Skip to content
Monday, November 2, 2026 10°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਪੰਜਾਬੀ ਫ਼ਿਲਮਾਂ ਵਿੱਚ ਨਵਾਂ ਹਸਤਾਖਰ

By Admin Published 3 min read

ਪੰਜਾਬੀ ਫ਼ਿਲਮ ਇੰਡਸਟਰੀ ਨੂੰ ਪੰਜਾਬੀ ਫ਼ਿਲਮ ‘ਉਡੀਕ’ ਜ਼ਰੀਏ ਇੱਕ ਨਵਾਂ ਅਦਾਕਾਰ ਮਿਲਣ ਜਾ ਰਿਹਾ ਹੈ। ਇਸ ਅਦਾਕਾਰ ਦਾ ਨਾਂ ਹੈ ਅਰਸ਼ ਚਾਵਲਾ। ਪੰਜਾਬ ਦਾ ਜੰਮਪਲ ਤੇ ਕੈਨੇਡਾ ਵਿੱਚ ਰਹਿ ਰਿਹਾ ਇਹ ਅਦਾਕਾਰ ‘ਉਡੀਕ’ ਫ਼ਿਲਮ ਵਿੱਚ ਬਤੌਰ ਹੀਰੋ ਨਜ਼ਰ ਆਵੇਗਾ। 24 ਸਾਲਾਂ ਦੇ ਇਸ ਨੌਜਵਾਨ ਦੀ ਇਹ ਕਿਸਮਤ ਤੇ ਮਿਹਨਤ ਹੀ ਹੈ ਕਿ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਕਦਮ ਧਰਦਿਆਂ ਹੀ ਦੋ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ‘ਉਡੀਕ’ ਤੋਂ ਬਾਅਦ ਉਸਦੀ ਫ਼ਿਲਮ ‘ਤਾਵੀਤ’ ਰਿਲੀਜ਼ ਹੋਵੇਗੀ।

ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਿਤ ਅਰਸ਼ ਦਾ ਕਹਿਣਾ ਹੈ ਕਿ ਹੁਣ ਸਹੀ ਸਮਾਂ ਹੈ ਕਿ ਨਿਰੋਲ ਰੂਪ ਵਿੱਚ ਅਦਾਕਾਰੀ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਫ਼ਿਲਮਾਂ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮਾਂ ਵਿੱਚ ਸਿਰਫ਼ ਗਾਇਕਾਂ ਨੂੰ ਹੀ ਪਹਿਲ ਦਿੱਤੀ ਜਾਂਦੀ ਸੀ। ਹੁਣ ਗ਼ੈਰ ਗਾਇਕ ਕਲਾਕਾਰ ਵੀ ਆਪਣੀ ਕਿਸਮਤ ਅਜ਼ਮਾ ਸਕਦੇ ਹਨ। ਅਰਸ਼ ਦੱਸਦਾ ਹੈ ਕਿ ਸਕੂਲ ਵਿੱਚ ਹੁੰਦੇ ਨਾਟਕਾਂ ਤੇ ਹੋਰ ਪ੍ਰੋਗਰਾਮਾਂ ਨੇ ਉਸ ਨੂੰ ਪ੍ਰਭਾਵਿਤ ਕੀਤਾ। ਉਸ ਨੇ ਵੀ ਕਈ ਨਾਟਕਾਂ ਵਿੱਚ ਹਿੱਸਾ ਲਿਆ। ਸਕੂਲ ਦੀ ਪੜ੍ਹਾਈ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਕੈਨੇਡਾ ਚਲਾ ਗਿਆ। ਅਦਾਕਾਰ ਬਣਨ ਦਾ ਸ਼ੌਕ ਉਸ ਨੂੰ ਕੈਨੇਡਾ ਵਿੱਚ ਹੀ ਪਿਆ ਤੇ ਇਸ ਦੀਆਂ ਬਾਰੀਕੀਆਂ ਵੀ ਉਸਨੇ ਉੱਥੇ ਹੀ ਸਿੱਖੀਆਂ। ਕੈਨੇਡਾ ਵਿੱਚ ਉਸ ਦੇ ਪਿਤਾ ਦਿਲਬਾਗ ਸਿੰਘ ਚਾਵਲਾ ਇੱਕ ਨਿੱਜੀ ਪੰਜਾਬੀ ਟੀਵੀ ਚੈਨਲ ਚਲਾ ਰਹੇ ਹਨ। ਇਸ ਚੈਨਲ ਤੋਂ ਵੀ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਸਦੇ ਪਿਤਾ ਚਾਹੁੰਦੇ ਸਨ ਕਿ ਉਹ ਚੈਨਲ ਦੀਆਂ ਜ਼ਿੰਮੇਵਾਰੀਆਂ ਸਾਂਭੇ, ਪਰ ਉਹ ਅਦਾਕਾਰ ਬਣਨਾ ਚਾਹੁੰਦਾ ਸੀ। ਉਸਦੇ ਪਿਤਾ ਫ਼ਿਲਮ ਜਗਤ ਦੇ ਲਿਸ਼ਕਦੇ ਪਰਦੇ ਪਿੱਛੇ ਜਜ਼ਬਾਤਾਂ ਦੇ ਹੁੰਦੇ ਕਤਲ, ਸ਼ੋਸ਼ਣ, ਅਸਫ਼ਲਤਾ, ਨਿਰਾਸ਼ਾ ਦੀਆਂ ਅਣਗਿਣਤ ਦਾਸਤਾਨਾਂ ਤੋਂ ਵਾਕਿਫ਼ ਹੋਣ ਕਰਕੇ ਉਸ ਨੂੰ ਇਸ ਖ਼ੇਤਰ ਤੋਂ ਵਰਜਦੇ ਸਨ, ਪਰ ਉਹ ਅਰਸ਼ ਦੀ ਦ੍ਰਿੜਤਾ ਅੱਗੇ ਹਥਿਆਰ ਸੁੱਟ ਗਏ। ਕੁਝ ਮਹੀਨਿਆਂ ਦੀ ਸਿਖਲਾਈ ਤੋਂ ਬਾਅਦ ਉਹ ਕੈਨੇਡਾ ਤੋਂ ਪੰਜਾਬ ਆਇਆ। ਥੋੜ੍ਹੇ ਸੰਘਰਸ਼ ਤੋਂ ਬਾਅਦ ਉਸ ਨੂੰ ਪੰਜਾਬੀ ਫ਼ਿਲਮ ‘ਉਡੀਕ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਨਿਰਦੇਸ਼ਕ ਸ਼ਿਵਮ ਸ਼ਰਮਾ ਦੀ ਇਹ ਫ਼ਿਲਮ ਸ਼ਹੀਦ ਭਗਤ ਸਿੰਘ ਦੀ ਸੋਚ ‘ਤੇ ਆਧਾਰਿਤ ਹੈ। ਫ਼ਿਲਮ ਜ਼ਰੀਏ ਸਮਾਜਿਕ ਕੁਰੀਤੀਆਂ ਤੇ ਆਮ ਲੋਕਾਂ ਦੀ ਸੋਚ ‘ਤੇ ਕਟਾਕਸ਼ ਕੀਤਾ ਗਿਆ। ਅਰਸ਼ ਮੁਤਾਬਿਕ ਬੱਬਰ ਗਿੱਲ ਦੀ ਲਿਖੀ ਇਸ ਫ਼ਿਲਮ ਵਿੱਚ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਆਧਾਰ ਬਣਾਇਆ ਗਿਆ ਹੈ। ਨਿਰਮਾਤਾ ਅਭਿਜੀਤ ਸਿੰਘ ਕਾਲਰਾ ਤੇ ਕੰਵਰ ਜਗਦੀਪ ਸਿੰਘ ਨੇ ਉਸ ‘ਤੇ ਵਿਸ਼ਵਾਸ ਕੀਤਾ ਤੇ ਫ਼ਿਲਮ ਵਿੱਚ ਮੁੱਖ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਇਸ ਫ਼ਿਲਮ ਦੌਰਾਨ ਹੀ ਉਸ ਨੂੰ ‘ਤਾਵੀਤ’ ਫ਼ਿਲਮ ਦੀ ਪੇਸ਼ਕਸ਼ ਆਈ। ਨਿਰਦੇਸ਼ਕ ਸੁਖਬੀਰ ਸਹੋਤਾ ਦੀ ਇਸ ਫ਼ਿਲਮ ਵਿੱਚ ਵੀ ਉਸ ਨੇ ਮੁੱਖ ਭੂਮਿਕਾ ਨਿਭਾਈ ਹੈ। ਅਰਸ਼ ਮੁਤਾਬਿਕ ਉਹ ਖੁਸ਼ਕਿਸਮਤ ਹੈ ਕਿ ਉਸ ਨੂੰ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਹੈ। ਉਸ ਨੂੰ ਆਸ ਹੈ ਕਿ ਦਰਸ਼ਕ ਉਸ ਦੀ ਕਾਬਲੀਅਤ ਤੋਂ ਜ਼ਰੂਰ ਪ੍ਰਭਾਵਤ ਹੋਣਗੇ। ਦਰਸ਼ਕਾਂ ਦੇ ਹੁੰਗਾਰੇ ਤੋਂ ਬਾਅਦ ਹੀ ਉਹ ਆਪਣਾ ਅਗਲਾ ਨਿਸ਼ਾਨਾ ਮਿਥੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp