ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਵਿਖੇ ਦੀਵਾਲੀ ਤੇ ਬੰਦੀਛੋੜ ਦਿਵਸ ਦਾ ਤਿਉਹਾਰ ਲੋਕਾਂ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਤਿਉਹਾਰ ਦੇ ਮੱਦੇਨਜ਼ਰ ਜਿੱਥੇ ਬਾਜ਼ਾਰਾਂ ‘ਚ ਭਾਰੀ ਰੌਣਕ ਦੇਖਣ ਨੂੰ ਮਿਲੀ ਉੱਥੇ ਲੋਕਾਂ ਨੇ ਖ਼ੂਬ ਖਰੀਦਦਾਰੀ ਕੀਤੀ।

ਸਵੇਰ ਤੋਂ ਹੀ ਬਾਜ਼ਾਰਾਂ ‘ਚ ਲੋਕਾਂ ਨੇ ਮਠਿਆਈ, ਪਟਾਕੇ ਤੇ ਹੋਰ ਘਰ ‘ਚ ਪੂਜਾ ਦੀ ਸਮੱਗਰੀ ਦਾ ਸਾਮਾਨ ਖਰੀਦਿਆ ਤੇ ਸ਼ਾਮ ਤਕ ਖੂਬ ਰੌਣਕ ਰਹੀ। ਦੇਰ ਸ਼ਾਮ ਲੋਕਾਂ ਵੱਲੋਂ ਗੁਰਦੁਆਰਾ ਸਾਹਿਬਾਨਾਂ ਤੇ ਮੰਦਰਾਂ ‘ਚ ਜਾ ਕੇ ਦੀਪਮਾਲਾ ਕਰ ਸੁੱਖ ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ, ਗਨੀ ਖਾਂ ਨਬੀ ਖਾਂ, ਚੁਬਾਰਾ ਸਾਹਿਬ, ਸਿੰਘ ਸਭਾ ਤੋਂ ਇਲਾਵਾ ਦੁਰਗਾ ਸ਼ਕਤੀ ਮੰਦਰ, ਸ਼੍ਰੀ ਸ਼ਿਵਾਲਾ ਬ੍ਹਮਚਾਰੀ ਮੰਦਰ ਤੇ ਰਾਮ ਬਾਗ ਸਮੇਤ ਹੋਰ ਧਾਰਮਿਕ ਅਸਥਾਨਾਂ ਵਿਖੇ ਜਾ ਕੇ ਸ਼ਰਧਾਲੂ ਨਤਮਸਤਕ ਹੋਏ।

ਲੋਕਾਂ ਵੱਲੋਂ ਘਰਾਂ ‘ਚ ਮਾਤਾ ਲਕਸ਼ਮੀ ਦੀ ਪੂਜਾ ਕਰ ਘਰ ‘ਚ ਸੁੱਖ ਸ਼ਾਂਤੀ ਮੰਗੀ। ਦੀਵਾਲੀ ਦੇ ਪਟਾਖਿਆਂ ਤੋਂ ਕਿਸੇ ਵੀ ਤਰ੍ਹਾਂ ਦੀ ਅੱਗ ਲੱਗਣ ਦੀ ਘਟਨਾ ਸਾਹਮਣੇ ਨਹੀਂ ਆਈ। ਲੋਕਾਂ ਦੀ ਸੁਰੱਖਿਆ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਰਹੀ। ਦੀਵਾਲੀ ‘ਤੇ ਸ਼ਾਮ ਨੂੰ ਸ਼ੁਰੂ ਹੋਇਆ ਪਟਾਕਿਆਂ ਦਾ ਦੌਰ ਦੇਰ ਰਾਤ 11 ਵਜੇ ਤਕ ਜਾਰੀ ਰਿਹਾ ਤੇ ਅਸਮਾਨ ਰੰਗ-ਬਿਰੰਗੀ ਰੌਸ਼ਨੀ ਨਾਲ ਜਗਮਗਾਉਂਦਾ ਰਿਹਾ।