Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Editorial

ਭਾਈ ਘਨੱਈਆ ਜੀ ਬਨਾਮ ਸਿੱਖੀ ਸਿਧਾਂਤ…

By uscreative Published 5 min read

*ਜਸਪਾਲ ਸਿੰਘ ਹੇਰਾਂ

ਸੇਵਾ ਸਿੱਖੀ ਦਾ ਪਹਿਲਾ, ਸੁਨਿਹਰਾ ਅਤੇ ਸਿੱਖੀ ਦਾ ਬੁਨਿਆਦੀ ਸਿਧਾਂਤ ਹੈ ਅਤੇ ਇਸ ਦੇ ਨਾਲ ਹੀ ”ਕੋਇ ਨਾ ਦਿਸੈ ਬਾਹਿਰਾ ਜੀਓ” ਤੇ ‘ਸਰਬੱਤ ਦਾ ਭਲਾ’ ਮੰਗਣਾ ਸਿੱਖੀ ਦੇ ਸੱਚੇ ਮਾਨਵਤਾਵਾਦੀ ਸਿਧਾਂਤ ਹਨ, ਜਿਹੜੇ ਸਿੱਖੀ ਦੀ ਵਿਲੱਖਣਤਾ ਦੇ ਪ੍ਰਤੀਕ ਹਨ। ਸਿੱਖ ਕੌਮ ਜਿਹੜੀ ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਅੱਖਾਂ ਮੀਚੀ ਬੈਠੀ ਹੈ ਅਤੇ ਜਿਸ ਮੁਕਾਮ ਦੀ ਅਸੀਂ ਬਹੁਤ ਸਮਾਂ ਪਹਿਲਾ ਪ੍ਰਾਪਤੀ ਕਰ ਚੁੱਕੇ ਹਾਂ, ਉਸ ਮੁਕਾਮ ਨੂੰ ਵੀ ‘ਗੈਰਾਂ’ ਹੱਥ ਗੁਆ ਕੇ, ਦੜ ਵੱਟੀ ਬੈਠੇ ਹਾਂ। 20 ਸਤੰਬਰ ਨੂੰ ‘ਰੈੱਡਕਰਾਸ ਦਿਵਸ’ ਮਨਾਇਆ ਜਾਂਦਾ ਹੈ, ਮਾਨਵਤਾ ਦੀ ਭਲਾਈ ਦੇ ਇਸ ਦਿਵਸ ਦੀ ਸ਼ੁਰੂਆਤ 1883 ਈਸਵੀਂ ‘ਚ ਹੋਈ ਸੀ, ਇਸ ਦਿਨ ਨੂੰ ਮਨੁੱਖਤਾ ਦੀ ਸੇਵਾ ਦੇ ਦਿਵਸ ਵਜੋਂ ਉਸ ਦਿਨ ਤੋਂ ਹੀ ‘ਰੈਡ ਕਰਾਸ ਦਿਵਸ’ ਦੇ ਨਾਮ ਥੱਲੇ ਮਨਾਇਆ ਜਾਂਦਾ ਹੈ। ਪ੍ਰੰਤੂ ਸਿੱਖ ਪੰਥ ਜਿਸਦੀ ਸਥਾਪਨਾ ਹੀ ਮਾਨਵਤਾ ਵੀ ਸੇਵਾ ਤੇ ਸਰਬੱਤ ਦੇ ਭਲੇ ਲਈ ਹੋਈ ਸੀ, ਇਸ ਪੰਥ ਦੇ ਮਹਾਨ ਸੇਵਾਦਾਰ ਭਾਈ ਘਨਈਆ ਜੀ ਨੇ ਮਾਨਵਤਾ ਦੀ ਸੇਵਾ ਦਾ ਜਿਹੜਾ ਸੰਦੇਸ਼ ਦਿੱਤਾ ਸੀ ਅਤੇ ਕਲਗੀਧਰ ਪਿਤਾ ਦੀ �ਿਪਾ ਤੇ ਅਗਵਾਈ ਥੱਲੇ ਜਿਸ ਤਰਾਂ ਦੀ ਉਦਾਹਰਣ ਦੁਨੀਆ ਸਾਹਮਣੇ ਪੇਸ਼ ਕੀਤੀ ਸੀ, ਉਹ ਹਕੀਕੀ ਰੂਪ ‘ਚ ਰੈਡਕਰਾਸ ਦੀ ਬੁਨਿਆਦ ਹੈ। ਅੱਜ ਦੇ ਰੈਡਕਰਾਸ ਦੇ ਜਨਮ ਤੋਂ 158 ਵਰੇ ਪਹਿਲਾ ਭਾਈ ਘਨਈਆ ਜੀ ਨੇ 1705 ਈਸਵੀਂ ‘ਚ ਕਿਲਾ ਆਨੰਦਗੜ ਵਿਖੇ ਹੋਏ ਯੁੱਧਾਂ ‘ਚ ਆਪਣਿਆਂ ਤੇ ਦੁਸ਼ਮਣਾਂ ਦੇ ਭੇਦ-ਭਾਵ ਤੋਂ ਬਿਨਾਂ ਹਰ ਜਖ਼ਮੀ ਨੂੰ ਪਾਣੀ ਪਿਲਾਇਆ, ਸ਼ਕਾਇਤ ਹੋਣ ਤੇ ਗੁਰੂ ਜੀ ਨੂੰ ਜਵਾਬ ਦਿੱਤਾ ਕਿ ‘ਮੈਨੂੰ ਤਾਂ ਹਰ ਸਖ਼ਸ ‘ਚੋਂ ਤੁਹਾਡਾ ਚਿਹਰਾ ਹੀ ਦਿਖਾਈ ਦਿੰਦਾ ਹੈ’ ਤੇ ਬਦਲੇ ‘ਚ ਹਰ ਜਖ਼ਮੀ ਨੂੰ ਮੱਲਮ ਲਾਉਣ ਦੀ ਸੇਵਾ ਵੀ ਪ੍ਰਾਪਤ ਕੀਤੀ ਸੀ।

ਭਾਈ ਘਨਈਆ ਜੀ ਨੇ ਜਿਸ ਤਰਾਂ ਜੰਗ ਦੇ ਮੈਦਾਨ ‘ਚ ਆਪਣਿਆਂ ਤੇ ਦੁਸ਼ਮਣਾਂ ਦੀ ਬਿਨਾਂ ਕਿਸੇ ਭੇਦ-ਭਾਵ ਤੋਂ ਸੇਵਾ ਕੀਤੀ। ਇਹ ਮਹਾਨ ਮਾਨਵਤਾਵਾਦੀ ਘਟਨਾ ਅਸਲ ‘ਚ ਰੈਡਕਰਾਸ ਦੀ ਜਨਮਦਾਤੀ ਹੈ ਅਤੇ ਸਿੱਖ ਧਰਮ ‘ਚ ਸੇਵਾ ਦੀ ਮਹਾਨਤਾ ਦਾ ਜਿਹੜਾ ਪਾਠ ਪੜਾਇਆ ਜਾਂਦਾ ਹੈ, ਉਸਦਾ ਸਮੁੱਚੀ ਦੁਨੀਆ ਨੂੰ ਦਿੱਤਾ ਗਿਆ, ਸਭ ਤੋਂ ਵੱਡਾ ਸਬਕ ਹੈ। ਅਸੀਂ ਇਸ ਤੋਂ ਪਹਿਲਾ ਵੀ ਕਈ ਵਾਰ ਲਿਖਿਆ ਹੈ ਕਿ ਸਿੱਖ ਧਰਮ ਦੁਨੀਆ ਦਾ ਉਹ ਮਹਾਨ ਧਰਮ ਹੈ, ਜਿਹੜਾ ਵਿਸ਼ਵ ਧਰਮ ਬਣਨ ਦੀ ਸੱਚਮੁੱਚੀ ਸਮਰੱਥਾ ਰੱਖਦਾ ਹੈ, ਕਿਉਂਕਿ ਸਿੱਖੀ ਸਿਧਾਂਤ, ਮਾਨਵਤਾ ਲਈ ਹਰ ਖੇਤਰ ‘ਚ ਅਜਿਹੇ ਚਾਨਣ ਮੁਨਾਰੇ ਹਨ, ਜਿਹੜੇ ਸਮੁੱਚੇ ਵਿਸ਼ਵ ‘ਚੋਂ ਕਲੇਸ਼, ਈਰਖਾ, ਹੳੂਮੈ ਦੀ ਲੜਾਈ ਨੂੰ ਖ਼ਤਮ ਕਰਨ ਅਤੇ ਵਿਸ਼ਵ ‘ਚ ਅਮਨ ਦੀ ਬਹਾਲੀ ਤੇ ਮਨੁੱਖੀ ਬਰਾਬਰੀ ਲਈ ਗਿਆਨ ਦਾ ਪ੍ਰਕਾਸ਼ ਵੰਡ ਸਕਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਾਨਵਤਾ ਨੂੰ ਸੱਚ ਦੇ ਮਾਰਗ ਤੇ ਤੋਰਨ ਲਈ ਸਭ ਤੋਂ ਵੱਡੇ ਪ੍ਰੇਰਨਾ ਸਰੋਤ ਹਨ। ਪ੍ਰੰਤੂ ਸਿੱਖ ਕੌਮ ਐਨੀ ਵੱਡੀ ਪ੍ਰਾਪਤੀ ਵੱਲ ਤੁਰਨ ਦੀ ਥਾਂ, ਇਕ ਦੂਜੇ ਦੀਆਂ ਪੱਗਾਂ ਲਾਹੁੰਣ ਅਤੇ ਲੱਤਾਂ ਖਿੱਚਣ ਤੱਕ ‘ਮਹਿਦੂਦ’ ਹੋ ਕੇ ਰਹਿ ਗਈ ਹੈ। ਪਦਾਰਥਵਾਦ ਦੀ ਭੁੱਖ ਤੇ ਸੱਤਾ ਲਾਲਸਾ ਨੇ ਸਾਨੂੰ ਐਨੇ ਸੁਆਰਥੀ ਬਣਾ ਦਿੱਤਾ ਹੈ ਕਿ ਅਸੀਂ ਸਿੱਖੀ ਤੇ ਗੌਰਵ ਕਰਨ ਦੀ ਥਾਂ, ਸਿੱਖੀ ਨੂੰ ਖੋਰਾ ਲਾਉਣ ਤੇ, ਪਿੱਠ ਦੇਣ ਵਾਲਿਆਂ ਦੇ ਸਾਥੀ ਬਣ ਬੈਠੇ ਹਾਂ। ਬਹਾਦਰੀ, ਸ਼ਹੀਦੀਆਂ, ਕੁਰਬਾਨੀਆਂ, ਤਿਆਗ, ਦ੍ਰਿੜਤਾ, ਆਡੋਲਤਾ, ਗੁਰੂ ਨੂੰ ਸਮਰਪਿਤ ਭਾਵਨਾ ‘ਚ ਇਤਿਹਾਸ ਸਿਰਜਣ ਵਾਲੀ ਕੌਮ, ਜਿਸਦੇ ਹੈਰਤ ਭਰੇ ਇਤਿਹਾਸ ਦਾ ਸਮੁੱਚੀ ਦੁਨੀਆ ਨੇ ਲੋਹਾ ਮੰਨਣਾ ਸੀ, ਅਸੀਂ ਉਸ ਸ਼ਾਨਾਮੱਤੇ ਇਤਿਹਾਸ ਨੂੰ ਦੁਨੀਆ ਤੱਕ ਲੈ ਕੇ ਜਾਣ ਦੇ ਤਾਂ ਕੀ ਯੋਗ ਹੋਣਾ ਸੀ ਆਪਣੇ ਇਤਿਹਾਸ ਦੀ ਰਾਖੀ ਕਰਨ ਦੇ ਵੀ ਸਮਰੱਥ ਨਹੀਂ ਰਹੇ।
ਅੱਜ ਸਿੱਖ ਵਿਰੋਧੀ ਤਾਕਤਾਂ ਸਿੱਖ ਇਤਿਹਾਸ ਨਾਲ ਖਿਲਵਾੜ ਕਰ ਰਹੀਆਂ ਹਨ, ਇਤਿਹਾਸ ਨੂੰ ਜਾਣਬੁੱਝ ਕੇ ਤਰੋੜਿਆ-ਮਰੋੜਿਆ ਜਾ ਰਿਹਾ ਹੈ, ਪ੍ਰੰਤੂ ਸਾਡੇ ਤਾਂ ਕੰਨਾਂ ਤੇ ਜੂੰਅ ਨਹੀਂ ਸਰਕਦੀ, ਸਗੋਂ ਗੈਰਾਂ ਦੀ ਝੋਲੀ ਪੈ ਚੁੱਕੇ ਸਾਡੇ ਆਗੂ, ਦੁਸ਼ਮਣਾਂ ਦੀਆਂ ਕਾਰਵਾਈਆਂ ਦੇ ਵਿਰੋਧ ਦੀ ਥਾਂ, ਉਲਟਾ ਉਨਾਂ ਦੀ ਪਿੱਠ ਥਾਪੜ ਰਹੇ ਹਨ। ਅਸੀਂ ਚਾਹੁੰਦੇ ਹਾਂ ਕਿ ਰੈਡਕਰਾਸ ਦੇ ਜਨਮਦਾਤੇ ਵਜੋਂ ਭਾਈ ਘਨਈਆ ਜੀ ਦਾ ਨਾਮ ਵਿਸ਼ਵ ‘ਚ ਜਾਣਿਆ ਜਾਵੇ ਅਤੇ ਵਿਸ਼ਵ ਰੈਡ ਕਰਾਸ ਦੀ ਸੰਸਥਾ, ਇਸਨੂੰ ਖ਼ੁਦ ਪ੍ਰਵਾਨ ਕਰੇ। ਇਹ ਤਦ ਹੀ ਸੰਭਵ ਹੋਵੇਗਾ, ਜੇ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ, ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਸਮੇਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਖ਼ਾਸ ਕਰਕੇ ਵਿਦੇਸ਼ਾਂ ‘ਚ ਕੰਮ ਕਰ ਰਹੀਆਂ, ਸਿੱਖ ਸੰਸਥਾਵਾਂ ਇਸ ਸੱਚਾਈ ਦਾ ਡੱਟਵਾ ਹੋਕਾ ਦੇਣ ਅਤੇ ਯੂ. ਐਨ. ਓ. ਤੋਂ ਮੰਗ ਕੀਤੀ ਜਾਵੇ ਕਿ ਉਹ ਭਾਈ ਘਨਈਆ ਜੀ ਨੂੰ ਰੈਡ ਕਰਾਸ ਦਾ ਜਨਮ ਦਾਤਾ ਪ੍ਰਵਾਨ ਕਰੇ। ਇਸ ਲਈ ਚੰਗਾ ਹੋਵੇ ਜੇ ਇਕ ਸਾਂਝੀ ਲਹਿਰ ਆਰੰਭੀ ਜਾਵੇ ਅਤੇ 20 ਸਤੰਬਰ ਨੂੰ ਵਿਸ਼ਵ ‘ਚ ਹਰ ਥਾਂ ਇਸ ਤਰਾਂ ਦੀ ਮੰਗ ਕਰਦੇ ਵਿਖਾਵੇ ਕੀਤੇ ਜਾਣ ਅਤੇ ਉਸ ਤੋਂ ਪਹਿਲਾ ਵਿਸ਼ਵ ਪੱਧਰ ਤੇ ਵੱਖ-ਵੱਖ ਮੰਚਾਂ ਰਾਹੀਂ ਅਜਿਹੀ ਚਰਚਾ ਛੇੜੀ ਜਾਵੇ ਅਤੇ ਦੁਨੀਆ ਸਾਹਮਣੇ ਤੱਥ ਪੇਸ਼ ਕੀਤੇ ਜਾਣ ਕਿ ਸਿੱਖ ਧਰਮ ਮਾਨਵਤਾ ਦੀ ਭਲਾਈ, ਮਾਨਵਤਾ ਦੀ ਸੇਵਾ ਤੇ ਸਰਬੱਤ ਦੇ ਭਲੇ ਦਾ ਨਾਅਰਾ ਹੀ ਦਿੰਦਾ, ਸਗੋਂ ਇਸ ਤੇ ਹਰ ਸਥਿਤੀ ਤੇ ਹਰ ਸਮੇਂ ‘ਚ ਪੂਰਾ-ਪੂਰਾ ਵੀ ਉਤਰਦਾ ਹੈ, ਜਿਸਦੀ ਸਭ ਤੋਂ ਵੱਡੀ ਉਦਾਹਰਣ 1705 ਈਸਵੀਂ ‘ਚ ਭਾਈ ਘਨਈਆ ਜੀ ਨੇ ਬਿਨਾਂ ਕਿਸੇ ਵੈਰ-ਵਿਰੋਧ, ਭਿੰਨ-ਭੇਦ ਤੋਂ ਆਪਣਿਆ ਤੇ ਦੁਸ਼ਮਣ ਨੂੰ ਇਕ ਸਮਝ ਕੇ ਕੀਤੀ ਸੇਵਾ ਨਾਲ ਰੈਡਕਰਾਸ ਦੀ ਸਥਾਪਨਾ ਕਰਕੇ ਪੇਸ਼ ਕੀਤੀ ਸੀ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Editorial →
Share on WhatsApp