ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਗਿਲਡਫੋਰਡ ਹਾਈਟਸ ਪਾਰਕ ਵਿੱਚ ਪੱਛਮੀ ਕੈਨੇਡਾ ਦੇ ਪਹਿਲੇ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਦੀ ਸ਼ੁਰੂਆਤ ਕਰਨ ‘ਤੇ ਮਾਣ ਹੈ। ਕੈਨੇਡੀਅਨ ਟਾਇਰ ਜੰਪਸਟਾਰਟ ਚੈਰਟੀਜ਼ (Canadian Tire Jumpstart Charities) ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਇਹ ਮੈਦਾਨ ਬੱਚਿਆਂ, ਪਰਿਵਾਰਾਂ ਅਤੇ ਵਸਨੀਕਾਂ ਲਈ ਆਪਣੇ ਘਰ ਦੇ ਨੇੜੇ ਸੌਕਰ ਖੇਡਣ ਦੇ ਹੋਰ ਮੌਕੇ ਪੈਦਾ ਕਰੇਗਾ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਸੌਕਰ ਲਈ ਇੱਕ ਮਹੱਤਵਪੂਰਨ ਕੇਂਦਰ ਹੈ ਅਤੇ ਇਸ ਖੇਡ ਵਿੱਚ ਭਾਗੀਦਾਰੀ ਲਗਾਤਾਰ ਵੱਧ ਰਹੀ ਹੈ, ਖ਼ਾਸ ਕਰਕੇ ਉਨ੍ਹਾਂ ਪਰਿਵਾਰਾਂ ਵਿੱਚ ਜਿਨ੍ਹਾਂ ਦੇ ਬੱਚੇ ਹੁਣੇ-ਹੁਣੇ ਸੌਕਰ ਖੇਡਣਾ ਸ਼ੁਰੂ ਕਰ ਰਹੇ ਹਨ। ਅਸੀਂ ਉੱਚ-ਗੁਣਵੱਤਾ ਵਾਲੀਆਂ ਸਥਾਨਕ ਖੇਡ ਸਹੂਲਤਾਂ ਤੱਕ ਪਹੁੰਚ ਵਧਾ ਕੇ ਇਸ ਮੰਗ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ ਅਤੇ ਸਾਨੂੰ ਮਾਣ ਹੈ ਕਿ ਅਸੀਂ ਕੈਨੇਡੀਅਨ ਟਾਇਰ ਜੰਪਸਟਾਰਟ ਚੈਰੀਟੀਜ਼ ਨਾਲ ਭਾਈਵਾਲੀ ਕਰਕੇ ਇਹ ਕੀਮਤੀ ਕਮਿਊਨਿਟੀ ਸੰਪਤੀ ਆਪਣੇ ਸ਼ਹਿਰ ਵਿੱਚ ਲਿਆ ਰਹੇ ਹਾਂ।”
ਇਹ ਪ੍ਰੋਜੈਕਟ ਕੈਨੇਡੀਅਨ ਟਾਇਰ ਜੰਪਸਟਾਰਟ ਚੈਰੀਟੀਜ਼ ਦੀ ਉਸ ਪਹਿਲ ਦਾ ਹਿੱਸਾ ਹੈ, ਜਿਸ ਤਹਿਤ 2029 ਤੱਕ ਕੈਨੇਡਾ ਭਰ ਵਿੱਚ 25 ਕਮਿਊਨਿਟੀ ਸੌਕਰ ਪਿੱਚ ਬਣਾਏ ਜਾਣਗੇ। ਨਵਾਂ ਪਿੱਚ ਟਰਫ਼ ਗਰਾਉਂਡ ਹੈ, ਜਿਸ ਦੇ ਆਲੇ-ਦੁਆਲੇ ਸੁਰੱਖਿਅਤ ਚਾਰ – ਦੀਵਾਰੀ ਅਤੇ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਲਾਈਟਾਂ ਲਗਾਈਆਂ ਗਈਆਂ ਹਨ। ਇਹ ਖੁੱਲ੍ਹੇ ਤੌਰ ‘ਤੇ ਵਰਤੋਂ ਅਤੇ ਕਮਿਊਨਿਟੀ ਪ੍ਰੋਗਰਾਮਾਂ ਲਈ ਉਪਲਬਧ ਹੈ ਅਤੇ ਛੋਟੇ ਬੱਚੇ, ਮਨੋਰੰਜਨ ਲਈ ਖੇਡਣ ਵਾਲਿਆਂ ਤੋਂ ਲੈ ਕੇ ਸਥਾਨਕ ਕਲੱਬਾਂ ਤੱਕ ਸਭ ਇਸ ਦੀ ਵਰਤੋਂ ਕਰ ਸਕਣਗੇ। ਪਾਰਕ ਵਿੱਚ ਜੰਪਸਟਾਰਟ ਦੇ ਸਹਿਯੋਗ ਨਾਲ ਸਥਾਪਤ ਕੀਤਾ ਗਿਆ ਇਕੁਇਪ ਸਪੋਰਟ ਲਾਕਰ (Equip Sport Locker) ਫੁੱਟਬਾਲ ਗੇਂਦਾਂ ਮੁਫ਼ਤ ਮੁਹੱਈਆ ਕਰਦਾ ਹੈ, ਜਿਸ ਨਾਲ ਖੇਡ ਵਿੱਚ ਹਿੱਸਾ ਲੈਣ ਲਈ ਰੁਕਾਵਟਾਂ ਹੋਰ ਘੱਟ ਹੁੰਦੀਆਂ ਹਨ ਅਤੇ ਵੱਧ ਲੋਕਾਂ ਨੂੰ ਸ਼ਾਮਲ ਹੋਣ ਲਈ ਉਤਸ਼ਾਹ ਮਿਲਦਾ ਹੈ।
ਕੈਨੇਡੀਅਨ ਟਾਇਰ ਜੰਪਸਟਾਰਟ ਚੈਰੀਟੀਜ਼ ਦੇ ਚੀਫ਼ ਓਪਰੇਟਿੰਗ ਅਫ਼ਸਰ ਸਟੂਅਰਟ ਮੈਕਰੇਨੋਲਡਜ਼ (Stuart McReynolds) ਨੇ ਕਿਹਾ, “ਗਿਲਡਫੋਰਡ ਹਾਈਟਸ ਪਾਰਕ ਵਿੱਚ ਇਹ ਨਵਾਂ ਕਮਿਊਨਿਟੀ ਸੌਕਰ ਪਿੱਚ ਸਰੀ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਘਰ ਦੇ ਨੇੜੇ ਖੇਡਣ, ਆਤਮ-ਵਿਸ਼ਵਾਸ ਬਣਾਉਣ ਅਤੇ ਆਪਣੇ ਭਾਈਚਾਰੇ ਨਾਲ ਜੁੜਨ ਲਈ ਇੱਕ ਸੁਰੱਖਿਅਤ ਅਤੇ ਸੁਆਗਤਯੋਗ ਥਾਂ ਪ੍ਰਦਾਨ ਕਰੇਗਾ। ਸਾਨੂੰ ਸਿਟੀ ਆਫ਼ ਸਰੀ ਨਾਲ ਮਿਲ ਕੇ ਕੰਮ ਕਰਨ ‘ਤੇ ਮਾਣ ਹੈ ਤਾਂ ਜੋ ਅਜਿਹੀ ਥਾਂ ਬਣਾਈ ਜਾ ਸਕੇ ਜੋ ਸਥਾਨਕ ਲੋੜਾਂ ਨੂੰ ਦਰਸਾਉਂਦੀ ਹੋਵੇ ਅਤੇ ਖੇਡਾਂ ਤੱਕ ਪਹੁੰਚ ਨੂੰ ਵਧਾਉਂਦੀ ਹੋਵੇ।”
ਸਰੀ ਦੀਆਂ ਬਾਹਰੀ ਖੇਡਾਂ ਅਤੇ ਐਥਲੈਟਿਕ ਸਹੂਲਤਾਂ ਬਾਰੇ ਹੋਰ ਜਾਣਕਾਰੀ ਲਈ ‘Outdoor Sports & Athletic Facilities | City of Surrey ‘ਤੇ ਜਾਓ।



