ਯੂ.ਕੇ. ਦੇ ਮੰਤਰੀ ਨੇ ਕੋਹੇਨੂਰ ‘ਤੇ ਭਾਰਤ ਦੇ ਦਾਅਵੇ ਨੂੰ ਨਕਾਰਿਆ, ਸਿੱਖ ਜਥੇਬੰਦੀ ਨੇ ਕੀਤਾ ਸਵਾਗਤ

ਲੰਦਨ: ਆਈ.ਬੀ. ਟਾਈਮਸ ਦੀ ਰਿਪੋਰਟ ਮੁਤਾਬਕ, ਯੂ.ਕੇ. ਦੇ ਨਵੇਂ ਬਣੇ ਮੰਤਰੀ ਨੇ ਕੋਹੇਨੂਰ ਹੀਰੇ ‘ਤੇ ਭਾਰਤ ਦੇ ਦਾਅਵੇ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਕੋਹੇਨੂਰ ਨੂੰ 1849 ‘ਚ ਈਸਟ ਇੰਡੀਆ ਕੰਪਨੀ ਬਰਤਾਨੀਆ ਦੇ ਰਾਜ ਵੇਲੇ ਪੰਜਾਬ ਤੋਂ ਲੈ ਗਈ ਸੀ ਅਤੇ ਬਰਤਾਨੀਆ ਦੇ ਤਾਜ ਦਾ ਹਿੱਸਾ ਬਣਾ ਲਿਆ ਸੀ।ਅਲੋਕ ਸ਼ਰਮਾ ਨੇ ਆਪਣੀ ਤਿੰਨ ਦਿਨਾਂ ਭਾਰਤ ਯਾਤਰਾ ਦੌਰਾਨ ਕਿਹਾ ਕਿ ਇਸ ਗੱਲ ਦਾ ਕੋਈ ਕਾਨੂੰਨੀ ਆਧਾਰ ਨਹੀਂ ਕਿ ਭਾਰਤ ਨੂੰ ਹੀਰਾ ਵਾਪਸ ਦਿੱਤਾ ਜਾਵੇ।ਜ਼ਿਕਰਯੋਗ ਹੈ ਕਿ ਬਰਤਾਨੀਆ ਦੀ ਨਵੀਂ ਬਣੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਅਲੋਕ ਸ਼ਰਮਾ ਨੂੰ ਏਸ਼ੀਆ ਅਤੇ ਆਸਟ੍ਰੇਲੀਆ ਮਾਮਲਿਆਂ ਦਾ ਮੰਤਰੀ ਬਣਾਇਆ ਹੈ।ਆਈ.ਬੀ. ਟਾਈਮਸ ਦੀ ਰਿਪੋਰਟ ਮੁਤਾਬਕ ਬਰਤਾਨੀਆ ਆਧਾਰਤ ਸਿੱਖ ਜਥੇਬੰਦੀ ਨੇ ਸ਼ਰਮਾ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੇ ਇਸ ਬਿਆਨ ਦਾ ਸਵਾਗਤ ਕੀਤਾ ਹੈ।ਭਾਈ ਅਮਰੀਕ ਸਿੰਘ, ਚੇਅਰਮੈਨ ਸਿੱਖ ਫੈਡਰੇਸ਼ਨ ਯੂ.ਕੇ. ਨੇ ਚਿੱਠੀ ਵਿਚ ਲਿਖਿਆ, “ਕੋਹੇਨੂਰ ਹੀਰੇ ਦੇ ਸਬੰਧ ‘ਚ ਤੁਹਾਡਾ ਬਿਆਨ ਪੜ੍ਹ ਕੇ ਸਾਨੂੰ ਬਹੁਤ ਖੁਸ਼ੀ ਹੋਈ। ਅਸੀਂ ਪਹਿਲਾਂ ਹੀ ਇਹ ਗੱਲ ਕਹਿ ਚੁੱਕੇ ਹਾਂ ਕਿ ਕਾਨੂੰਨਨ ਭਾਰਤ ਦਾ ਕੋਈ ਹੱਕ ਨਹੀਂ ਬਣਦਾ ਕੋਹੇਨੂਰ ‘ਤੇ।”ਭਾਈ ਅਮਰੀਕ ਸਿੰਘ ਨੇ ਕਿਹਾ ਕਿ ਕੋਹੇਨੂਰ ਐਂਗਲੋ-ਸਿੱਖ ਸੰਧੀ ਦੇ ਆਧਾਰ ‘ਤੇ ਬਰਤਾਨੀਆ ਪਹੁੰਚਿਆ ਸੀ। ਕੋਹੇਨੂਰ ਦਾ ਭਵਿੱਖ ਭਰਤਾਨੀਆ ਅਤੇ ਕੌਮਾਂਤਰੀ ਸਿੱਖ ਭਾਈਚਾਰੇ ਦੇ ਵਿਚਕਾਰ ਦਾ ਹੈ।

Be the first to comment

Leave a Reply