ਪਾਕਿਸਤਾਨ ਦੀ ਮੁਲਤਾਨ ਯੂਨੀਵਰਸਟੀ ‘ਚ ਐਮ.ਏ. ਪੰਜਾਬੀ ਦਾ ਵਿਸ਼ਾ ਲਾਗੂ

ਪਟਿਆਲਾ (ਹਰਦੀਪ ਸਿੰਘ): ਪਾਕਿਸਤਾਨ ਦੀ ਮੁਲਤਾਨ ਯੂਨੀਵਰਸਿਟੀ ਵਿਚ ਚਾਲੂ ਸੈਸ਼ਨ ਤੋਂ ਐਮ.ਏ. ਪੰਜਾਬੀ ਪੜ੍ਹਾਉਣ ਦਾ ਫ਼ੈਸਲਾ ਲਾਗੂ ਹੋ ਗਿਆ ਹੈ। ਪਾਕਿਸਤਾਨ ਦੀ ਪ੍ਰਸਿੱਧ ਬਹਾਵਲਦੀਨ ਜ਼ਕਰੀਆ ਯੂਨੀਵਰਸਿਟੀ ਵਿਚ ਹੋਰਨਾਂ ਜ਼ੁਬਾਨਾਂ ਵਾਂਗ ਐਮ.ਏ. ਪੰਜਾਬੀ ਦਾ ਵਿਸ਼ਾ ਵੀ ਪੜ੍ਹਾਉਣ ਨੂੰ ਮਾਣਤਾ ਦੇਣ ਲਈ ਪੰਜਾਬੀ ਭਾਸ਼ਾ ਪ੍ਰੇਮੀ ਪਿਛਲੇ 11 ਸਾਲ ਤੋਂ ਜੱਦੋਜਹਿਦ ਕਰ ਰਹੇ ਸਨ ਜਿਸ ਵਿਚ ਉਨ੍ਹਾਂ ਨੂੰ ਸਫ਼ਲਤਾ ਮਿਲ ਹੀ ਗਈ ਹੈ।

ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਲਾਹੌਰ ਤੋਂ ਛਪਣ ਵਾਲੇ ਪ੍ਰਸਿੱਧ ਰੋਜ਼ਾਨਾ ਪੰਜਾਬੀ ਅਖ਼ਬਾਰ ‘ਲੋਕਾਈ’ ਦੇ ਹਵਾਲੇ ਨਾਲ ਦਸਿਆ ਕਿ ਪਾਕਿਸਤਾਨ ਦੀ ਇਸ ਯੂਨੀਵਰਸਿਟੀ ਵਿਚ ਸਾਲ 2005 ਵਿਚ ਸਰਾਇਕੀ ਤੇ ਫ਼ਾਰਸੀ ਜ਼ੁਬਾਨਾਂ ਦੀ ਅਕਾਦਮਿਕ ਤਾਲੀਮ ਦੇਣ ਲਈ ਤਾਂ ਫ਼ੈਸਲਾ ਹੋ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀ ਜ਼ੁਬਾਨ ਨੂੰ ਐਮ.ਏ. ਦੀ ਡਿਗਰੀ ਲਈ ਇਕ ਵਿਸ਼ੇ ਵਜੋਂ ਲਾਗੂ ਕਰਨ ਵਿਚ ਵਾਰ ਵਾਰ ਕਦੇ ਫ਼ੰਡਾਂ ਅਤੇ ਕਦੇ ਥਾਂ ਦੀ ਕਮੀ ਆਦਿ ਦੇ ਅੜਿੱਕੇ ਡਾਹੇ ਜਾਂਦੇ ਰਹੇ ਜਿਸ ਕਰ ਕੇ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ, ਪ੍ਰੋਫ਼ੈਸਰਾਂ ਅਤੇ ਲਿਖਾਰੀਆਂ ਆਦਿ ਦੇ ਸਾਂਝੇ ਉਦਮ ਸਦਕਾ ਅਦਾਲਤ ਰਾਹੀਂ ਵਾਈਸ ਚਾਂਸਲਰ ਨੂੰ ਫ਼ੈਸਲਾ ਮੰਨਣ ਲਈ ਮਜਬੂਰ ਹੋਣਾ ਹੀ ਪਿਆ।

ਡਾ. ਆਸ਼ਟ ਨੇ ਦਸਿਆ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਫ਼ੌਰੀ ਤੌਰ ‘ਤੇ 19 ਜੁਲਾਈ 2016 ਨੂੰ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਹੈ। ਪੰਜਾਬੀ ਜ਼ੁਬਾਨ ਨੂੰ ਪਿਆਰ ਕਰਨ ਵਾਲਿਆਂ ਦੀ ਜ਼ਬਰਦਸਤ ਮੰਗ ਕਾਰਨ ਵਾਈਸ ਚਾਂਸਲਰ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਨੇੜ ਭਵਿੱਖ ਵਿਚ ਇਸ ਯੂਨੀਵਰਸਿਟੀ ਵਿਚ ਪੰਜਾਬੀ ਵਿਚ ਐਮ.ਫ਼ਿਲ ਅਤੇ ਪੀ-ਐਚ.ਡੀ. ਵੀ ਕਰਵਾਉਣ ਦੀ ਰੂਪਰੇਖਾ ਵਿਉਂਤੀ ਜਾਵੇਗੀ।

Be the first to comment

Leave a Reply