ਸਟਾਫ ਰਿਪੋਰਟਰ, ਖੰਨਾ : ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੇ ਸਬੰਧੀ ਪੰਜਾਬ ਸਰਕਾਰ ਦੇ ਕਾਨੂੰਨ ਤਹਿਤ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਖੰਨਾ ਇਕਾਈ ਦੇ ਸਹਿਯੋਗੀ ਗੁਰਨਾਮ ਸਿੰਘ ਸੀਤਲ, ਕੰਵਲਜੀਤ ਸਿੰਘ, ਸ਼ਮਸ਼ੇਰ ਸਿੰਘ ਘੁੰਮਣ ਨੇ ਏਐੱਸ ਕਾਲਜ ਫਾਰ ਵਿਮੈਨ ਖੰਨਾ ਦੇ ਪਿੰ੍ਸੀਪਲ ਡਾ. ਪ੍ਰਭਜੀਤ ਕੌਰ ਨਾਲ ਮੁਲਾਕਾਤ ਕੀਤੀ। ਪਿੰ੍ਸੀਪਲ ਡਾ. ਪ੍ਰਭਜੀਤ ਕੌਰ ਨੇ ਦੱਸਿਆ ਉਹ ਤੇ ਕਾਲਜ ਸਟਾਫ ਪੰਜਾਬੀ ਭਾਸ਼ਾ ਦੇ ਲਈ ਸੁਹਿਰਦ ਹਨ।
ਇਸੇ ਤਹਿਤ ਕਾਲਜ ਵੱਲੋਂ ਪੰਜਾਬੀ ਭਾਸ਼ਾ ਦੀ ਮਹੱਤਤਾ ਸਬੰਧੀ ਸੱਭਿਆਰਚਾਰਕ ਪੋ੍ਗਰਾਮ ਕਰਵਾਏ ਜਾਂਦੇ ਹਨ। ਉਨ੍ਹਾਂ ਵੱਲੋਂ ਹਰ ਵਿਭਾਗ ਤੇ ਮੁੱਖ ਬੋਰਡ ਪੰਜਾਬੀ ‘ਚ ਕਰਵਾਏ ਗਏ ਹਨ। ਉਨ੍ਹਾਂ ਕਿਹਾ ਅਜੋਕੇ ਸਮੇਂ ਦੀ ਤ੍ਰਾਸਦੀ ਹੈ ਕਿ ਕੁੱਝ ਲੋਕ ਪੰਜਾਬੀ ਹੋਣ ਦਾ ਮਾਣ ਤਾਂ ਕਰਦੇ ਹਨ ਪਰ ਪੰਜਾਬੀ ਪੜ੍ਹਣ ਤੇ ਲਿਖਣ ‘ਚ ਨਿਰਾਦਰ ਸਮਝਦੇ ਹਨ। ਪੰਜਾਬੀ ਦੀ ਦੁਰਦਸ਼ਾ ਦਾ ਵੱਡਾ ਕਾਰਨ ਸਰਕਾਰਾਂ ਦਾ ਪੰਜਾਬ ਪ੍ਰਤੀ ਅਵੇਸਲਾਪਣ ਹੈ। ਉਨ੍ਹਾਂ ਕਿਹਾ ਪੰਜਾਬੀ ਭਾਸ਼ਾ ਦਾ ਜੋ ਜਾਇਕਾ ਹੈ ਉਹ ਹੋਰ ਭਾਸ਼ਾਵਾਂ ‘ਚ ਨਹੀਂ ਹੈ।


