ਬੈਂਗਲੁਰੂ (ਏਜੰਸੀ) : ਇੱਥੇ ਸੀਨੀਅਰ ਇਸਤਰੀ ਭੋਇੰ-ਵਿਗਿਆਨੀ ਦੇ ਘਰ ਵਿਚ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ। ਮਿ੍ਰਤਕ ਵਿਗਿਆਨੀ ਦਾ ਨਾਂ ਕੇਐੱਸ ਪ੍ਰਤਿਮਾ (43 ਸਾਲ) ਹੈ। ਇਹ ਘਟਨਾ ਸ਼ਨਿੱਚਰਵਾਰ ਰਾਤ ਦੀ ਦੱਸੀ ਜਾ ਰਹੀ ਹੈ। ਕਤਲ ਕੀਤੀ ਗਈ ਵਿਗਿਆਨੀ ਔਰਤ ਕਰਨਾਟਕ ਦੇ ਜਿਓਲੋਜੀ ਵਿਭਾਗ ਦੀ ਡਿਪਟੀ ਡਾਇਰੈਕਟਰ ਸੀ।

ਪੁਲਿਸ ਅਨੁਸਾਰ ਗਲਾ ਘੁੱਟਣ ਤੇ ਫਿਰ ਗਲਾ ਵੱਢਣ ਮਗਰੋਂ ਔਰਤ ਵਿਗਿਆਨੀ ਦੀ ਮੌਤ ਹੋਈ ਹੈ। ਬੈਂਗਲੁਰੂ ਸ਼ਹਿਰ ਦੀ ਦੱਖਣੀ ਡਵੀਜ਼ਨ ਦੇ ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਸ਼ਾਹਪੁਰਵਾਡ ਨੇ ਦੱਸਿਆ ਕਿ ਹਰ ਰੋਜ਼ ਵਾਂਗ ਪ੍ਰਤਿਮਾ ਸ਼ਨਿੱਚਰਵਾਰ ਰਾਤ ਨੂੰ ਕਰੀਬ ਅੱਠ ਵਜੇ ਘਰ ਪਰਤੀ ਸੀ। ਜਦੋਂ ਉਨ੍ਹਾਂ ਨੇ ਦੇਰ ਰਾਤ ਤੱਕ ਆਪਣੇ ਵੱਡੇ ਵੀਰ ਦੇ ਫੋਨ ਦਾ ਜਵਾਬ ਨਹੀਂ ਦਿੱਤਾ ਤਾਂ ਉਹ ਭੈਣ ਦੀ ਖ਼ੈਰੀਅਤ ਜਾਣਨ ਲਈ ਘਰ ਆ ਗਿਆ, ਜਿੱਥੋਂ ਉਸ ਨੂੰ ਕਤਲ ਬਾਰੇ ਪਤਾ ਚੱਲਿਆ। ਫਿਰ ਔਰਤ ਵਿਗਿਆਨੀ ਦੇ ਵੱਡੇ ਭਰਾ ਨੇ ਪੁਲਿਸ ਨੂੰ ਕਤਲ ਬਾਰੇ ਸੂਚਨਾ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਫਾਰੈਂਸਿਕ ਤੇ ਤਕਨੀਕੀ ਟੀਮ ਘਟਨਾ ਸਥਾਨ ’ਤੇ ਕੰਮ ਕਰ ਰਹੀ ਹੈ। ਜਾਂਚ ਲਈ ਤਿੰਨ ਟੀਮਾਂ ਗਠਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਕ ਵਾਰ ਪਤਾ ਲੱਗ ਜਾਏ ਕਿ ਆਖ਼ਰ ਅਸਲ ਵਿਚ ਹੋਇਆ ਕੀ ਸੀ, ਇਸ ਮਗਰੋਂ ਜ਼ਿਆਦਾ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਡੀਸੀ ਨੇ ਦੱਸਿਆ ਕਿ ਪ੍ਰਤਿਮਾ ਲੰਘੇ ਚਾਰ ਵਰਿ੍ਹਆਂ ਤੋਂ ਬੈਂਗਲੁਰੂ ਸ਼ਹਿਰ ਵਿਚ ਕੰਮ ਕਰ ਰਹੇ ਸਨ ਤੇ ਇਕੱਲੇ ਰਹਿੰਦੇ ਸਨ। ਅਧਿਕਾਰੀ ਨੇ ਅੱਗੇ ਦੱਸਿਆ ਕਿ ਪਹਿਲੀ ਨਜ਼ਰੇ ਇੰਝ ਜਾਪਦਾ ਹੈ ਕਿ ਇਹ ਕਤਲ ਗਲਾ ਘੁੱਟਣ ਤੇ ਵੱਢਣ ਕਰ ਕੇ ਹੋਇਆ ਹੈ। ਘਰ ਵਿਚ ਕਿਸੇ ਤਰ੍ਹਾਂ ਦੀ ਚੋਰੀ ਜਾਂ ਲੁੱਟ ਦੇ ਕੋਈ ਨਿਸ਼ਾਨ ਨਜ਼ਰ ਨਹੀਂ ਆਏ ਹਨ। ਘਟਨਾ ਨੂੰ ਲੈ ਕੇ ਪੁੱਛੇ ਗਏ ਸਵਾਲ ’ਤੇ ਪ੍ਰਤੀਕਿਰਿਆ ਕਰਦੇ ਹੋਏ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਹੈ ਕਿ ਇਸ ਭਿਆਨਕ ਕਤਲ ਸਬੰਧੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲੇ ਤਕ ਕਤਲ ਦੀ ਵਜ੍ਹਾ ਬਾਰੇ ਕੁਝ ਵੀ ਸਾਹਮਣੇ ਨਹੀਂ ਆ ਸਕਿਆ ਹੈ ਪਰ ਹਰ ਪਹਿਲੂ ਤੋਂ ਜਾਂਚ ਕਰਨ ਦੇ ਹੁਕਮ ਕਰ ਦਿੱਤੇ ਹਨ। ਸੂਤਰਾਂ ਮੁਤਾਬਕ ਕਤਲ ਕੀਤੀ ਔਰਤ ਵਿਗਿਆਨੀ ਦਾ ਪਤੀ ਸ਼ਿਵਮੋਗਾ ਜ਼ਿਲ੍ਹੇ ਦੇ ਤੀਰਥਹੱਲੀ ਵਿਚ ਰਹਿੰਦਾ ਹੈ।