ਕਰਜ਼ੇ ਦੇ ਬੋਝ ਅਤੇ ਨੋਟਬੰਦੀ ਦੀ ਖੱਜਲਖੁਆਰੀ ਤੋ ਅੱਕੇ ਕਿਸਾਨ ਨੇ ਕੀਤੀ ਖੁਦਕਸ਼ੀ
ਕਿਸਾਨ ਨੂੰ ਪੈਸੇ ਭਰਨ ਲਈ ਬੈਕਾਂ ਵੱਲੋਂ ਭੇਜੇ ਸਨ ਨੋਟਿਸ
ਮੌੜ ਮੰਡੀ , (ਹਰਮਿੰਦਰ ਸਿੰਘ ਅਵਿਨਾਸ਼ ): ਨੇੜਲੇ ਪਿੰਡ ਭੈਣੀ ਚੂਹੜ ਦੇ ਕਿਸਾਨ ਵੱਲੋਂ ਕਰਜ਼ੇ ਦੇ ਬੋਝ ਅਤੇ ਨੋਟਬੰਦੀ ਤੋ ਤੰਗ ਆ ਕੇ ਸਲਫਾਸ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਕਰਮਜੀਤ ਸਿੰਘ ਵਾਸੀ ਘੁੰਮਣ ਕਲਾਂ ਨੇ ਕਿਸਾਨ ਨੂੰ ਆਏ ਬੈਕਾਂ ਦੇ ਨੋਟਿਸ ਦਿਖਾਂਉਦੇ ਹੋਏ ਦੱਸਿਆ ਕਿ ਭਗਵਾਨ ਸਿੰਘ ਉਰਫ ਮਿੱਠੂ ਪੁੱਤਰ ਜੰਗ ਸਿੰਘ ਉਮਰ ਲਗਭਗ 60 ਸਾਲ ਆਰਥਿਕ ਤੰਗੀ ਕਾਰਨ ਉਹ ਬੈਂਕਾਂ ਤੋ ਲਿਆ ਕਰਜ਼ਾ ਭਰਨ ਤੋ ਅਸਮਰਥ ਹੋ ਗਿਆ ਅਤੇ ਸਥਾਨਕ ਸ਼ਹਿਰ ਦੇ ਭਾਰਤੀਆ ਸਟੇਟ ਬੈਂਕ ਵੱਲੋਂ 17 ਅਕਤੂਬਰ ਨੂੰ 2 ਲੱਖ 49 ਹਜ਼ਾਰ ਛੇ ਸੌ ਰੁਪਏ ਭਰਨ ਲਈ ਨੋਟਿਸ ਕੱਢ ਦਿੱਤਾ ਸੀ । ਇਸ ਤੋ ਇਲਾਵਾ ਸਟੇਟ ਬੈਂਕ ਆਫ ਪਟਿਆਲਾ ਚਾਓੁਕੇ ਨੇ 12 ਸਤੰਬਰ 2016 ਨੂੰ 3 ਲੱਖ 12 ਹਜ਼ਾਰ 700 ਰੁਪਏ ਭਰਨ ਦਾ ਨੋਟਿਸ ਭੇਜਿਆ । ਪ੍ਰੰਤੂ ਨੋਟ ਬੰਦੀ ਕਾਰਨ ਬੈਕਾਂ ਚੋ ਪੈਸਾ ਨਾ ਮਿਲਦਾ ਦੇਖ ਕੇ ਕਿਸਾਨ ਪ੍ਰੇਸ਼ਾਨ ਰਹਿਣ ਲੱਗ ਪਿਆ ।
ਹੋਰ ਤਾਂ ਹੋਰ ਨੋਟਬੰਦੀ ਕਾਰਨ ਉਹ ਹਰ ਰੋਜ ਮੌੜ ਵਿਖੇ ਪੈਸੇ ਲੈਣ ਲਈ ਬੈਕਾਂ ਚ ਆ ਕੇ ਲਾਈਨਾਂ ਚ ਲਗਦਾ ਰਿਹਾ । ਹਰ ਰੋਜ ਦੀ ਖੱਜਲ ਖੁਆਰੀ ਤੋ ਤੰਗ ਆ ਕੇ ਭਗਵਾਨ ਸਿੰਘ ਨੇ ਬੁੱਧਵਾਰ ਨੂੰ ਸਲਫਾਸ ਖਾ ਕੇ ਖੁਦਕਸ਼ੀ ਕਰ ਲਈ । ਮ੍ਰਿਤਕ ਭਗਵਾਨ ਸਿੰਘ ਦੀ ਪਤਨੀ ਮਹਿੰਦਰ ਕੌਰ ਕੈਂਸਰ ਦੀ ਬਿਮਾਰੀ ਤੋ ਪੀੜਿਤ ਹੈ ਅਤੇ ਉਸ ਦੇ ਇਲਾਜ਼ ਲਈ ਲੱਖਾਂ ਰੁਪਏ ਖਰਚੇ ਜਾ ਰਹੇ ਹਨ । ਜਿਸ ਕਾਰਨ ਪਰਿਵਾਰ ਸਿਰ ਕਰਜ਼ੇ ਦਾ ਬੋਝ ਦਿਨੋ ਦਿਨ ਵਧਦਾ ਜਾ ਰਿਹਾ ਸੀ । ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਿਆ ਸਿੰਘ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰਾਂ ਕਿਸਾਨਾਂ ਨੂੰ ਕਹਿ ਰਹੀਆਂ ਹਨ , ਕਿ ਬੈਕਾਂ ‘ ਚ ਲਿਮਟਾਂ ਨਾ ਭਰੀਆਂ ਜਾਣ ਪ੍ਰੰਤੂ ਦੂਜੇ ਪਾਸੇ ਬੈਕਾਂ ਵੱਲੋਂ ਕਿਸਾਨਾਂ ਨੂੰ ਡਰਾਉਣ ਧਮਕਾਉਣ ਲਈ ਨੋਟਿਸ ਭੇਜੇ ਜਾ ਰਹੇ ਹਨ । ਜਿਸ ਕਾਰਨ ਮ੍ਰਿਤਕ ਕਿਸਾਨ ਨੂੰ ਖੁਦਕਸ਼ੀ ਕਰਨ ਲਈ ਮਜਬੂਰ ਹੋਣਾ ਪਿਆ । ਉਹਨਾਂ ਸਰਕਾਰ ਤੋ ਮੰਗ ਕੀਤੀ ਹੈ ਕਿ ਕਿਸਾਨ ਸਿਰ ਚੜਿਆ ਬੈਂਕਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਪੀੜਿਤ ਪਰਿਵਾਰ ਦੀ ਆਰਥਿਕ ਮੱਦਦ ਕਰਕੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ ਅਤੇ ਬੈਕਾਂ ਦੇ ਸਬੰਧਿਤ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ।



