ਸਟਾਫ ਰਿਪੋਰਟਰ, ਖੰਨਾ : ਖੰਨਾ ‘ਚ ਜਨਮ ਤੋਂ ਬਾਅਦ ਕਲਯੁਗੀ ਮਾਪਿਆਂ ਨੇ ਨਵਜੰਮੀ ਬੱਚੀ ਨੂੰ ਸੁੱਟ ਦਿੱਤਾ, ਜਿਸ ਦੀ ਲਾਸ਼ ਨੂੰ ਪਿੰਡ ਭਾਦਲਾ ‘ਚ ਕੁੱਤਿਆਂ ਵੱਲੋਂ ਨੋਚਿਆ ਜਾ ਰਿਹਾ ਸੀ। ਜਦੋਂ ਲੋਕਾਂ ਨੇ ਇਹ ਦੇਖਿਆ ਤਾਂ ਉਨ੍ਹਾਂ ਤੁਰੰਤ ਪੁਲਿਸ ਨੂੰ ਫੋਨ ਕੀਤਾ। ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਭਾਦਲਾ ‘ਚ ਇਕ ਨਵਜੰਮੀ ਬੱਚੀ ਦੀ ਲਾਸ਼ ਨੂੰ ਕੁੱਤੇ ਨੋਚ ਰਹੇ ਸਨ। ਲੋਕਾਂ ਨੇ ਇਸ ਦੀ ਸੂਚਨਾ ਸਦਰ ਥਾਣਾ ਨੂੰ ਦਿੱਤੀ।

ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੇ ਐੱਸਐੱਚਓ ਹਰਦੀਪ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਸਿਵਲ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਸੱਦੀ ਗਈ। ਇਸ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ। ਪੁਲਿਸ ਆਂਗਣਵਾੜੀ ਵਰਕਰਾਂ ਤੇ ਹਸਪਤਾਲਾਂ ਤੋਂ ਰਿਕਾਰਡ ਹਾਸਲ ਕਰੇਗੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤੇਜ਼ੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਨਵਜੰਮੀ ਬੱਚੀ ਦੀ ਹੱਤਿਆ ਕਰਨ ਵਾਲਿਆਂ ਦਾ ਪਤਾ ਲਗਾਉਣ ਲਈ ਆਂਗਣਵਾੜੀ ਵਰਕਰਾਂ ਤੋਂ ਹਾਲ ਹੀ ‘ਚ ਹੋਈਆਂ ਮਾਵਾਂ ਤੇ ਹਸਪਤਾਲਾਂ ਤੋਂ ਜਣੇਪੇ ਦਾ ਰਿਕਾਰਡ ਇਕੱਠਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਇਲਾਕੇ ਦੇ ਸੀਸੀਟੀਵੀ ਵੀ ਜਾਂਚ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਬੱਚੀ ਦੀ ਲਾਸ਼ ਨੂੰ ਇੱਥੇ ਕਿਸ ਨੇ ਸੁੱਟਿਆ। ਐੱਸਐੱਚਓ ਹਰਦੀਪ ਸਿੰਘ ਨੇ ਕਿਹਾ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।