ਹੈਦਰਾਬਾਦ (ਆਈਏਐੱਨਐੱਸ) : ਦਿਲ ਦਹਿਲਾਉਣ ਵਾਲੀ ਘਟਨਾ ਦੌਰਾਨ ਹੈਦਰਾਬਾਦ ਵਿਚ ਇਕ ਜੋੜੇ ਨੇ ਪਹਿਲਾਂ ਆਪਣੀ ਚਾਰ ਸਾਲ ਦੀ ਬੇਟੀ ਨੂੰ ਫਾਂਸੀ ’ਤੇ ਲਟਕਾ ਦਿੱਤਾ ਤੇ ਫਿਰ ਖੁਦਕੁਸ਼ੀ ਕਰ ਲਈ। ਇਹ ਦੁੱਖਦਾਈ ਘਟਨਾ, ਸ਼ਹਿਰ ਦੇ ਮੁਸ਼ੀਰਾਬਾਦ ਇਲਾਕੇ ਦੀ ਹੈ।

ਪੁਲਿਸ ਨੇ ਕਿਹਾ ਕਿ ਸਾੲੀਂ ਕ੍ਰਿਸ਼ਨਾ ਤੇ ਚਿੱਤਰਕਲਾ ਨੇ ਗੰਗਾਪੁੱਤਰ ਕਾਲੋਨੀ ਵਿਚ ਕਿਰਾਏ ਦੇ ਘਰ ’ਚ ਫਾਂਸੀ ਲਗਾ ਕੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਧੀ ਤੇਜਸਵੀ ਨੂੰ ਫਾਂਸੀ ’ਤੇ ਲਟਕਾ ਦਿੱਤਾ। ਦੁੱਖਦਾਈ ਘਟਨਾ ਦਾ ਪਤਾ ਸ਼ੁੱਕਰਵਾਰ ਸਵੇਰੇ ਲੱਗਾ ਜਦੋਂ ਇਕ ਗੁਆਂਢੀ ਨੇ ਜੋੜੇ ਦੇ ਘਰ ਦਾ ਦਰਵਾਜ਼ਾ ਖੜਕਾਇਆ ਪਰ ਕਿਸੇ ਜੀਅ ਵੱਲੋਂ ਕੋਈ ਜਵਾਬ ਨਹੀਂ ਆਇਆ। ਗੁਆਂਢੀ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੇ ਆਉਣ ਪਿੱਛੋਂ ਦਰਵਾਜ਼ਾ ਤੋੜਿਆ ਗਿਆ ਤੇ ਤਿੰਨਾਂ ਨੂੰ ਰੱਸੀ ਦੇ ਫਾਹੇ ’ਤੇ ਲਟਕਿਆ ਹੋਇਆ ਪਾਇਆ ਗਿਆ।

ਜੋੜੇ ਨੇ ਘਰ ਦੀਆਂ ਕੰਧਾਂ ’ਤੇ ਖੁਦਕੁਸ਼ੀ ਦੇ ਕਾਰਨਾਂ ਬਾਰੇ ਲਿਖਿਆ ਹੈ। ਪੈਸੇ ਦੀ ਦੁਰਵਰਤੋਂ ਦੇ ਦੋਸ਼ ਵਿਚ ਚਿੱਤਰਕਲਾ ਨੂੰ ਪ੍ਰਾਈਵੇਟ ਅਦਾਰੇ ਦੇ ਮਾਲਕਾਂ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ਸੁਸਾਇਡ ਨੋਟ ’ਚ ਉਨ੍ਹਾਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨਾਲ ਬੇਇਨਸਾਫ਼ੀ ਹੋਈ ਹੈ ਤੇ ਵੱਡੇ ਅਧਿਕਾਰੀਆਂ ਤੋਂ ਮੰਗ ਕਰਨ ਦੇ ਬਾਵਜੂਦ ਨਿਆਂ ਨਹੀਂ ਮਿਲਿਆ। ਸਾਈਂ ਕ੍ਰਿਸ਼ਨਾ ਐਪ ਆਧਾਰਤ ਸੇਵਾ ’ਚ ਡਰਾਈਵਰ ਵਜੋਂ ਕੰਮ ਕਰ ਰਹੇ ਸਨ। ਪੁਲਿਸ ਨੂੰ ਸ਼ੱਕ ਹੈ ਕਿ ਜੋੜੇ ਨੇ ਵੀਰਵਾਰ ਨੂੰ ਇਹ ਕਦਮ ਚੁੱਕਿਆ ਹੋਵੇਗਾ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।