ਵੀਰਪਾਲ ਭਗਤਾ, ਭਗਤਾ ਭਾਈਕਾ
ਸਬ ਡਵੀਜ਼ਨ ਭਗਤਾ ਭਾਈਕਾ ਵਿਖੇ ਸਾਂਝੇ ਫੋਰਮ ਦੇ ਸੱਦੇ ‘ਤੇ ਐਸਮਾ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਪ੍ਰਤੀ ਤਾਨਾਸ਼ਾਹੀ ਰਵੱਈਆਂ ਅਪਨਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਮੰਗਾਂ ਮਸਲੇ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਰੋਸ ਪ੍ਰਗਟ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਬਕਾਏ ਦੇਣ ਤੋਂ ਟਾਲ ਮਟੋਲ ਕਰਕੇ ਭੱਤਿਆਂ ਵਿਚ ਕਟੌਤੀ ਕੀਤੀ ਜਾ ਰਹੀ ਹੈ, ਜਿਸ ਕਰਕੇ ਮੁਲਾਜ਼ਮਾਂ ਵਿਚ ਰੋਹ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੋ ਵੀ ਸਾਂਝੇ ਫੋਰਮ ਪੀਐਸਪੀਸੀਐਲ ਵੱਲੋਂ ਪੋ੍ਗਰਾਮ ਆਵੇਗਾ ਉਸ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ। ਰੈਲੀ ਨੂੰ ਬਿਨੋਦ ਸਿੰਘ ਖਾਲਸਾ ਸਬ ਡਵੀਜਨ ਪ੍ਰਧਾਨ, ਅਮਨਦੀਪ ਸਿੰਘ ਸੱਕਤਰ, ਹਰਜਿੰਦਰ ਸਿੰਘ ਡਵੀਜ਼ਨ ਪ੍ਰਧਾਨ, ਕਮਲਦੀਪ ਸਿੰਘ ਭਾਈਰੂਪਾ, ਸੇਵਕ ਸਿੰਘ ਕੈਸ਼ੀਅਰ ਗੁਰਮੇਲ ਸਿੰਘ ਮੀਤ ਪ੍ਰਧਾਨ ਸਬ ਡਵੀਜਨ ਭਗਤਾ ਦੇ ਵਿਚਾਰ ਰੱਖੇ।



