ਟਰੰਪ ਦੀ ਪਹਿਲਕਦਮੀ ਲਿਆਈ ਰੰਗ: ਰੂਸ-ਯੂਕਰੇਨ ਵਿਚਾਲੇ ਸਭ ਤੋਂ ਵੱਡੀ ਕੈਦੀ ਅਦਲਾ-ਬਦਲੀ ‘ਤੇ ਸਹਿਮਤੀ, ਅਬੂ ਧਾਬੀ ‘ਚ ਹੋਈ ਮੀਟਿੰਗ
ਅਬੂ ਧਾਬੀ: ਅਮਰੀਕਾ ਦੀ ਵਿਚੋਲਗੀ ਨਾਲ ਅਬੂ ਧਾਬੀ ਵਿਖੇ ਰੂਸ ਅਤੇ ਯੂਕਰੇਨ ਵਿਚਾਲੇ ਦੋ ਦਿਨ ਤੱਕ ਚੱਲੀ ਅਹਿਮ ਮੀਟਿੰਗ ਬੁੱਧਵਾਰ ਨੂੰ ਖਤਮ ਹੋ ਗਈ ਹੈ। ਇਸ ਗੱਲਬਾਤ ਦੌਰਾਨ ਦੋਵੇਂ ਦੇਸ਼ ਜੰਗੀ ਕੈਦੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅਦਲਾ-ਬਦਲੀ ਕਰਨ 'ਤੇ ਸਹਿਮਤ ਹੋ ਗਏ ਹਨ। ਹਾਲਾਂਕਿ, ਕਿੰਨੇ ਕੈਦੀ ਰਿਹਾਅ ਕੀਤੇ ਜਾਣਗੇ, ਇਸਦੀ ਅੰਤਿਮ ਗਿਣਤੀ ਵੀਰਵਾਰ ਨੂੰ ਤੈਅ ਕੀਤੀ ਜਾਵੇਗੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੇਰੇਡ ਕੁਸ਼ਨਰ ਨੇ ਦੱਸਿਆ ਕਿ ਇਸ ਮੀਟਿੰਗ ਦਾ ਸਭ ਤੋਂ ਵੱਡਾ ਸਕਾਰਾਤਮਕ ਪਹਿਲੂ ਇਹ ਰਿਹਾ ਕਿ ਦੋਵੇਂ ਧਿਰਾਂ ਮਾਨਵਤਾ ਦੇ ਆਧਾਰ 'ਤੇ ਵੱਡੀ ਗਿਣਤੀ ਵਿੱਚ ਕੈਦੀਆਂ ਦੀ ਰਿਹਾਈ ਲਈ ਰਾਜ਼ੀ ਹੋ ਗਈਆਂ ਹਨ। ਰੂਸੀ ਵਫ਼ਦ ਦੇ ਮੁਖੀ ਵਲਾਦੀਮੀਰ ਮੇਡਿੰਸਕੀ ਅਤੇ ਯੂਕਰੇਨ ਵੱਲੋਂ ਅਗਵਾਈ ਕਰ ਰਹੇ ਰੁਸਤੇਮ ਉਮੇਰੋਵ ਨੇ ਵੀ ਇਸ ਸਹਿਮਤੀ ਦੀ ਪੁਸ਼ਟੀ ਕੀਤੀ ਹੈ। ਕਰੀਬ ਨੌਂ ਮਹੀਨਿਆਂ ਬਾਅਦ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਵਿਚਾਲੇ ਇਹ ਪਹਿਲੀ ਸਿੱਧੀ ਗੱਲਬਾਤ ਸੀ। ਇਸ ਤੋਂ ਪਹਿਲਾਂ ਫਰਵਰੀ ਵਿੱਚ ਜਨੇਵਾ ਵਿਖੇ ਮੀਟਿੰਗ ਹੋਈ ਸੀ।
ਕੁਸ਼ਨਰ ਅਤੇ ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕਾਫ ਸ਼ਾਂਤੀ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਲਈ ਵੀਰਵਾਰ ਨੂੰ ਮਾਸਕੋ ਵਿਖੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਫਿਰ ਡਬਲਿਨ ਵਿਖੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕਰਨਗੇ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਇਸ ਮੀਟਿੰਗ ਨੂੰ ਸਾਰਥਕ ਦੱਸਦਿਆਂ ਕਿਹਾ ਕਿ ਇਸ ਵਿੱਚ ਯੂਕਰੇਨ ਦੀ ਸੁਰੱਖਿਆ ਗਾਰੰਟੀ ਬਾਰੇ ਵੀ ਚਰਚਾ ਹੋਈ। ਭਾਵੇਂ ਅਜੇ ਜੰਗ ਨੂੰ ਪੂਰੀ ਤਰ੍ਹਾਂ ਰੋਕਣ ਨੂੰ ਲੈ ਕੇ ਮਤਭੇਦ ਬਰਕਰਾਰ ਹਨ ਅਤੇ ਦੋਵੇਂ ਦੇਸ਼ ਡਰੋਨਾਂ ਤੇ ਮਿਜ਼ਾਈਲਾਂ ਨਾਲ ਹਮਲੇ ਕਰ ਰਹੇ ਹਨ, ਪਰ ਇਸ ਕੈਦੀ ਅਦਲਾ-ਬਦਲੀ ਨੂੰ ਸ਼ਾਂਤੀ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।



