਾਂ, ਕਾਲਜਾਂ, ਫ਼ੌਜ ਤੇ ਪੁਲੀਸ ਦੀਆਂ ਸਵੇਰ ਦੀਆਂ ਕਸਰਤਾਂ ਵਿੱਚ ਪਹਿਲਾਂ ਦੌੜ ਲਗਵਾਈ ਜਾਂਦੀ ਹੈ ਤੇ ਫਿਰ ਬਾਹਵਾਂ ਉੱਪਰ-ਹੇਠਾਂ ਕਰਕੇ ਇੱਕ-ਦੋ ਤੋਂ ਅੱਠ ਤੇ ਪੁੱਠੀ ਗਿਣਤੀ ਨਾਲ ਅੱਠ ਤੋਂ ਇੱਕ ਵਾਲੀ ਕਸਰਤ ਹੁੰਦੀ ਹੈ ਤੇ ਫਿਰ ਜੰਪ ਲਗਵਾਏ ਜਾਂਦੇ ਹਨ। ਇਸ ਤਰ੍ਹਾਂ ਸਾਹ ਤੇਜ਼ ਹੁੰਦਾ ਹੈ ਤੇ ਸਟੈਮਿਨਾ ਬਣਾਉਣ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਇਨ੍ਹਾ ਨਾਲ ਸਰੀਰ ਅੰਦਰ ਲੋੜੀਂਦੀ ਆਕਸੀਜਨ ਦਾਖਲ ਹੁੰਦੀ ਹੈ। ਇਸੇ ਕਰਕੇ ਇਨ੍ਹਾਂ ਕਸਰਤਾਂ ਨੂੰ ‘ਐਰੋਬਿਕ’ ਅਖਿਆ ਜਾਂਦਾ ਹੈ।

ਮੋਟੇ ਤੌਰ ‘ਤੇ ਯੋਗਾ ਬਹੁਤ ਸੁਸਤ ਤੇ ਮੱਧਮ ਰਫ਼ਤਰ ਨਾਲ ਚੱਲਣ ਵਾਲੀ ਗੁੰਝਲਦਾਰ ਕਿਰਿਆ ਹੈ। ਇਸੇ ਵਾਸਤੇ ਬਹੁਤ ਲੋਕਾਂ ਦਾ ਮੰਨਣਾ ਹੈ ਕਿ ਇੱਕ ਘੰਟਾ ਯੋਗਾ ਦੇ ਆਸਣਾਂ ਵਿੱਚ ਬੈਠਣ ਨਾਲੋਂ 20 ਮਿੰਟ ਦੀ ਤੇਜ਼ ਦੌੜ ਜਾਂ ਤੇਜ਼ ਕਦਮੀਂ ਸੈਰ ਦਾ ਜ਼ਿਆਦਾ ਲਾਭ ਹੈ।ਇਸ ਲਈ ਯੋਗਾ ਨਹੀ ਜੌਗਿੰਗ ਕਰੋ’ਮੈਦਾਨਾ ਵਿੱਚ ਜਾ ਕੇ ਖੇਡੋ। ਜੋ ਲੋਕ ਉਮਰ ਜਾਂ ਬਿਮਾਰੀ ਕਾਰਨ ਚੱਲ ਜਾਂ ਦੌੜ ਨਹੀਂ ਸਕਦੇ, ਉਨ੍ਹਾ ਵਾਸਤੇ ਫਿਜ਼ਿਓਥੈਰੇਪਿਸਟ ਡਾਕਟਰ ਦੀਆਂ ਦੱਸੀਆਂ ਹੋਈਆਂ ਕਸਰਤਾਂ ਹੀ ਲਾਹੇਵੰਦ ਹੋ ਸਕਦੀਆਂ ਹਨ।

ਜਿਸ ਸ਼ਿੱਦਤ ਤੇ ਢੰਗ ਨਾਲ ਭਾਰਤ ਸਰਕਾਰ ਵੱਲੋਂ ਯੋਗਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਇਸ ਤਰ੍ਹਾਂ ਜਾਪਦਾ ਹੈ ਕਿ ਵਿਗਿਆਨ ਦੇ ਮੁਕਾਬਲੇ ਅੰਧਵਿਸ਼ਵਾਸੀ ਧਾਰਨਾਵਾਂ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਯੋਗਾ ਦੀ ਪਹਿਲੀ ਕਾਰਵਾਈ ਚੌਕੜੀ ਮਾਰ ਕੇ ਭਗਤੀ ਦੀ ਮੁਦਰਾ ਵਿੱਚ ਦੋਵੇਂ ਹੱਥ ਗੋਡਿਆਂ ‘ਤੇ ਰੱਖ ਕੇ ‘ਓਮ’ ਦੇ ਉਚਾਰਨ ਨਾਲ ਸ਼ੁਰੂ ਕੀਤੀ ਜਾਂਦੀ ਹੈ। ਯੋਗਾ ਦੇ ਇਸ਼ਤਿਹਾਰਾਂ ਵਿੱਚ ਪ੍ਰਧਾਨ ਮੰਤਰੀ ਨੂੰ ਹਮੇਸ਼ਾਂ ਇਸੇ ਮੁਦਰਾ ਵਿੱਚ ਦਿਖਾਇਆ ਜਾਂਦਾ ਹੈ।ਜਿਸ ਤਰ੍ਹਾਂ ਯੋਗਾ ਦਾ ਜ਼ੋਰ-ਸ਼ੋਰ ਨਾਲ ਹੋ ਰਿਹਾ ਪ੍ਰਚਾਰ ਲੋਕਾਂ ਦੀ ਸਿਹਤ ਪ੍ਰਤੀ ਸਰਕਾਰ ਦੀ ਫ਼ਿਕਰਮੰਦੀ ਨਹੀਂ ਬਲਕਿ ਕਿਸੇ ਇੱਕ ਵਿਚਾਰਧਾਰਾ ਨੂੰ ਲਾਗੂ ਕਰਨ ਦਾ ਇੱਕ ਜ਼ਰੀਆ ਮਾਤਰ ਜਾਪਦਾ ਹੈ।-ਅਭੈ ਸਿੰਘ

ਸੰਪਰਕ: 098783-7590

uscreative Punjab Guardian · Surrey
ਸੰਬੰਧਿਤ ਖ਼ਬਰਾਂ Related Health →
Share on WhatsApp