ਇਹ ਮੌਕਾ ਮੇਲ ਹੀ ਹੈ ਕਿ ਸਾਲ-2014 ’ਚ ਆਸਟਰੇਲੀਅਨ ਟੂਰ ’ਤੇ ਇਕ ਕ੍ਰਿਕਟ ਪ੍ਰਸੰਸਕ ਵਲੋਂ ਵਿਰਾਟ ਕੋਹਲੀ ਨੂੰ ਦਿੱਤੀ ਜਰਸੀ ’ਤੇ ‘ਕਿੰਗ ਕੋਹਲੀ’ ਲਿਖ ਦਿੱਤਾ ਸੀ। ਇਸ ਤੋਂ ਬਾਦ ਆਲਮੀ ਕ੍ਰਿਕਟ ’ਚ ਵਿਰਾਟ ਦੀ ਪਛਾਣ ਕਿੰਗ ਕੋਹਲੀ ਵਜੋਂ ਸ਼ੁਰੂ ਹੋ ਗਈ ਸੀ। ਦਿੱਲੀ ਦੇ ਮੈਦਾਨਾਂ ਤੋਂ ਕਰੀਅਰ ਦਾ ਆਗਾਜ਼ ਕਰਨ ਤੋਂ ਬਾਅਦ ਵਿਰਾਟ ਕੋਹਲੀ ਆਪਣੇ 15 ਸਾਲ ਦੇ ਸਫ਼ਰ ਨੂੰ ਸਦੀਆਂ ਤੱਕ ਯਾਦ ਰੱਖਣ ਵਾਲੇ ਰਿਕਾਰਡਾਂ ਨਾਲ ਲੱਦ ਦਿੱਤਾ ਹੈ। ਵਿਰਾਟ ਕੋਹਲੀ ਦਾ ਜਨਮ ਪੰਜਾਬੀ ਪਰਿਵਾਰ ’ਚ 5, ਨਵੰਬਰ, 1988 ’ਚ ਮਰਹੂਮ ਪ੍ਰੇਮ ਕੋਹਲੀ ਐਡਵੋਕੇਟ ਦੇ ਗ੍ਰਹਿ ਵਿਖੇ ਸਰੋਜ ਕੋਹਲੀ ਦੀ ਕੁੱਖੋਂ ਹੋਇਆ। ਵਿਰਾਟ ਦੇ ਵੱਡੇ ਭਰਾ ਦਾ ਨਾਮ ਵਿਕਾਸ ਕੋਹਲੀ ਤੇ ਵੱਡੀ ਭੈਣ ਦਾ ਨਾਮ ਭਾਵਨਾ ਕੋਹਲੀ ਢੀਂਗਰਾ ਹੈ। ਵਿਰਾਟ ਕੋਹਲੀ ਨੇ ਸਾਲ-2017 ’ਚ ਪ੍ਰਸਿੱਧ ਹੀਰੋਇਨ ਅਨੁਸ਼ਕਾ ਸ਼ਰਮਾ ਨਾਲ ਸ਼ਾਦੀ ਕੀਤੀ। ਵਿਰਾਟ ਕੋਹਲੀ ਦੀ ਤਿੰਨ ਸਾਲਾ ਪੁੱਤਰੀ ਦਾ ਨਾਮ ਵਾਮਿਕਾ ਕੋਹਲੀ ਹੈ।

ਕੋਹਲੀ ਦੁਨੀਆ ਦੀ ਕ੍ਰਿਕਟ ਦਾ ਪਹਿਲੇ ਬੱਲੇਬਾਜ਼ ਹੈ, ਜਿਸ ਨੇ ਮੌਜੂਦਾ ਵਿਸ਼ਵ ਕ੍ਰਿਕਟ ਕੱਪ ’ਚ ਨਿਊਜ਼ੀਲੈਂਡ ਵਿਰੁੱਧ ਸੈਮੀਫਾਈਨਲ ਖੇਡਦਿਆਂ ਇਕ ਰੋਜ਼ਾ ਕ੍ਰਿਕਟ ਵੰਨਗੀ ’ਚ 50ਵਾਂ ਸੈਂਕੜੇ ਦਾ ਰਿਕਾਰਡ ਆਪਣੇ ਨਾਮ ਦਰਜ ਕਰਉਣ ਦੇ ਨਾਲ-ਨਾਲ ਸਾਬਕਾ ਬੱਲੇਬਾਜ਼ ਸਚਿਨ ਤੇਂਦੂਲਕਰ ਵਲੋਂ ਇਸੇ ਵੰਨਗੀ ’ਚ ਬਣਾਏ 49 ਸੈਂਕੜਿਆਂ ਰਿਕਾਰਡ ਵੀ ਬਰੇਕ ਕੀਤਾ ਹੈ। ਕੋਹਲੀ ਨੇ 50 ਸੈਂਕੜਿਆਂ ਦਾ ਰਿਕਾਰਡ ਬਣਾਉਣ ਲਈ ਸਚਿਨ ਤੇਂਦੂਲਕਰ ਤੋਂ 173 ਪਾਰੀਆਂ ਘੱਟ ਖੇਡੀਆਂ ਹਨ। ਵਿਰਾਟ ਕੋਹਲੀ ਨੇ 278 ਪਾਰੀਆਂ ਵਿੱਚ 49 ਸੈਂਚਰੀਆਂ ਜੜੀਆਂ ਹਨ ਜਦੋਂਕਿ ਸਚਿਨ ਨੂੰ 49 ਸੈਂਕੜੇ ਬਣਾਉਣ ਲਈ 452 ਪਾਰੀਆਂ ਖੇਡਣੀਆਂ ਪਈਆਂ। ਇਸ ਤੋਂ ਬਾਅਦ ਸਚਿਨ ਦੀਆਂ 49 ਸੈਂਚਰੀਆਂ ਦਾ ਰਿਕਾਰਡ ਬਰੇਕ ਕਰਨ ਲਈ ਵਿਰਾਟ ਨੂੰ 279 ਪਾਰੀਆਂ ਖੇਡਣੀਆਂ ਪਈਆਂ ਹਨ। ਵਿਰਾਟ ਵਿਸ਼ਵ ਦਾ ਪਹਿਲਾ ਬੱਲੇਬਾਜ਼ ਹੈ, ਜਿਸ ਨੇ 711 ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਮ ਦਰਜ ਕਰਵਾਇਆ ਹੈ ਜਦੋਂਕਿ ਇਸ ਤੋਂ ਪਹਿਲਾਂ ਸਚਿਨ ਦੇ ਨਾਮ ਸਭ ਤੋਂ ਵੱਧ 673 ਦੌੜਾਂ ਬਣਾਉਣ ਦਾ ਕੀਰਤੀਮਾਨ ਦਰਜ ਸੀ।

ਰਿਕਾਰਡਾਂ ਦਾ ਲੇਖਾ-ਜੋਖਾ

ਇਕ ਰੋਜ਼ਾ ਕ੍ਰਿਕਟ ’ਚ 50 ਸੈਂਕੜੇ ਲਗਾਉਣ ਨਾਲ ਸਦਕਾ ਸਚਿਨ ਦੇ 49, ਰਿੱਕੀ ਪੌਂਟਿੰਗ ਦੇ 30 ਤੇ ਸੰਗਾਕਾਰਾ ਦੇ 25 ਸੈਂਕੜਿਆਂ ਦਾ ਰਿਕਾਰਡ ਹੁਣ ਵਿਰਾਟ ਦੇ ਨਾਮ ਹੈ। ਵਿਰਾਟ ਨੇ ਬਹੁਤ ਘੱਟ 292 ਮੈਚਾਂ ’ਚ 50 ਸੈਂਕੜੇ ਜੜੇ ਜਦੋਂਕਿ ਸਚਿਨ ਨੇ 49 ਸੈਂਕੜਿਆਂ ਲਈ 463 ਮੈਚ, ਰਿੱਕੀ ਪੌਂਟਿੰਗ ਨੇ 30 ਸੈਂਕੜਿਆਂ ਲਈ 375 ਮੈਚ ਤੇ ਸੰਗਾਕਾਰਾ ਨੇ 25 ਸੈਂਕੜਿਆਂ ਲਈ 404 ਮੈਚ ਖੇਡੇ ਹਨ।

ਇਕ ਰੋਜ਼ਾ ਕ੍ਰਿਕਟ ਦੇ ਇਕ ਮੈਚ ’ਚ ਵਿਰਾਟ ਨੇ 183 ਦੌੜਾਂ ਦਾ ਉਚਤਮ ਸਕੋਰ ਕਰਕੇ ਰਿੱਕੀ ਪੌਂਟਿੰਗ ਵਲੋਂ 164 ਤੇ ਸੰਗਾਕਾਰਾ ਵਲੋਂ ਬਣਾਈਆਂ 169 ਦੌੜਾਂ ਦਾ ਰਿਕਾਰਡ ਬਰੇਕ ਕਰ ਦਿੱਤਾ ਹੈ ਜਦੋਂਕਿ ਹੁਣ ਤੱਕ ਇਕ ਮੈਚ ’ਚ ਬਣਾਈਆਂ 200 ਦੌੜਾਂ ਦਾ ਰਿਕਾਰਡ ਅਜੇ ਵੀ ਸਚਿਨ ਦੇ ਨਾਮ ਬੋਲਦਾ ਹੈ।

ਵਿਰਾਟ ਨੇ ਇਕ ਰੋਜ਼ਾ ਮੈਚਾਂ ’ਚ 13,848 ਦੌੜਾਂ ਬਣਾ ਦੇ ਰਿੱਕੀ ਪੌਂਟਿੰਗ ਦੀਆਂ 13,704 ਦੌੜਾਂ ਰਿਕਾਰਡ ਬਰੇਕ ਕਰ ਦਿੱਤਾ ਹੈ ਤੇ ਸੰਗਾਕਾਰਾ ਦੀਆਂ 14,234 ਦੌੜਾਂ ਦੇ ਰਿਕਾਰਡ ਤੋਂ ਪਾਰ ਜਾਣ ਲਈ ਵਿਰਾਟ ਨੂੰ ਸਿਰਫ਼ 387 ਦੌੜਾਂ ਦੀ ਹੋਰ ਲੋੜ ਹੈ, ਜਿਸ ਨੂੰ ਉਹ ਨੇੜ ਭਵਿੱਖ ’ਚ ਛੇਤੀ ਹੀ ਬਣਾ ਲਵੇਗਾ। ਇਨ੍ਹਾਂ ਦੋਵਾਂ ਤੋਂ ਇਲਾਵਾ ਵਿਰਾਟ ਨੂੰ ਆਪਣੀਆਂ 13,848 ਤੇ ਸਚਿਨ ਦੀਆਂ 18,426 ਦੌੜਾਂ ਵਿਚਲਾ 4578 ਦੌੜਾਂ ਦਾ ਪਾੜਾ ਮੇਟਣ ਲਈ ਕਰੀਜ਼ ’ਤੇ ਹੋਰ ਮਜ਼ਬੂਤੀ ਨਾਲ ਬੱਲੇਬਾਜ਼ੀ ਕਰਨੀ ਪਵੇਗੀ। ਵਿਰਾਟ ਨੇ ਹੁਣ ਤੱਕ ਦੇ ਇਕ ਰੋਜ਼ਾ ਕ੍ਰਿਕਟ ਕਰੀਅਰ ’ਚ 292 ਮੈਚ ਖੇਡੇ ਹਨ, ਜਿਨ੍ਹਾਂ ਵਿੱਚ 58.67 ਦੀ ਔਸਤ ਨਾਲ 13,848 ਦੌੜਾਂ ਆਪਣੇ ਖਾਤੇ ’ਚ ਜਮ੍ਹਾਂ ਕੀਤੀਆਂ ਹਨ। ਵਿਸ਼ਵ ਕ੍ਰਿਕਟ ਇਕ ਰੋਜ਼ਾ ’ਚ ਦੌੜਾਂ ਬਣਾਉਣ ’ਚ ਉਹ ਤੀਜੇ ਪਾਏਦਾਨ ’ਤੇ ਬਿਰਾਜਮਾਨ ਹੈ। ਇਸ ਵੰਨਗੀ ਵਿੱਚ ਸਚਿਨ ਤੇਂਦੂਲਕਰ ਨੇ 463 ਪਾਰੀਆਂ ਵਿੱਚ 18,426 ਦੌੜਾਂ ਨਾਲ ਪਹਿਲਾ ਤੇ ਸੰਗਾਕਾਰਾ ਨੇ 404 ਪਾਰੀਆਂ ’ਚ 14,234 ਦੌੜਾਂ ਨਾਲ ਦੂਜਾ ਰੈਂਕ ਹਾਸਲ ਹੈ।

ਇਕ ਰੋਜ਼ਾ ’ਚ ਸੰਗਾਕਾਰਾ ਨੂੰ ਪਛਾੜਨ ’ਚ ਵਿਰਾਟ ਨੂੰ 386 ਹੋਰ ਦੌੜਾਂ ਦੀ ਜ਼ਰੂਰਤ ਹੈ। ਵਿਰਾਟ ਨੇ ਉਪਰੋਕਤ ਦੌੜਾਂ ਬਣਾਉਣ ’ਚ ਸ੍ਰੀਲੰਕਨ ਬੱਲੇਬਾਜ਼ ਤੋਂ 112 ਪਾਰੀਆਂ ਘੱਟ ਖੇਡੀਆਂ ਹਨ। ਇਕ ਰੋਜ਼ਾ ਕ੍ਰਿਕਟ ਫਾਰਮੈਟ ’ਚ ਵਿਰਾਟ ਨੇ ਕਰੀਅਰ ਦਾ ਪਹਿਲਾ ਸੈਂਕੜਾ 13ਵੀਂ ਪਾਰੀ ’ਚ ਬਣਾਇਆ ਸੀ। ਇਕ ਰੋਜ਼ਾ ਕ੍ਰਿਕਟ ’ਚ ਵਿਰਾਟ ਨੇ ਪਹਿਲੇ 10 ਸੈਂਕੜੇ ਲਾਉਣ ਲਈ 68 ਪਾਰੀਆਂ ਖੇਡੀਆਂ, 11 ਤੋਂ 20 ਸੈਂਕੜਿਆਂ ਲਈ ਵਿਰਾਟ ਨੂੰ ਖੇਡਣੀਆਂ ਪਈਆਂ 53 ਪਾਰੀਆਂ, 21 ਤੋਂ 30 ਸੈਂਕੜੇ ਲਾਉਣ ਲਈ ਖੇਡੀਆਂ 53 ਪਾਰੀਆਂ, 31 ਤੋਂ 40 ਸੈਂਕੜਿਆਂ ਲਈ ਖੇਡੀਆਂ 30 ਪਾਰੀਆਂ, 41 ਤੋਂ 50 ਸੈਂਕੜਿਆਂ ਲਈ 63 ਪਾਰੀਆਂ ਖੇਡਣੀਆਂ ਪਈਆਂ ਹਨ। ਵਿਰਾਟ ਨੇ 50 ਸੈਂਕੜਿਆਂ ’ਚੋਂ 24 ਸੈਂਚਰੀਆਂ ਇੰਡੀਆ ’ਚ ਘਰੇਲੂ ਮੈਦਾਨਾਂ ’ਚ ਲਾਈਆਂ ਹਨ ਜਦੋਂਕਿ ਦੁਨੀਆ ਦਾ ਕੋਈ ਹੋਰ ਬੱਲੇਬਾਜ਼ ਅਜਿਹਾ ਕਾਰਨਾਮਾ ਅਜੇ ਤੱਕ ਨਹੀਂ ਕਰ ਸਕਿਆ। ਸਚਿਨ ਨੇ 10 ਸਾਲ ਪਹਿਲਾਂ 15 ਨਵੰਬਰ, 2013 ’ਚ ਵੈਸਟ ਇੰਡੀਜ਼ ਵਿਰੁੱਧ ਕਰੀਅਰ ਦਾ ਆਖ਼ਰੀ ਕੌਮਾਂਤਰੀ ਮੈਚ ਖੇਡਿਆ ਸੀ, ਜਿਸ ’ਚ ਸਚਿਨ ਨੇ 74 ਦੌੜਾਂ ਦੀ ਪਾਰੀ ਖੇਡੀ ਸੀ ਜਦੋਂਕਿ ਵਿਰਾਟ ਕੋਹਲੀ ਨੇ 15 ਨਵੰਬਰ, 2023 ’ਚ ਸਚਿਨ ਦਾ 49 ਸੈਂਕੜਿਆਂ ਦਾ ਰਿਕਾਰਡ ਤੋੜ ਕੇ 50 ਸੈਂਕੜਿਆਂ ਦਾ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਵਿਰਾਟ ਵਿਸ਼ਵ ਦਾ ਇਕਲੌਤਾ ਕ੍ਰਿਕਟਰ ਹੈ, ਜਿਸ ਨੇ 50.03 ਦੀ ਔਸਤ ਨਾਲ 570 ਪਾਰੀਆਂ ’ਚ 26,532 ਦੌੜਾਂ ਦਾ ਰਿਕਾਰਡ ਬਣਾਇਆ।

ਦੌਲਤ ਕਮਾਉਣ ’ਚ ਮੋਹਰੀ

1050 ਕਰੋੜ ਦੀ ਸਾਲਾਨਾ ਨੈਟਵਰਥ ਨਾਲ ਵਿਰਾਟ ਕੋਹਲੀ ਔਡੀ, ਐਮਆਰਐਫ, ਹੀਰੋ, ਪਿਯੂਮਾ ਅਜਿਹੀਆਂ ਨਾਮੀਂ ਕੰਪਨੀਆਂ ਤੋਂ 175 ਕਰੋੜ ਰੁਪਏ ਸਾਲਾਨਾ ਕਮਾਈ ਕਰਦਾ ਹੈ। ਇਨ੍ਹਾਂ ਕੰਪਨੀਆਂ ਦੇ ਹਰ ਇਕ ਇਸ਼ਤਿਹਾਰ ਤੋਂ 7.5 ਤੋਂ 10 ਕਰੋੜ ਉਗਰਾਹੀ ਕਰਦੇ ਹਨ। ਵਿਰਾਟ ਨੇ ਵਿਰਾਟ ਚਾਈਸੇਲ ਫਿਟਨੈਸ ਨਾਮ ਦੀ ਜਿੰਮ ਕੰਪਨੀ ’ਚ ਵੱਡੀ ਰਕਮ ਨਿਵੇਸ਼ ਕੀਤੀ ਹੈ। ਇਕੱਲੇ ਇਸਟਾਗ੍ਰਾਮ ’ਤੇ ਵਿਰਾਟ ਦੇ 2 ਕਰੋੜ 61 ਲੱਖ ਫਾਲੋਅਰਜ਼ ਹਨ ਜੋ ਅੰਕੜਾ ਸ਼ਾਹਰੁਖ, ਸਚਿਨ, ਪ੍ਰਿਅੰਕਾ ਚੋਪੜਾ ਤੇ ਮਹਿਦਰ ਸਿੰਘ ਧੋਨੀ ਤੋਂ ਵੱਧ ਹੈ।

ਬਣਾਏ ਸੈਂਕੜਿਆਂ ਦਾ ਵੇਰਵਾ

ਸਾਲ-2008 ’ਚ ਕਰੀਅਰ ਦਾ ਆਗਾਜ਼ ਕਰਨ ਵਾਲੇ ਵਿਰਾਟ ਨੇ ਸਾਲ-2009 ’ਚ ਇਕ ਸੈਂਕੜਾ, ਸਾਲ-2010 ’ਚ 3 ਸੈਂਕੜੇ, ਸਾਲ-2011 ’ਚ 4 ਸੈਂਕੜੇ, ਸਾਲ-2012 ’ਚ 5 ਸੈਂਕੜੇ, ਸਾਲ-2013 ’ਚ 4 ਸੈਂਕੜੇ, ਸਾਲ-2014 ’ਚ 4 ਸੈਂਕੜੇ, ਸਾਲ-2015 ’ਚ 2 ਸੈਂਕੜੇ, ਸਾਲ-2016 ’ਚ 3 ਸੈਂਕੜੇ, ਸਾਲ-2017 ’ਚ 6 ਸੈਂਕੜੇ, ਸਾਲ-2018 ’ਚ 6 ਸੈਂਕੜੇ, ਸਾਲ-2019 ’ਚ 5 ਸੈਂਕੜੇ, ਸਾਲ-2020 ਤੇ ਸਾਲ-2021 ’ਚ ਕੋਈ ਸੈਂਕੜਾ ਨਹੀਂ, ਸਾਲ-2022 ’ਚ 1 ਸੈਂਕੜਾ ਅਤੇ ਸਾਲ-2023 ’ਚ 6 ਸੈਂਕੜਿਆਂ ਨਾਲ 50 ਸੈਂਚਰੀਆਂ ਪੂਰੀਆਂ ਕਰਕੇ ਭਾਰਤ ਦੇ ਮਹਾਨਤ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੇ ਨਾਮ ਵਿਸ਼ਵ ਕ੍ਰਿਕਟ ਦੇ ਰਿਕਾਰਡਾਂ ਦੀ ਡਾਇਰੀ ਦੇ ਪੰਨਿਆਂ ਵਿੱਚ ਦਰਜ ਕਰਵਾਇਆ।

ਬੈਸਟ ਔਸਤ ਨਾਲ ਰਿਕਾਰਡ

ਵਿਰਾਟ ਸੰਸਾਰ ਦਾ ਪਲੇਠਾ ਬੱਲੇਬਾਜ਼ ਹੈ, ਜਿਸ ਨੇ ਟੀ-20 ਫਾਰਮੈਟ ਵਿੱਚ 107 ਪਾਰੀਆਂ 4,000 ਤੋਂ ਵੱਧ ਦੌੜਾਂ ਸਕੋਰ ਕਰਨ ਦੇ ਰਿਕਾਰਡ ’ਤੇ ਆਪਣੇ ਨਾਮ ਦੀ ਮੋਹਰ ਲਾ ਦਿੱਤੀ ਹੈ। ਇੱਥੇ ਹੀ ਬੱਸ ਨਹੀਂ ਟੀ-20 ਵੰਨਗੀ ’ਚ ਸਭ ਤੋਂ ਵਧੀਆ 52.73 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਵਿਰਾਟ ਨੇ 38 ਅਰਧ ਸੈਂਕੜੇ ਜੜਨ ਦਾ ਰਿਕਾਰਡ ਵੀ ਬਣਾਇਆ ਹੈ। ਟੀ-20 ਕ੍ਰਿਕਟ ’ਚ 122 ਦੌੜਾਂ ਦੀ ਨਾਬਾਦ ਪਾਰੀ ਖੇਡਣ ਦਾ ਨਾਮਣਾ ਖੱਟਿਆ ਹੈ।

ਕੋਹਲੀ ਦੀ ਫਿਟਨੈੱਸ ਦਾ ਰਾਜ਼

ਫੁਰਤੀਲਾ ਤੇ ਪੂਰਾ ਫਿੱਟ ਰਹਿਣ ਲਈ ਕੋਹਲੀ 5 ਦਿਨ ਇਵੈਂਟਸ ਵਰਕਆਊਟ ਕਰਦੇ ਹਨ। ਵਿਰਾਟ ਕੋਹਲੀ 140 ਕਿਲੋ ਤੱਕ ਡੈਡ ਲਿਫਟ ਕਰਨ ਦਾ ਕਮਾਲ ਕਰਨ ਤੋਂ ਇਲਾਵਾ ਉਹ 20 ਮਿੰਟ ’ਚ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਲਗਾਉਣ ਦੇ ਸਮਰੱਥ ਹੈ।

-ਹਰਨੂਰ ਸਿੰਘ ਮਨੌਲੀ

94171-82993