ਸਰਵਣ ਸਿੰਘ ਭੰਗਲਾਂ, ਸਮਰਾਲਾ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਕੀਤੀ ਹੈ ਕਿ ਸਰਕਾਰ ਦੇ ਸਿੱਖਿਆ ਮੰਤਰੀ ਦੇ ਰਵੱਈਏ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੀ ਪੰਜਾਬ ਦੀ ਧੀ ਵੱਲੋਂ ਸੁਸਾਈਡ ਨੋਟ ‘ਚ ਮੰਤਰੀ ਦਾ ਨਾਮ ਲਿਖ ਕੇ ਖੁਦਕੁਸ਼ੀ ਕਰਨਾ ਸਾਡੇ ਪੰਜਾਬ ਦੇ ਸਿੱਖਿਆ ਵਿਭਾਗ ਲਈ ਵੀ ਬੜੇ ਨਿਘਾਰ ਵਾਲੀ ਗੱਲ ਹੈ।

ਸਮਾਜ ਦੀ ਸਿਰਜਣਾ ਕਰਨ ਵਾਲੇ ਅਧਿਆਪਕਾਂ ਨੂੰ ਸੜਕਾਂ ‘ਤੇ ਰੋਲਣ ਵਾਲੀ ਸਰਕਾਰ ਨੇ ਸਿੱਖਿਆ ਦੇ ਖੇਤਰ ‘ਚ ਇੰਕਲਾਬ ਲਿਆਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸੀ ਜੋ ਅਜੇ ਵੀ ਹਵਾ ‘ਚ ਲਟਕ ਰਹੇ ਹਨ। ਡੱਲੇਵਾਲ ਨੇ ਕਿਹਾ ਜੇਕਰ ਮੁੱਖ ਮੰਤਰੀ ਇਨਸਾਫ ਪਸੰਦ ਤੇ ਬਿਲਕੁਲ ਨਿਰਪੱਖ ਹਨ ਤਾਂ ਉਨ੍ਹਾਂ ਨੂੰ ਉਸ ਬੇਕਸੂਰ ਧੀ ਦੇ ਪਰਿਵਾਰ ਨਾਲ ਵੀ ਇਨਸਾਫ ਕਰਨਾ ਚਾਹੀਦਾ ਹੈ ਤੇ ਸਾਰਿਆਂ ਨੂੰ ਤੱਕੜੀ ਦੇ ਇੱਕੋ ਪਲੜੇ ਨਾਲ ਤੋਲਦੇ ਹੋਏ ਸਿੱਖਿਆ ਮੰਤਰੀ ‘ਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਪਰਚਾ ਦਰਜ ਕਰ ਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਉਸ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਾ ਚਾਹੀਦਾ ਹੈ।

ਜੇਕਰ ਸਰਕਾਰ ਸਹੀ ਇਨਸਾਫ਼ ਨਹੀਂ ਕਰਦੀ ਤਾਂ ਸੂਬੇ ਦੀ ਜਨਤਾ ਬਦਲਾਅ ਲਿਆਉਣ ਦੇ ਦਾਅਵੇ ਕਰਨ ਵਾਲੀ ਇਸ ਸਰਕਾਰ ‘ਤੇ ਮੁੜ ਭਰੋਸਾ ਕਦੇ ਨਹੀਂ ਕਰੇਗੀ।