ਮਨੋਰੰਜਨ ਡੈਸਕ, ਨਵੀਂ ਦਿੱਲੀ : ਅਦਾਕਾਰ ਰਣਦੀਪ ਹੁੱਡਾ ਕੱਲ੍ਹ ਯਾਨੀ 29 ਨਵੰਬਰ ਨੂੰ ਆਪਣੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ ਵਿਆਹ ਕਰਨ ਜਾ ਰਿਹਾ ਹੈ। ਪਿਛਲੇ ਕਾਫੀ ਸਮੇਂ ਤੋਂ ਇਸ ਜੋੜੇ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। 26 ਨਵੰਬਰ ਨੂੰ ਰਣਦੀਪ ਆਪਣੀ ਹੋਣ ਵਾਲੀ ਪਤਨੀ ਨਾਲ ਆਪਣੇ ਘਰ ਮਨੀਪੁਰ ਪਹੁੰਚਿਆ, ਜਿੱਥੇ ਦੋਵਾਂ ਨੇ ਵਿਆਹ ਤੋਂ ਪਹਿਲਾਂ ਪੂਜਾ ਕੀਤੀ। ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਰਣਦੀਪ ਤੇ ਲਿਨ ਪਹੁੰਚੇ ਇੰਫਾਲ
ਵਿਆਹ ਤੋਂ ਪਹਿਲਾਂ ਜੋੜੇ ਨੇ ਇੰਫਾਲ ਦੇ ਹੇਗਾਂਗ ਸਥਿਤ ਮੰਦਰ ਵਿਚ ਮੱਥਾ ਟੇਕਿਆ ਅਤੇ ਭਗਵਾਨ ਤੋਂ ਆਸ਼ੀਰਵਾਦ ਮੰਗਿਆ। ਇਸ ਦੌਰਾਨ ਜਦੋਂ ਰਣਦੀਪ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਵਿਆਹ ‘ਚ ਬਾਲੀਵੁੱਡ ਤੋਂ ਕੌਣ-ਕੌਣ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ‘ਸਿਰਫ ਮੈਂ।’ ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਵਿਆਹ ਨੂੰ ਲੈ ਕੇ ਘਬਰਾਏ ਹੋਏ ਹਨ ਤਾਂ ਅਦਾਕਾਰ ਨੇ ਕਿਹਾ, ‘ਹਰ ਕੋਈ ਹੁੰਦਾ ਹੈ।’
ਜ਼ਿਕਰਯੋਗ ਹੈ ਕਿ ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਮਣੀਪੁਰ ਦੀ ਖੂਬਸੂਰਤ ਜਗ੍ਹਾ ਇੰਫਾਲ ‘ਚ ਵਿਆਹ ਕਰਨ ਜਾ ਰਹੇ ਹਨ। ਇਸ ਜੋੜੇ ਦੀ ਪ੍ਰੀ-ਵੈਡਿੰਗ 28 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਅੱਜ ਜੋੜੇ ਦੀ ਹਲਦੀ ਅਤੇ ਮਹਿੰਦੀ ਦੀ ਰਸਮ ਹੋਣ ਜਾ ਰਹੀ ਹੈ। ਵਿਆਹ ਵਿਚ ਜੋੜੇ ਦੇ ਪਰਿਵਾਰ ਅਤੇ ਕੁਝ ਕਰੀਬੀ ਦੋਸਤਾਂ ਦੇ ਸ਼ਾਮਲ ਹੋਣ ਦੀ ਖ਼ਬਰ ਹੈ।
ਕੱਲ੍ਹ ਲੈਣਗੇ ਫੇਰੇ
ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਕੱਲ੍ਹ ਯਾਨੀ 29 ਨਵੰਬਰ ਨੂੰ ਫੇਰੇ ਲੈਣਗੇ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ‘ਤੇ ਵਿਆਹ ਦੇ ਕਾਰਡ ਦੀ ਫੋਟੋ ਸ਼ੇਅਰ ਕੀਤੀ ਸੀ, ਜਿਸ ਵਿਚ ਲਿਖਿਆ ਸੀ ਕਿ ਸਾਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਵਿਆਹ 29 ਨਵੰਬਰ, 2023 ਨੂੰ ਇੰਫਾਲ (ਮਣੀਪੁਰ) ਵਿਚ ਹੋਵੇਗਾ। ਅਸੀਂ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਵਿਚ ਤੁਹਾਡੇ ਆਸ਼ੀਰਵਾਦ ਤੇ ਪਿਆਰ ਦੀ ਉਮੀਦ ਕਰਦੇ ਹਾਂ।
.jpeg)
ਮੁੰਬਈ ‘ਚ ਹੋਵੇਗੀ ਰਿਸੈਪਸ਼ਨ
ਇੰਫਾਲ ਮਨੀਪੁਰ ਵਿਚ ਵਿਆਹ ਤੋਂ ਬਾਅਦ ਜੋੜੀ ਮੁੰਬਈ ਵਿਚ ਆਪਣੇ ਦੋਸਤਾਂ ਲਈ ਇਕ ਰਿਸੈਪਸ਼ਨ ਪਾਰਟੀ ਦਾ ਆਯੋਜਨ ਕਰੇਗੀ, ਜਿਸ ਵਿੱਚ ਕਈ ਸੈਲੇਬਸ ਸ਼ਾਮਲ ਹੋਣਗੇ। ਹਾਲਾਂਕਿ ਰਿਸੈਪਸ਼ਨ ਦੀ ਕੋਈ ਤਰੀਕ ਸਾਹਮਣੇ ਨਹੀਂ ਆਈ ਹੈ।


