ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਤੇ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਕੌਮੀ ਪ੍ਰਧਾਨ ਅਸ਼ੋਕ ਥਾਪਰ (65) ਨੂੰ ਨਿਸ਼ਾਨਾ ਬਣਾਉਂਦਿਆਂ ਮੋਟਰਸਾਈਕਲ ਸਵਾਰ 6 ਬਦਮਾਸ਼ਾਂ ਨੇ 4 ਲੱਖ ਰੁਪਏ ਲੁੱਟ ਲਏ। ਲੁਟੇਰਿਆਂ ਨੇ ਉਨ੍ਹਾਂ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਰੱਖਿਆ ਅਤੇ ਨਕਦੀ ਖੋਹ ਲਈ।
ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਥਾਪਰ 11-12 ਨਵੰਬਰ ਦੀ ਦਰਮਿਆਨੀ ਰਾਤ ਨੂੰ ਪਟਾਕਿਆਂ ਦੀ ਥੋਕ ਮੰਡੀ ਤੋਂ ਘਰ ਜਾ ਰਹੇ ਸਨ। ਅਸ਼ੋਕ ਥਾਪਰ ਦੇ ਪੁੱਤਰ ਤ੍ਰਿਭੁਵਨ ਥਾਪਰ ਨੇ ਦੱਸਿਆ ਕਿ ਉਨ੍ਹਾਂ ਦੀ ਅਨਾਜ ਮੰਡੀ ਵਿੱਚ ਪਟਾਕਿਆਂ ਦੀ ਦੁਕਾਨ ਹੈ। ਉਨ੍ਹਾਂ ਦੇ ਪਿਤਾ ਅਸ਼ੋਕ ਥਾਪਰ ਆਪਣੇ ਭਤੀਜੇ ਨਾਲ 12 ਨਵੰਬਰ ਨੂੰ ਸਵੇਰੇ 3.10 ਵਜੇ ਐਕਟਿਵਾ ਸਕੂਟਰ ’ਤੇ ਘਰ ਜਾ ਰਹੇ ਸਨ।
ਉਨ੍ਹਾਂ ਦੇ ਕੋਲ ਕਰੀਬ 4 ਲੱਖ ਰੁਪਏ ਦੀ ਨਕਦੀ (ਪਟਾਕਿਆਂ ਦੀ ਵਿਕਰੀ ਦੀ ਰਕਮ ) ਸੀ। ਜਦੋਂ ਉਹ ਚਾਂਦ ਸਿਨੇਮਾ ਪੁਲ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਮੋਟਰਸਾਈਕਲ ਸਵਾਰ ਛੇ ਨਕਾਬਪੋਸ਼ ਨੌਜਵਾਨਾਂ ਨੇ ਰੋਕ ਲਿਆ। ਬਦਮਾਸ਼ਾਂ ਨੇ ਉਸਦੇ ਪਿਤਾ ਦੀ ਗਰਦਨ ’ਤੇ ਹਥਿਆਰ ਰੱਖ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਨਕਦੀ ਲੁੱਟ ਲਈ। ਤ੍ਰਿਭੁਵਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਸ਼ੋਕ ਥਾਪਰ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਨੇ ਉਨ੍ਹਾਂ ਦਾ ਗਲਾ ਵੱਢਣ ਦੀ ਧਮਕੀ ਦਿੱਤੀ। ਲੁਟੇਰਿਆਂ ਨੇ ਉਸਦੇ ਪਿਤਾ ਕੋਲੋਂ ਦੋ ਮੋਬਾਈਲ ਫ਼ੋਨ ਸਮੇਤ ਨਕਦੀ ਵਾਲਾ ਬੈਗ ਖੋਹ ਲਿਆ।
ਥਾਪਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕੋਲ ਲਾਇਸੈਂਸੀ ਰਿਵਾਲਵਰ ਵੀ ਸੀ ਅਤੇ ਉਨ੍ਹਾਂ ਨੇ ਬਦਮਾਸ਼ਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਆਪਣਾ ਹਥਿਆਰ ਵੀ ਕੱਢ ਲਿਆ, ਪਰ ਹਨ੍ਹੇਰਾ ਹੋਣ ਕਾਰਨ ਲੁਟੇਰੇ ਭੱਜਣ ਵਿਚ ਕਾਮਯਾਬ ਹੋ ਗਏ। ਅਸ਼ੋਕ ਥਾਪਰ ਨੇ ਕਿਸੇ ਟਰੱਕ ਡਰਾਈਵਰ ਤੋਂ ਮੋਬਾਈਲ ਫੋਨ ਲਿਆ ਅਤੇ ਲੁੱਟ ਦੀ ਸੂਚਨਾ ਦਿੱਤੀ ਸੀ। ਤ੍ਰਿਭੁਵਨ ਨੇ ਆਖਿਆ ਕਿ ਉਨ੍ਹਾਂ ਨੇ ਤੁਰੰਤ ਵਾਰਦਾਤ ਸਬੰਧੀ ਪੁਲਿਸ ਨੂੰ ਜਾਣੂ ਕਰਵਾਇਆ। ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਦਰੇਸ਼ੀ ਦੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।
ਸੁਰੱਖਿਆ ਮੁਲਾਜ਼ਮ ਹੁੰਦੇ ਤਾਂ ਟਲ ਸਕਦੀ ਸੀ ਵਾਰਦਾਤ-ਥਾਪਰ
ਅਸ਼ੋਕ ਥਾਪਰ, ਜੋ ਕਿ ਸ਼ਹੀਦ ਸੁਖਦੇਵ ਥਾਪਰ ਬ੍ਰਿਗੇਡ ਐਂਟੀ ਟੈਰਰਿਸਟ ਫਰੰਟ ਦੇ ਕੌਮੀ ਪ੍ਰਧਾਨ ਵੀ ਹਨ ਨੇ ਆਖਿਆ ਕਿ ਕੁਝ ਦੇਸ਼ ਵਿਰੋਧੀ ਅਨਸਰ ਉਨ੍ਹਾਂ ਨੂੰ ਸ਼ਹੀਦਾਂ ਦੇ ਸਨਮਾਨ ਨਾਲ ਸਬੰਧਿਤ ਗਤੀਵਿਧੀਆਂ ਤੋਂ ਦੂਰ ਰਹਿਣ ਲਈ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਠਨ ਤੋਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਆਖਿਆ ਕਿ ਲੰਬੇ ਸਮੇਂ ਤੋਂ. ਉਨ੍ਹਾਂ ਨੇ ਡੀਜੀਪੀ ਪੰਜਾਬ, ਪੁਲਿਸ ਕਮਿਸ਼ਨਰ ਅਤੇ ਹੋਰ ਅਥਾਰਟੀਆਂ ਨੂੰ ਸਥਾਈ ਤੌਰ ’ਤੇ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਲਈ ਲਿਖਤੀ ਮੰਗ ਪੱਤਰ ਵੀ ਭੇਜੇ ਹਨ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਨਾਲ ਸੁਰੱਖਿਆ ਕਰਮਚਾਰੀ ਤਾਇਨਾਤ ਹੁੰਦੇ ਤਾਂ ਵਾਰਦਾਤ ਟੱਲ ਸਕਦੀ ਸੀ।


