ਨਵੀਂ ਦਿੱਲੀ (ਏਜੰਸੀ) : ਇੰਫੋਰਸਟਮੈਂਟ ਡਾਇਰੈਕਟੋਰੇਟ (ਈਡੀ) ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਸਾਬਕਾ ਸੰਸਦ ਮੈਂਬਰ ਈਸ਼ਵਰ ਲਾਲ ਸ਼ੰਕਰ ਲਾਲ ਜੈਨ ਲਲਵਾਨੀ, ਉਸ ਦੇ ਪਰਿਵਾਰ ਤੇ ਸਨਅਤੀ ਗਰੁੱਪ ’ਤੇ ਬੈਂਕ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ 315 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਅਟੈਚ ਕੀਤੀ ਹੈ। ਜਿਨ੍ਹਾਂ ਜਾਇਦਾਦਾਂ ਨੂੰ ਇਸ ਕੇਸ ਵਿਚ ਅਟੈਚ ਕੀਤਾ ਗਿਆ ਹੈ, ਉਨ੍ਹਾਂ ਵਿਚ ਜ਼ਮੀਨੀ ਪਲਾਟ, ਪੌਣ-ਚੱਕੀਆਂ, ਚਾਂਦੀ ਤੇ ਹੀਰਿਆਂ ਦੇ ਗਹਿਣੇ ਅਤੇ ਨਿਵੇਸ਼ ਨਾਲ ਸਬੰਧਤ ਦਸਤਾਵੇਜ਼ ਸ਼ਾਮਲ ਹਨ। ਵਪਾਰੀ ਈਸ਼ਵਰ ਲਾਲ ਲਲਵਾਨੀ ਕਿਸੇ ਸਮੇਂ ਮਹਾਰਾਸ਼ਟਰ ਤੋਂ ਰਾਜ ਸਭਾ ਦਾ ਮੈਂਬਰ ਰਿਹਾ ਹੈ। ਉਹ ਰਾਜਮੱਲ ਲਖੀਚੰਦ ਜਵੈਲਰਜ਼ ਪ੍ਰਾਈਵੇਟ ਲਿਮਟਿਡ, ਆਰਐੱਲ ਗੋਲਡ ਪ੍ਰਾਈਵੇਟ ਲਿਮਟਿਡ ਤੇ ਮਨਰਾਜ ਜਵੈਲਰਜ਼ ਸਣੇ ਕਈ ਫਰਮਾਂ ਦਾ ਮਾਲਕ ਹੈ।
ਈਡੀ ਨੇ ਕਿਹਾ ਹੈ ਕਿ ਲਲਵਾਨੀ ਨੇ ਸਟੇਟ ਬੈਂਕ ਆਫ ਇੰਡੀਆ ਬੈਂਕ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਕੁਲ 315.60 ਕਰੋੜ ਰੁਪਏ ਮੁੱਲ ਦੀ ਪੌਣ-ਚੱਕੀ, ਚਾਂਦੀ ਤੇ ਹੀਰੇ ਦੇ ਗਹਿਣੇ, ਨਿਵੇਸ਼ ਦੇ ਦਸਤਾਵੇਜ਼ ਤੇ ਭਾਰਤੀ ਕਰੰਸੀ ਤੋਂ ਇਲਾਵਾ ਜਲਗਾਓਂ, ਮੁੰਬਈ, ਠਾਣੇ, ਸਿਲੋਡ ਤੇ ਕੱਛ (ਗੁਜਰਾਤ) ਵਿਚ 70 ਅਚੱਲ ਜਾਇਦਾਦਾਂ ਕੇਸ ਵਿਚ ਅਟੈਚ ਕਰਨ ਲਈ ਸ਼ੁੱਕਰਵਾਰ ਨੂੰ ਆਰਜ਼ੀ ਹੁਕਮ ਜਾਰੀ ਕੀਤਾ ਸੀ। ਇਹ ਆਰਜ਼ੀ ਹੁਕਮ ਮਨੀ ਲਾਂਡਿ੍ਰੰਗ ਰੋਕਥਾਮ ਕਾਨੂੰਨ (ਪੀਐੱਮਐੱਲਏ) ਤਹਿਤ ਜਾਰੀ ਕੀਤਾ ਗਿਆ ਸੀ। ਏਜੰਸੀ ਨੇ ਦੋਸ਼ ਲਾਇਆ ਹੈ ਕਿ ਅਟੈਚ ਕੀਤੀਆਂ ਜਾਇਦਾਦਾਂ ਵਿਚ ਈਸ਼ਵਰ ਲਾਲ ਸ਼ੰਕਰ ਲਾਲਾ ਜੈਨ ਲਲਵਾਨੀ, ਮਨੀਸ਼ ਜੈਨ ਲਲਵਾਨੀ ਤੇ ਹੋਰਨਾਂ ਵੱਲੋਂ ਖ਼ਰੀਦੀਆਂ ਬੇ-ਨਾਮ ਜਾਇਦਾਦਾਂ ਵੀ ਹਨ।
ਪੀਐੱਮਐੱਲਏ ਦਾ ਇਹ ਮਾਮਲਾ ਸੀਬੀਆਈ ਵੱਲੋਂ ਦਰਜ ਤਿੰਨ ਐੱਫਆਈਆਰਜ਼ ਨਾਲ ਸਬੰਧਤ ਹੈ, ਜਿਨ੍ਹਾਂ ਵਿਚ ਸਾਫ਼ ਤੌਰ ’ਤੇ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਕੰਪਨੀਆਂ ਤੇ ਇਨ੍ਹਾਂ ਦੇ ਡਾਇਰੈਕਟਰ/ਪਰਮੋਟਰ ਨੇ ਭਾਰਤੀ ਸਟੇਟ ਬੈਂਕ ਨੂੰ ਗ਼ਲਤ ਤਰੀਕੇ ਨਾਲ 352.49 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਹੈ। ਈਡੀ ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਵਪਾਰੀਆਂ ਨੇ ਕਰਜ਼ਾ ਲੈਣ ਵੇਲੇ ਗ਼ਲਤ ਤੇ ਫਰਜ਼ੀ ਵਿੱਤੀ ਜਾਣਕਾਰੀਆਂ ਦਿੱਤੀਆਂ ਸਨ। ਏਜੰਸੀ ਨੇ ਇਸ ਮਾਮਲੇ ਵਿਚ ਅਗਸਤ ਮਹੀਨੇ ਦੌਰਾਨ ਛਾਪਾਮਾਰੀ ਕੀਤੀ ਸੀ। ਈਡੀ ਨੇ ਉਦੋਂ ਦਾਅਵਾ ਕੀਤਾ ਸੀ ਕਿ ਮੁੱਖ ਹੋਲਡਿੰਗ ਕੰਪਨੀ ‘ਰਾਜਮਲ ਲਖੀਚੰਦ ਜਲਗਾਓਂ ਪਾਰਟਨਰਸ਼ਿਪ’ ਦੇ ਵਹੀ ਖਾਤਿਆਂ ਵਿਚ ਫਰਜ਼ੀ ਲੈਣ-ਦੇਣ ਵਰਗੀ ਕੁਤਾਹੀ ਪਾਈ ਗਈ ਹੈ।



