ਪੀਟੀਆਈ, ਅਫੁਲਾ (ਇਜ਼ਰਾਈਲ) : ਅੱਜ 26/11 ਦੇ ਮੁੰਬਈ ਅੱਤਵਾਦੀ ਹਮਲੇ ਦੀ 15ਵੀਂ ਬਰਸੀ ਹੈ। ਇਸ ਕਾਲੇ ਦਿਨ ਨੂੰ ਭੁੱਲ ਕੇ ਵੀ ਨਹੀਂ ਭੁਲਾਇਆ ਜਾ ਸਕਦਾ ਜਦੋਂ 26 ਨਵੰਬਰ 2008 ਨੂੰ ਪਾਕਿਸਤਾਨ ਤੋਂ ਸਮੁੰਦਰੀ ਰਸਤੇ ਆਏ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਦੱਖਣੀ ਮੁੰਬਈ ਦੇ ਯਹੂਦੀ ਕੇਂਦਰ ਚੱਬਾਡ ਹਾਊਸ ਸਮੇਤ ਕਈ ਥਾਵਾਂ ‘ਤੇ ਹਮਲਾ ਕਰ ਦਿੱਤਾ ਸੀ।

ਇਸ ਅੰਨ੍ਹੇਵਾਹ ਹਮਲੇ ਵਿੱਚ ਛੇ ਯਹੂਦੀ ਤੇ 18 ਸੁਰੱਖਿਆ ਕਰਮਚਾਰੀਆਂ ਸਮੇਤ 166 ਲੋਕ ਮਾਰੇ ਗਏ ਸਨ। ਤੇਜ਼ ਗੋਲੀਬਾਰੀ ਦੀ ਗੂੰਜ ਪੂਰੇ ਮੁੰਬਈ ਵਿੱਚ ਸੁਣਾਈ ਦਿੱਤੀ। ਇਸ ਨਾਲ ਹੀ ਨਰੀਮਨ ਹਾਊਸ (ਚੱਬਡ ਹਾਊਸ) ਹਮਲੇ ਦੌਰਾਨ ਮੌਜੂਦ 2 ਸਾਲਾ ਮੋਸ਼ੇ ਹੋਲਟਜ਼ਬਰਗ ਨੇ ਆਪਣੇ ਮਾਤਾ-ਪਿਤਾ ਨੂੰ ਜ਼ਿੰਦਗੀ ਭਰ ਲਈ ਗੁਆ ਦਿੱਤਾ।

ਅੱਤਵਾਦੀ ਹਮਲੇ ‘ਚ ਬਚ ਗਿਆ ਸੀ ਬੇਬੀ ਮੋਸ਼ੇ

ਅੱਤਵਾਦੀ ਹਮਲਿਆਂ ‘ਚ ਬਚਿਆ ਮੋਸ਼ੇ ਆਪਣੀ ਭਾਰਤੀ ਨੈਨੀ ਸੈਂਡਰਾ ਨੂੰ ਫੜ ਕੇ ਰੋ ਰਿਹਾ ਸੀ ਜਿਸ ਦੀਆਂ ਤਸਵੀਰਾਂ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਮੋਸ਼ੇ ਦੇ ਦਾਦਾ ਰੱਬੀ ਸ਼ਿਮੋਨ ਰੋਜ਼ਨਬਰਗ ਉਸ ਦੌਰ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਮੋਸ਼ੇ ਠੀਕ ਹੈ ਤੇ ਯੇਸ਼ਿਵਾ (ਯਹੂਦੀ ਸਕੂਲ) ਵਿੱਚ ਪੜ੍ਹ ਰਿਹਾ ਹੈ। ਸੈਂਡਰਾ ਇਜ਼ਰਾਈਲ ਵਿੱਚ ਹੈ ਅਤੇ ਹਰ ਦੂਜੇ ਹਫਤੇ ਦੇ ਅੰਤ ਵਿੱਚ ਸਾਡੇ ਨਾਲ ਰਹਿਣ ਲਈ ਯਰੂਸ਼ਲਮ ਤੋਂ ਆਉਂਦੀ ਹੈ। ਰੱਬੀ ਰੋਜ਼ਨਬਰਗ ਨੇ ਕਿਹਾ “ਸਾਡੇ ਘਰ ਵਿੱਚ ਇੱਕ ਪਰਿਵਾਰਕ ਮੈਂਬਰ ਵਜੋਂ ਸੈਂਡਰਾ ਦੀ ਸਥਾਈ ਥਾਂ ਹੈ।

ਮੋਸ਼ੇ ਦੇ ਦਾਦਾ ਨੇ ਕੀਤਾ ਉਸ ਕਾਲੇ ਦਿਨ ਨੂੰ ਯਾਦ

ਮੋਸ਼ੇ ਦਾ ਦਾਦਾ ਉਸ ਕਾਲੇ ਦਿਨ ਨੂੰ ਯਾਦ ਕਰਦੇ ਹਨ ਤੇ ਭਾਰਤੀ ਨੈਨੀ ਸੈਂਡਰਾ ਸੈਮੂਅਲ ਦੀ ਦਲੇਰੀ ਭਰੀ ਕੰਮ ਨੂੰ ਯਾਦ ਕਰਦੇ ਹਨ ਜਿਸ ਨੇ ਮੋਸ਼ੇ ਨੂੰ ਬਚਾਉਣ ਲਈ ਆਪਣੀ ਜਾਨ ਖ਼ਤਰੇ ਵਿੱਚ ਪਾਈ ਸੀ। ਬੇਰਹਿਮ ਹਮਲੇ ਵਿੱਚ ਅਨਾਥ ਹੋਏ ਛੋਟੇ ਲੜਕੇ ਮੋਸ਼ੇ ਦੀਆਂ ਤਸਵੀਰਾਂ ਨੇ ਇਜ਼ਰਾਈਲੀਆਂ ਵਿੱਚ ਵਿਆਪਕ ਗੁੱਸਾ ਫੈਲਾਇਆ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।

ਹੁਣ ਮੋਸ਼ੇ 17 ਸਾਲ ਦਾ ਹੋ ਗਿਆ ਹੈ। 2017 ‘ਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜ਼ਰਾਈਲ ਦੌਰੇ ‘ਤੇ ਸਨ ਤਾਂ ਉਨ੍ਹਾਂ ਨੇ ਮੋਸ਼ੇ ਨਾਲ ਮੁਲਾਕਾਤ ਕੀਤੀ ਸੀ। ਆਪਣੇ ਰਿਕਾਰਡ ਕੀਤੇ ਸੁਨੇਹੇ ਵਿੱਚ ਮੋਸ਼ੇ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਗਰਮਜੋਸ਼ੀ ਨਾਲ ਜੱਫੀ ਪਾਈ ਤੇ ਉਹ ਬਹੁਤ ਉਤਸ਼ਾਹਿਤ ਸਨ ਅਤੇ ਮੈਨੂੰ ਆਪਣੇ ਦਾਦਾ-ਦਾਦੀ ਨਾਲ ਭਾਰਤ ਆਉਣ ਦਾ ਸੱਦਾ ਵੀ ਦਿੱਤਾ।’ ਮੋਸ਼ੇ ਬਾਅਦ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ 2018 ਵਿੱਚ ਭਾਰਤ ਫੇਰੀ ਦੌਰਾਨ ਆਪਣੇ ਦਾਦਾ-ਦਾਦੀ ਨਾਲ ਭਾਰਤ ਆਇਆ ਸੀ। ਮੁੰਬਈ ਦੇ ਚਾਬਡ ਹਾਊਸ ਦਾ ਇੱਕ ਦਿਨ ਡਾਇਰੈਕਟਰ ਬਣਨ ਦਾ ਸੁਪਨਾ ਦੇਖਣ ਵਾਲੇ ਨੌਜਵਾਨ ਮੋਸ਼ੇ ਨੇ ਕਿਹਾ, ‘ਮੈਂ ਪ੍ਰਧਾਨ ਮੰਤਰੀ ਮੋਦੀ ਜੀ ਦੀ ਗਰਮਜ਼ੋਸੀ ਤੇ ਦਿਆਲਤਾ ਲਈ ਧੰਨਵਾਦੀ ਹਾਂ।’

ਕਿਵੇਂ ਬਚੀ ਸੀ ਬੇਬੀ ਮੋਸ਼ੇ ਦੀ ਜਾਨ?

ਇਕ ਮੀਡੀਆ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਭਾਰਤੀ ਨੈਨੀ ਸੈਂਡਰਾ ਸੈਮੂਅਲ ਨੇ ਉਸ ਕਾਲੇ ਦ੍ਰਿਸ਼ ਨੂੰ ਯਾਦ ਕੀਤਾ ਤੇ ਦੱਸਿਆ ਕਿ ਕਿਵੇਂ ਉਸ ਨੇ ਬੇਬੀ ਮੋਸ਼ੇ ਨੂੰ ਬਚਾਇਆ ਸੀ। ਉਹ ਦੱਸਦੀ ਹੈ ਕਿ 26 ਨਵੰਬਰ ਨੂੰ ਜਦੋਂ ਅਚਾਨਕ ਗੋਲ਼ੀਆਂ ਦੀ ਗੂੰਜ ਸੁਣਾਈ ਦੇਣ ਲੱਗੀ ਤਾਂ ਉਹ ਡਰ ਕੇ ਇੱਕ ਕਮਰੇ ਵਿੱਚ ਲੁਕ ਗਿਆ। ਅੱਤਵਾਦੀਆਂ ਨੇ ਮੁੰਬਈ ਦੇ ਨਰੀਮਨ ਹਾਊਸ ‘ਤੇ ਵੀ ਹਮਲਾ ਕੀਤਾ ਸੀ ਅਤੇ ਉਸ ਦੌਰਾਨ ਮੋਸ਼ੇ ਦੇ ਪਿਤਾ ਗੈਬਰੀਅਲ ਹੋਲਟਜ਼ਬਰਗ ਅਤੇ ਮਾਂ ਰਿਵਕਾ ਯਹੂਦੀ ਉੱਥੇ ਮੌਜੂਦ ਸਨ।

ਅੱਤਵਾਦੀਆਂ ਨੇ ਮੋਸ਼ੇ ਦੇ ਮਾਤਾ-ਪਿਤਾ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਸੀ। ਇਸ ਦੌਰਾਨ ਸੈਂਡਰਾ ਸੈਮੂਅਲ ਨੇ ਬੱਚੇ ਮੋਸ਼ੇ ਦੇ ਰੋਣ ਦੀ ਅਵਾਜ਼ ਸੁਣੀ ਤੇ ਉਸ ਨੂੰ ਬਚਾਉਣ ਲਈ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਉਸਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਉੱਥੋਂ ਭੱਜ ਗਈ। ਮੋਸ਼ੇ ਬਾਅਦ ਵਿੱਚ ਆਪਣੇ ਦਾਦਾ-ਦਾਦੀ ਨਾਲ ਇਜ਼ਰਾਈਲ ਵਾਪਸ ਚਲੇ ਗਏ। ਸੈਂਡਰਾ ਵੀ ਉਨ੍ਹਾਂ ਨਾਲ ਚਲੀ ਗਈ। ਮੋਸ਼ੇ ਦੀ ਜਾਨ ਬਚਾਉਣ ਲਈ ਇਜ਼ਰਾਇਲੀ ਸਰਕਾਰ ਨੇ ਸੈਂਡਰਾ ਨੂੰ ਨਾਗਰਿਕਤਾ ਦੇ ਨਾਲ-ਨਾਲ ‘ਰਾਈਟੀਅਸ ਜੇਨਟਾਈਲ’ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਸਨਮਾਨ ਨੂੰ ਗੈਰ-ਯਹੂਦੀਆਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਉੱਚਾ ਪੁਰਸਕਾਰ ਮੰਨਿਆ ਜਾਂਦਾ ਹੈ।