ਅਹਿਮਦਾਬਾਦ : ਨਰਿੰਦਰ ਮੋਦੀ ਸਟੇਡੀਅਮ ‘ਚ ਐਤਵਾਰ ਨੂੰ ਕ੍ਰਿਕਟ ਵਿਸ਼ਵ ਕੱਪ ਫਾਈਨਲ ‘ਚ ਸੁਰੱਖਿਆ ‘ਚ ਕਮੀ ਦਾ ਮਾਮਲਾ ਗਰਮਾ ਗਿਆ ਹੈ। ਦੇਰ ਸ਼ਾਮ ਮੁਲਜ਼ਮ ਆਸਟ੍ਰੇਲਿਆਈ ਨਾਗਰਿਕ ਖ਼ਿਲਾਫ਼ ਚਾਂਦਖੇੜਾ ਪੁਲਿਸ ਸਟੇਸ਼ਨ ‘ਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਨੌਜਵਾਨ ਵਿਰਾਟ ਕੋਹਲੀ ਤਕ ਪਹੁੰਚ ਗਿਆ ਸੀ। ਉਸ ਦੀ ਟੀ-ਸ਼ਰਟ ‘ਤੇ ‘ਫ੍ਰੀ ਫਲਸਤੀਨ’ ਲਿਖਿਆ ਹੋਇਆ ਸੀ। ਹੁਣ ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਨੇ ਇਸ ਮਾਮਲੇ ‘ਚ ਐਂਟਰੀ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਕੱਪ ਫਾਈਨਲ ਦੌਰਾਨ ਸੁਰੱਖਿਆ ‘ਚ ਵੱਡੀ ਢਿੱਲ ਦੇਖੀ ਗਈ ਸੀ। ਇਕ ਫਲਸਤੀਨੀ ਸਮਰਥਕ ਅਚਾਨਕ ਮੈਦਾਨ ‘ਚ ਵੜ ਗਿਆ ਤੇ ਵਿਰਾਟ ਕੋਹਲੀ ਦੇ ਨੇੜੇ ਜਾ ਕੇ ਉਸ ਨੂੰ ਪਿੱਛਿਓਂ ਫੜ ਲਿਆ। ਇਸ ਨੌਜਵਾਨ ਦਾ ਨਾਂ ਵੇਨ ਜੌਨਸਨ ਦੱਸਿਆ ਜਾ ਰਿਹਾ ਹੈ ਤੇ ਉਹ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ। ਜੌਨਸਨ ‘ਫ੍ਰੀ ਫਲਸਤੀਨ’ ਟੀ-ਸ਼ਰਟ ਪਹਿਨ ਕੇ ਮੈਦਾਨ ‘ਤੇ ਪੁੱਜਾ। ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜੌਨਸਨ ਨੇ ਕਿਹਾ ਕਿ ਮੈਂ ਆਸਟ੍ਰੇਲੀਆ ਤੋਂ ਹਾਂ। ਮੈਂ ਵਿਰਾਟ ਕੋਹਲੀ ਨੂੰ ਮਿਲਣ ਲਈ ਮੈਦਾਨ ‘ਤੇ ਪਹੁੰਚਿਆ ਸੀ। ਇਹ ਵਿਰੋਧ ਫਲਸਤੀਨ ਦੀ ਜੰਗ ਨੂੰ ਲੈ ਕੇ ਹੈ।

ਐਸਐਫਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਆਸਟ੍ਰੇਲਿਆਈ ਨਾਗਰਿਕ ਵੇਨ ਜੌਨਸਨ ਲਈ 10 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਇਕ ਵੀਡੀਓ ‘ਚ ਪੰਨੂ ਨੇ ਵੀ ਭਾਰਤ ਖਿਲਾਫ਼ ਜ਼ਹਿਰ ਉਗਲਿਆ ਹੈ ਤੇ ਖ਼ਾਲਿਸਤਾਨ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਦਾਨ ‘ਤੇ ਪਹੁੰਚ ਕੇ ਜੌਨਸਨ ਨੇ ਗਾਜ਼ਾ ਤੇ ਫਲਸਤੀਨ ਬਾਰੇ ਭਾਰਤ ਦੇ ਸਟੈਂਡ ਨੂੰ ਉਜਾਗਰ ਕੀਤਾ ਹੈ। ਇਸ ਦੇ ਲਈ SFJ ਨੇ ਜੌਹਨਸਨ ਨੂੰ 10 ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਸੀਂ ਜੌਨਸਨ ਦੇ ਨਾਲ ਖੜ੍ਹੇ ਹਾਂ। ਉਸ ਨੇ ਖਾਲਿਸਤਾਨ ਤੇ ਫਲਸਤੀਨ ਦੇ ਸਮਰਥਨ ‘ਚ ਨਾਅਰੇਬਾਜ਼ੀ ਵੀ ਕੀਤੀ।

ਇਸ ਤੋਂ ਪਹਿਲਾਂ SFJ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਅਹਿਮਦਾਬਾਦ ‘ਚ ਵਿਸ਼ਵ ਕੱਪ ਫਾਈਨਲ ਨੂੰ ‘ਬੰਦ’ ਕਰਨ ਦੀ ਧਮਕੀ ਦਿੱਤੀ ਸੀ। ਉਸ ਨੇ ਫਾਈਨਲ ਮੈਚ ‘ਚ ਵਿਘਨ ਪਾਉਣ ਲਈ ਧਮਕੀ ਭਰੀ ਵੀਡੀਓ ਜਾਰੀ ਕੀਤੀ ਸੀ। ਇਸ ਵੀਡੀਓ ‘ਚ ਪੰਨੂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ 2002 ਦੇ ਗੁਜਰਾਤ ਦੰਗਿਆਂ ਦਾ ਜ਼ਿਕਰ ਕੀਤਾ ਤੇ ਮੁਸਲਿਮ ਅਤੇ ਈਸਾਈ ਭਾਈਚਾਰਿਆਂ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।