ਪਾਣੀਂ ਵਾਲੀ ਬੱਸ ਗੋਆ ਆ ਗਈ ਹੈ ਛੇਤੀ ਹਰੀ ਕੇ ਪੱਤਣ ਆਵੇਗੀ

ਚੰਡੀਗੜ (ਮੇਜਰ ਸਿੰਘ) ਸ਼੍ਰੋਮਣੀ ਅਕਾਲੀ ਦਲ-ਬੀ.ਜੇ.ਪੀ. ਗੱਠਜੋੜ ਅਗਲੀਆਂ ਚੋਣਾਂ ‘ਚ 85 ਸੀਟਾਂ ਜਿੱਤੇਗਾ ਤੇ ਆਮ ਆਦਮੀ ਪਾਰਟੀ ਨੂੰ ਸਿਰਫ਼ 10 ਸੀਟਾਂ ਆਉਣਗੀਆਂ। ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਨਹੀਂ ਕਾਂਗਰਸ ਨਾਲ ਹੈ। ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ। ਉਨਾਂ ਅੱਜ ਚੰਡੀਗੜ ‘ਚ ਪਟਿਆਲਾ ਕਾਂਗਰਸ ਦੇ ਲੀਡਰ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਬੀਰ ਦਾਸ ਨੂੰ ਸ਼੍ਰੋਮਣੀ ਅਕਾਲੀ ‘ਚ ਸ਼ਾਮਲ ਕੀਤਾ। ਹਰ ਵਾਰ ਦੀ ਤਰਾਂ ਇਸ ਵਾਰ ਵੀ ਸੁਖਬੀਰ ਬਾਦਲ ਪ੍ਰੈੱਸ ਕਾਨਫਰੰਸ ‘ਚ ਇੱਕ ਘੰਟਾ ਦੇਰੀ ਨਾਲ ਪੁੱਜੇ। ‘ਚਿੱਟੇ ਰਾਵਣ’ ਦੀ ਸਿਆਸਤ ਬਾਰੇ ਬਾਦਲ ਨੇ ਕਿਹਾ ਕਿ ਦਰਅਸਲ ਕਾਂਗਰਸੀ ਹੀ ਚਿੱਟੇ ਹਨ ਤੇ ਚਿੱਟੀ ਪੱਗ ਬੰਨਦੇ ਹਨ। ਉਨਾਂ ਕਿਹਾ ਕਿ ਕਾਂਗਰਸ ਜਿਸ ਰਾਵਣ ‘ਚ ਸਾਨੂੰ ਜਲਾਉਣ ਲੱਗੀ ਸੀ ਅਸੀਂ ਤਾਂ ਉਸ ‘ਚ ਵੀ ਨਹੀਂ ਜਲੇ। ਇਸ ਕਰਕੇ ਕਾਂਗਰਸ ਦਾ ਸਭ ਕੁਝ ਫੇਲ ਹੈ। ਉਨਾਂ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕਰਦਾ ਹਾਂ ਕਿ ਉਹ ਆਪਣੀ ਪਿਛਲੀ ਸਰਕਾਰ ਦੇ ਕੋਈ ਪੰਜ ਕੰਮ ਗਿਣਾ ਦੇਵੇ।

ਉਨਾਂ ਕਿਹਾ ਕਿ ਕੈਪਟਨ ਕੋਲ ਕੁਝ ਗਿਣਾਉਣ ਜੋਗਾ ਨਹੀਂ, ਇਸ ਲਈ ਉਹ ਚੁੱਪ ਹਨ। ਉਨਾਂ ਕਿਹਾ ਕਿ ਪੰਜਾਬ ‘ਚ ਕੈਪਟਨ ਕਿਸਾਨ ਯਾਤਰਾ ਨਹੀਂ ਝੂਠ ਯਾਤਰਾ ਕਰ ਰਹੇ ਹਨ ਤੇ ਕੈਪਟਨ ਨੇ ਸਾਰੇ ਝੂਠੇ ਲੀਡਰ ਬੱਸ ‘ਚ ਚੜਾ ਰੱਖੇ ਹਨ। ਉਨਾਂ ਕਿਹਾ ਕੈਪਟਨ ਦਾ ਕਿਸਾਨੀ ਨਾਲ ਕੋਈ ਲੈਣਾ-ਦੇਣਾ ਨਹੀਂ ਤੇ ਉਨਾਂ ਖ਼ੁਦ ਕਦੇ ਖੇਤੀ ਨਹੀਂ ਕੀਤੀ। ਇਸ ਕਰਕੇ ਕੈਪਟਨ ਕਿਸਾਨੀ ਦੇ ਮਸਲੇ ਹੱਲ ਨਹੀਂ ਕਰ ਸਕਦੇ। ਉਨਾਂ ਕਿਹਾ ਕਿ ਕਾਂਗਰਸ ਕਰਜ਼ਾ ਖ਼ਤਮ ਕਰਨ ਬਾਰੇ ਵੀ ਝੂਠ ਬੋਲ ਰਹੀ ਹੈ। ਜੇ ਸੱਚਮੁੱਚ ਕਾਂਗਰਸ ਸੱਚੀ ਹੈ ਤਾਂ ਹਿਮਾਚਲ ਪ੍ਰਦੇਸ਼ ਤੇ ਕਰਨਾਟਕ ‘ਚ ਕਾਂਗਰਸ ਦੀ ਹੀ ਸਰਕਾਰ ਹੈ। ਉੱਥੇ ਕਿਸਾਨਾਂ ਦਾ ਕਰਜ਼ ਖ਼ਤਮ ਕਿਉਂ ਨਹੀਂ ਕੀਤਾ ਜਾਂਦਾ। ਪਾਣੀ ‘ਚ ਚੱਲਣ ਵਾਲੀ ਬੱਸ ਬਾਰੇ ਉਨਾਂ ਕਿਹਾ ਕਿ ਸਾਡੀ ਬੱਸ ਗੋਆ ਆ ਚੁੱਕੀ ਹੈ ਤੇ ਜਲਦ ਹੀ ਉਹ ਬੱਸ ਪੰਜਾਬ ਦੇ ਹਰੀਕੇ ਪੱਤਣ ਆ ਜਾਵੇਗੀ। ਉਨਾਂ ਕਿਹਾ ਅਕਾਲੀ ਦਲ ਨੇ ਜਿਹੜੇ ਵੀ ਵਾਅਦੇ ਕੀਤੇ ਸਨ, ਉਹ ਸਾਰੇ ਪੂਰੇ ਕੀਤੇ ਹਨ। ਸੁਖਬੀਰ ਨੇ ਕਿਹਾ ਕਿ ਹੁਣ ਵੀ ਅਸੀਂ ਜੋ ਵਾਅਦੇ ਕਰਾਂਗੇ ਉਹ ਪੂਰੇ ਕਰਾਂਗੇ।
ਦੋ ਕਰਜ਼ਾਈ ਕਿਸਾਨਾਂ ਵਲੋਂ ਖ਼ੁਦਕੁਸ਼ੀ

ਮਾਨਸਾ (ਬੀਰਬਲ ਧਾਲੀਵਾਲ) : ਪਿੰਡ ਦਾਨੇਵਾਲਾ ਦੇ ਕਿਸਾਨ ਨੇ ਆਰਥਕ ਤੰਗੀ ਕਾਰਨ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ। ਪਿੰਡ ਦੇ ਅਕਾਲੀ ਆਗੂ ਅਤੇ ਸਹਿਕਾਰੀ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਸਵਰਨ ਸਿੰਘ ਦਾਨੇਵਾਲੀਆ ਨੇ ਦਸਿਆ ਕਿ ਮ੍ਰਿਤਕ ਕਿਸਾਨ ਦਰਸ਼ਨ ਸਿੰਘ (52) ਪੁੱਤਰ ਬੁੱਕਣ ਸਿੰਘ ਕੋਲ ਢਾਈ ਏਕੜ ਜ਼ਮੀਨ ਸੀ। ਉਨ੍ਹਾਂ ਦਸਿਆ ਕਿ ਪਿਛਲੇ ਸਾਲ ਨਰਮੇ ਦੀ ਫ਼ਸਲ ਖ਼ਰਾਬ ਹੋਣ ਅਤੇ ਇਸ ਵਾਰ ਵੀ ਚੰਗੀ ਫ਼ਸਲ ਨਾ ਹੋਣ ਕਾਰਨ ਉਹ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਕਿਸਾਨ ਸਿਰ ਢਾਈ ਲੱਖ ਰੁਪਏ ਆੜ੍ਹਤੀਆਂ, 50 ਹਜ਼ਾਰ ਰੁਪਏ ਸੁਸਾਇਟੀ ਅਤੇ ਦੋ ਲੱਖ ਪਿੰਡ ਦੇ ਲੋਕਾਂ ਦਾ ਕਰਜ਼ਾ ਸੀ। ਇਸੇ ਤਰ੍ਹਾਂ ਪਿੰਡ ਕੁੱਲਰੀਆਂ ਵਿਖੇ ਇਕ ਕਰਜ਼ਾਈ ਕਿਸਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਭਾਨਾ ਸਿੰਘ (55) ਦੇ ਪੁੱਤਰ ਲਖਵਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਸਿਰ ਲਗਭਗ 12 ਲੱਖ ਰੁਪਏ ਦਾ ਕਰਜ਼ਾ ਹੈ। ਫ਼ਸਲ ਵੀ ਵਧੀਆ ਨਹੀਂ ਹੋਈ ਜਿਸ ਕਾਰਨ ਉਸ ਦੇ ਪਿਤਾ ਨੇ ਖ਼ੁਦਕੁਸ਼ੀ ਕਰ ਲਈ।

Be the first to comment

Leave a Reply