ਅਭਿਸ਼ੇਕ ਤ੍ਰਿਪਾਠੀ, ਧਰਮਸ਼ਾਲਾ : ਦੁਨੀਆ ਦੇ ਸਭ ਤੋਂ ਸੁੰਦਰ ਕ੍ਰਿਕਟ ਮੈਦਾਨਾਂ ਵਿਚੋਂ ਇਕ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ (ਐੱਚਪੀਸੀਏ) ਸਟੇਡੀਅਮ ’ਤੇ ਐਤਵਾਰ ਨੂੰ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਵਿਸ਼ਵ ਕੱਪ ਦਾ ਆਪਣਾ ਪੰਜਵਾਂ ਮੁਕਾਬਲਾ ਖੇਡਣ ਉਤਰੇਗੀ। ਆਸਟ੍ਰੇਲੀਆ, ਅਫਗਾਨਿਸਤਾਨ, ਪਾਕਿਸਤਾਨ ਤੇ ਫਿਰ ਬੰਗਲਾਦੇਸ਼ ਦੇ ਵਿਰੁੱਧ ਟੀਮ ਭਾਰਤ ਜਿਸ ਤਰ੍ਹਾਂ ਨਿਡਰ ਹੋ ਕੇ ਖੇਡੀ ਹੈ ਉਸ ਤੋਂ ਉਸ ਨੂੰ ਰੋਕਣਾ ਮੁਸ਼ਕਿਲ ਲੱਗ ਰਿਹਾ ਹੈ। ਪਰ ਹੁਣ ਤੱਕ ਟੂਰਨਾਮੈਂਟ ਵਿਚ ਅਜੇਤੂ ਭਾਰਤੀ ਟੀਮ ਦਾ ਸਾਹਮਣਾ ਇਕ ਹੋਰ ਅਜੇਤੂ ਟੀਮ ਨਿਊਜ਼ੀਲੈਂਡ ਨਾਲ ਹੋਵੇਗਾ। ਦੋਵੇਂ ਹੀ ਟੀਮਾਂ ਲਈ ਇਹ ਮੁਕਾਬਲਾ ਸਭ ਤੋਂ ਵੱਡਾ ਟੈਸਟ ਹੋਣ ਜਾ ਰਿਹਾ ਹੈ। ਇਸ ਮੈਚ ਵਿਚ ਤੈਅ ਹੋ ਜਾਵੇਗਾ ਕਿ ਟੂਰਨਾਮੈਂਟ ਵਿਚ ਕਿਹੜੀ ਟੀਮ ਅੱਗੇ ਵੀ ਅਜੇਤੂ ਰਹਿਣ ਵਾਲੀ ਹੈ ਤੇ ਕਿਸਦਾ ਜੇਤੂ ਰੱਥ ਧਰਮਸ਼ਾਲਾ ਵਿਚ ਆ ਕੇ ਰੁੱਕ ਜਾਵੇਗਾ। ਜੇਕਰ ਹੁਣ ਤੱਕ ਦੋਵੇਂ ਟੀਮਾਂ ਦੇ ਪ੍ਰਦਰਸ਼ਨ ’ਤੇ ਨਜ਼ਰ ਮਾਰੀਏ ਤਾਂ ਭਾਰਤ ਤੇ ਨਿਊਜ਼ੀਲੈਂਡ ਨੇ ਸਾਰੇ ਵਿਭਾਗਾਂ ਵਿਚ ਚੰਗਾ ਪ੍ਰਦਰਸ਼ਨ ਦਿਖਾਇਆ ਹੈ। ਜੇਕਰ ਗੱਲ ਭਾਰਤੀ ਗੇਂਦਬਾਜ਼ੀ ਦੀ ਕਰੀਏ ਤਾਂ ਸਿਖਰਕ੍ਰਮ ਤੋਂ ਲੈ ਕੇ ਮੱਧਕ੍ਰਮ ਨੇ ਆਪਣੀ ਜ਼ਿੰਮੇਦਾਰੀ ਬਾਖੂਬੀ ਨਿਭਾਈ ਹੈ। ਆਸਟ੍ਰੇਲੀਆ ਵਿਰੁੱਧ ਜੇਕਰ ਭਾਰਤ ਦਾ ਸਿਖਰਕ੍ਰਮ ਅਸਫਲ ਰਿਹਾ ਤਾਂ ਮੱਧਕ੍ਰਮ ਨੇ ਟੀਮ ਨੂੰ ਜਿੱਤ ਦਿਵਾਈ। ਅਫਗਾਨਿਸਤਾਨ ਦੇ ਵਿਰੁੱਧ ਰੋਹਿਤ ਨੇ ਸ਼ਾਨਦਾਰ ਸੈਂਕੜਾ ਲਾਇਆ ਤੇ ਕੋਹਲੀ ਨੇ ਅਰਧ ਸੈਂਕੜੇ ਦੇ ਨਾਲ ਮੈਚ ਜਿਤਾਇਆ। ਬੰਗਲਾਦੇਸ਼ ਦੇ ਵਿਰੁੱਧ ਰੋਹਿਤ-ਸ਼ੁਭਮਨ ਨੇ ਤੇਜ਼ ਸ਼ੁਰੂਆਤ ਦਿਵਾਈ ਤਾਂ ਕਿੰਗ ਕੋਹਲੀ ਨੇ ਸੈਂਕੜਾ ਲਾ ਕੇ ਟੀਮ ਦੀ ਜੇਤੂ ਲੈਅ ਕਾਇਮ ਰੱਖੀ। ਉਥੇ ਹੀ ਨਿਊਜ਼ੀਲੈਂਡ ਦੇ ਬੱਲੇਬਾਜ਼ ਵੀ ਪੂਰੇ ਰੰਗ ਵਿਚ ਦਿਖੇ ਹਨ। ਇੰਗਲੈਂਡ ਦੇ ਵਿਰੁੱਧ ਰਚਿਨ ਰਵਿੰਦਰਾ ਤੇ ਡੋਵੇਨ ਕਾਨਵੇ ਨੇ ਮੈਚ ਜੇਤੂ ਪਾਰੀ ਖੇਡੀ। ਨੀਦਰਲੈਂਡ ਦੇ ਵਿਰੁੱਧ ਉਸ ਦੇ ਮੱਧਕ੍ਰਮ ਨੇ ਦੌੜਾਂ ਬਣਾਈਆਂ ਤਾਂ ਬੰਗਲਾਦੇਸ਼ ਦੇ ਵਿਰੁੱਧ ਕਪਤਾਨ ਕੇਨ ਵਿਲੀਅਮਸਨ ਤੇ ਡੇਰੇਲ ਮਿਸ਼ੇਲ ਨੇ ਅਰਧ ਸੈਂਕੜਾ ਲਾਉਂਦੇ ਹੋਏ ਜਿੱਤ ਦਿਵਾਈ। ਅਫਗਾਨਿਸਤਾਨ ਦੇ ਵਿਰੁੱਧ ਜਦੋਂ ਟੀਮ 110 ਦੌੜਾਂ ’ਤੇ ਚਾਰ ਵਿਕਟ ਗੁਆ ਕੇ ਸੰਕਟ ਵਿਚ ਸੀ ਤਾਂ ਗਲੇਨ ਫਿਲਿਪਸ ਤੇ ਟਾਮ ਲਾਥਮ ਟੀਮ ਦੇ ਲਈ ਸੰਕਟਮੋਚਕ ਬਣੇ। ਕੁਲ ਮਿਲਾ ਕੇ ਭਾਰਤ ਤੇ ਨਿਊਜ਼ੀਲੈਡ ਦੀ ਬੱਲੇਬਾਜ਼ੀ ਆਪਣੇ ਪੂਰੇ ਰੰਗ ਵਿਚ ਦਿਖ ਰਹੀ ਹੈ। ਹਾਲਾਂਕਿ ਗੇਂਦਬਾਜ਼ੀ ਵਿਚ ਭਾਰਤੀ ਟੀਮ ਕੀਵੀਆਂ ਤੋਂ ਬਿਹਤਰ ਦਿੱਖ ਰਹੀ ਹੈ। ਜਸਪ੍ਰੀਤ ਬੁਮਰਾਹ ਤੇ ਸਿਰਾਜ ਜਿੱਥੇ ਨਵੀਂ ਗੇਂਦ ਦੇ ਨਾਲ ਨਾਲ ਪੁਰਾਣੀ ਗੇਂਦ ਨਾਲ ਵੀ ਕਹਿਰ ਬਰਸਾ ਰਹੇ ਹਨ ਤਾਂ ਸਪਿਨ ਵਿਚ ਕੁਲਦੀਪ ਯਾਦਵ ਤੇ ਰਵਿੰਦਰ ਜਡੇਜਾ ਦੀ ਫਿਰਕੀ ਦਾ ਬੱਲੇਬਾਜ਼ਾਂ ਦੇ ਕੋਲ ਕੋਈ ਤੋੜ ਨਹੀਂ ਦਿੱਖ ਰਿਹਾ ਹੈ। ਪਰ ਨਿਊਜ਼ੀਲੈਂਡ ਦੀ ਗੇਂਦਬਾਜ਼ਾਂ ਨੂੰ ਵੀ ਘੱਟ ਨਹੀਂ ਕਿਹਾ ਜਾ ਸਕਦਾ ਹੈ। ਮੈਟ ਹੈਨਰੀ, ਟ੍ਰੇਂਟ ਬੋਲਟ, ਲਾਕੀ ਫਰਗੂਸਨ ਨੇ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ।

ਸੱਤ ਸਾਲ ਬਾਅਦ ਹੋਣਗੇ ਆਹਮੋ-ਸਾਹਮਣੇ

ਭਾਰਤ ਤੇ ਨਿਊਜ਼ੀਲੈਂਡ ਸੱਤ ਸਾਲ ਬਾਅਦ ਧਰਮਸ਼ਾਲਾ ਦੇ ਮੈਦਾਨ ’ਤੇ ਆਹਮੋ ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਦੋਵਾਂ ਵਿਚਾਲੇ 16 ਅਕਤੂਬਰ 2016 ਨੂੰ ਵਨਡੇ ਮੁਕਾਬਲਾ ਖੇਡਿਆ ਗਿਆ ਸੀ, ਜਿਸ ਵਿਚ ਭਾਰਤ ਨੇ ਕੀਵੀ ਟੀਮ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ।

ਹਾਰਦਿਕ ਪਾਂਡਿਆ ਨਹੀਂ ਖੇਡਣਗੇ

ਆਲਰਾਊਂਡਰ ਹਾਰਦਿਕ ਪਾਂਡਿਆ ਨਿਊਜ਼ੀਲੈਂਡ ਦੇ ਵਿਰੁੱਧ ਮੈਚ ਵਿਚ ਨਹੀਂ ਖੇਡਣਗੇ। ਪੁਣੇ ਵਿਚ ਬੰਗਲਾਦੇਸ਼ ਦੇ ਵਿਰੁੱਧ ਪਾਂਡਿਆ ਦਾ ਗਿੱਟਾ ਮੁੜ ਗਿਆ ਸੀ ਜਿਸ ਤੋਂ ਬਾਅਦ ਮੈਦਾਨ ਤੋਂ ਬਾਹਰ ਚੱਲਾ ਗਿਆ ਸੀ। ਇਸ ਤੋਂ ਬਾਅਦ ਪਾਂਡਿਆ ਦਾ ਸਕੈਨ ਕੀਤਾ ਗਿਆ ਸੀ ਜਿਸ ਦੇ ਬਾਅਦ ਉਹ ਰਿਕਵਰੀ ਲਈ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨਸੀਏ) ਚਲਾ ਗਿਆ। ਬੀਸੀਸੀਆਈ ਨੇ ਦੱਸਿਆ ਕਿ ਭਾਰਤੀ ਟੀਮ ਦੇ ਉਪਕਪਤਾਨ ਹਾਰਦਿਕ ਆਪਣੀ ਹੀ ਗੇਂਦ ’ਤੇ ਫੀਲਡਿੰਗ ਕਰਦੇ ਸਮੇਂ ਆਪਣਾ ਖੱਬਾ ਗਿੱਟਾ ਜ਼ਖਮੀ ਕਰਾ ਬੈਠਾ ਸੀ। ਸਕੈਨ ਤੋਂ ਬਾਅਦ ਹਾਰਦਿਕ ਨੂੰ ਆਰਾਮ ਦੀ ਸਲਾਹ ਦਿੱਤੀ ਗਈ ਹੈ। ਉਹ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ਵਿਚ ਰਹਿਣਗੇ। ਉਹ ਧਰਮਸ਼ਾਲਾ ਨਹੀਂ ਜਾ ਰਹੇ ਹਨ ਤੇ ਸਿੱਧੇ ਲਖਨਊ ਵਿਚ ਟੀਮ ਦੇ ਨਾਲ ਜੁੜਨਗੇ। ਧਰਮਸ਼ਾਲਾ ਵਿਚ ਐਤਵਾਰ ਨੂੰ ਮੈਚ ਖੇਡਣ ਤੋਂ ਬਾਅਦ ਭਾਰਤੀ ਟੀਮ ਨੂੰ ਸਿੱਧੇ 29 ਅਕਤੂਬਰ ਨੂੰ ਇੰਗਲੈਂਡ ਦੇ ਵਿਰੁੱਧ ਖੇਡਣਾ ਹੈ।