ਮੈਨੂੰ ਕਿਹਾ ਗਿਆ ਕਿ ਪੰਜਾਬ ਵਲ ਮੂੰਹ ਨਾ ਕਰਾਂ, ਮੈਂ ਅਪਣੀ ਜੜ੍ਹ ਮੇਰਾ ਵਤਨ ਕਿਵੇਂ ਛੱਡ ਦੇਵਾਂ?: ਸਿੱਧੂ

ਨਵੀਂ ਦਿੱਲੀ: ਭਾਜਪਾ ‘ਚ ਬਗ਼ਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੇ ਅੱਜ ਸਪੱਸ਼ਟ ਕੀਤਾ ਕਿ ਉਸ ਨੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਕਿਉਂ ਦਿਤਾ। ਇਥੇ ਸਿਰਫ਼ 10 ਮਿੰਟ ਲੰਮੀ ਪ੍ਰੈਸ ਕਾਨਫ਼ਰੰਸ ‘ਚ ਸਿੱਧੂ ਨੇ ਕਿਹਾ, ‘ਮੈਂ ਅਸਤੀਫ਼ਾ ਇਸ ਲਈ ਦਿਤਾ ਕਿਉਂਕਿ ਮੈਨੂੰ ਕਿਹਾ ਗਿਆ ਸੀ ਕਿ ਪੰਜਾਬ ਵਲ ਮੂੰਹ ਨਾ ਕਰਾਂ। ਮੈਂ ਪੰਜਾਬ ਤੋਂ ਦੂਰ ਕਿਵੇਂ ਜਾ ਸਕਦਾ ਹਾਂ। ਇਹ ਮੇਰੀ ਜੜ੍ਹ ਹੈ, ਇਹ ਮੇਰਾ ਵਤਨ ਹੈ।’ ਉਧਰ, ਭਾਜਪਾ ਨੇ ਕਿਹਾ ਹੈ ਕਿ ਸਿੱਧੂ ਨੂੰ ਅਜਿਹਾ ਕਦੇ ਨਹੀਂ ਕਿਹਾ ਗਿਆ। ਇਸ ਸ਼ਰਤ ‘ਤੇ ਉਹ ਰਾਜ ਸਭਾ ਨਹੀਂ ਜਾਂਦੇ।

ਸਿੱਧੂ ਨੇ ਅਪਣੀ ਚੁੱਪ ਤੋੜਦਿਆਂ ਭਾਜਪਾ ਦਾ ਨਾਮ ਤਾਂ ਨਹੀਂ ਲਿਆ ਪਰ ਇਹ ਜ਼ਰੂਰ ਕਿਹਾ ਕਿ ਮੋਦੀ ਦੀ ਲਹਿਰ ਨੇ ਵਿਰੋਧੀ ਧਿਰ ਨੂੰ ਹੀ ਨਹੀਂ, ਮੈਨੂੰ ਵੀ ਡੁਬੋ ਦਿਤਾ। ਉਨ੍ਹਾਂ ਕਿਹਾ, ‘ਚਾਰ ਚੋਣਾਂ ਜਿੱਤਣ ਮਗਰੋਂ ਰਾਜ ਸਭਾ ਦੀ ਮੈਂਬਰੀ ਦੇ ਕੇ ਕਿਹਾ ਜਾਂਦਾ ਹੈ ਕਿ ਸਿੱਧੂ ਪੰਜਾਬ ਤੋਂ ਦੂਰ ਰਹੋ। ਪੰਛੀ ਵੀ ਅਪਣੇ ਘੁਰਨੇ ਵਿਚ ਮੁੜਦਾ ਹੈ। ਦੁਨੀਆਂ ਦੀ ਕੋਈ ਵੀ ਪਾਰਟੀ ਪੰਜਾਬ ਤੋਂ ਉਪਰ ਨਹੀਂ ਹੈ ਅਤੇ ਸਿੱਧੂ ਕੋਈ ਵੀ ਨਫ਼ਾ-ਨੁਕਸਾਨ ਝੱਲਣ ਲਈ ਤਿਆਰ ਹੈ।’ ਉਨ੍ਹਾਂ ਕਈ ਸ਼ੇਅਰ ਵੀ ਬੋਲੇ। ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੇ ਸਵਾਲ ਨੂੰ ਉਨ੍ਹਾਂ ਟਾਲ ਦਿਤਾ ਤੇ ਕਿਹਾ ਕਿ ਜਿਥੇ ਪੰਜਾਬ ਦਾ ਹਿਤ ਹੋਵੇਗਾ, ਉਹ ਉਥੇ ਜਾਵੇਗਾ। ਉਸ ਨੇ ਕਿਹਾ ਕਿ ਨਿਜੀ ਸਵਾਰਥਾਂ ਲਈ ਉਨ੍ਹਾਂ ਲੋਕਾਂ ਨੂੰ ਨਹੀਂ ਛੱਡ ਸਕਦਾ ਜਿਨ੍ਹਾਂ ਨੇ ਮੈਨੂੰ ਵੋਟ ਪਾਈ। ਉਨ੍ਹਾਂ ਕਿਹਾ, ‘ਕੋਈ ਸਮਾਂ ਸੀ ਜਦ ਉੱਤਰ ਭਾਰਤ ਵਿਚ ਮੈਂ ਹੀ ਜਿਤਿਆ ਸੀ। ਫਿਰ ਮੋਦੀ ਲਹਿਰ ਆ ਗਈ ਤੇ ਇਸ ਨੇ ਵਿਰੋਧੀ ਧਿਰ ਦੇ ਨਾਲ-ਨਾਲ ਸਿੱਧੂ ਨੂੰ ਵੀ ਡੁਬੋ ਦਿਤਾ। ਉਸ ਨੇ ਕਿਹਾ, ‘2004 ਦੀ ਅੰਮ੍ਰਿਤਸਰ ਚੋਣ ਲੜਨ ਲਈ ਮੈਨੂੰ ਮਹਿਜ਼ 14 ਦਿਨ ਪਹਿਲਾਂ ਕਿਹਾ ਗਿਆ ਸੀ। ਵਾਜਪਾਈ ਜੀ ਨੇ ਮੈਨੂੰ ਫ਼ੋਨ ਕਰ ਕੇ ਕਿਹਾ ਸੀ ਕਿ ਮੈਦਾਨ ‘ਚ ਡਟ ਜਾਉ ਤੇ ਮੈਂ ਡਟ ਗਿਆ।’ ਉਧਰ ਭਾਜਪਾ ਦੇ ਸੰਸਦ ਮੈਂਬਰ ਕੀਰਤੀ ਆਜ਼ਾਦ ਦੀ ਪਤਨੀ ਪੂਨਮ ਨੇ ਵੀ ਅੱਜ ਭਾਜਪਾ ‘ਤੇ ਦੋਸ਼ ਲਾਇਆ ਕਿ ਉਸ ਦੀ ਪਤੀ ਨਾਲ ਵੀ ਸਿੱਧੂ ਵਰਗਾ ਹਸ਼ਰ ਕੀਤਾ ਗਿਆ ਹੈ।

Be the first to comment

Leave a Reply