ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Junior Mehmood Death: 15 ਨਵੰਬਰ 1956 ਨੂੰ ਮੁੰਬਈ ‘ਚ ਜਨਮੇ ਜੂਨੀਅਰ ਮਹਿਮੂਦ ਨੇ ਕੈਂਸਰ ਨਾਲ ਲੰਬੀ ਲੜਾਈ ਲੜਨ ਤੋਂ ਬਾਅਦ 8 ਦਸੰਬਰ ਨੂੰ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਪੇਟ ਦੇ ਕੈਂਸਰ ਤੋਂ ਪੀੜਤ ਸਨ। ਗਾਇਕ-ਅਦਾਕਾਰ ਤੇ ਨਿਰਦੇਸ਼ਕ ਦੇ ਤੌਰ ‘ਤੇ ਕੰਮ ਕਰਨ ਵਾਲੇ ਜੂਨੀਅਰ ਮਹਿਮੂਦ ਦੇ ਦੇਹਾਂਤ ਨਾਲ ਹਿੰਦੀ ਸਿਨੇਮਾ ‘ਚ ਇਕ ਖਲਾਅ ਪੈ ਗਿਆ ਹੈ। ਭਾਰਤੀ ਫਿਲਮ ਇੰਡਸਟਰੀ ਨੂੰ ‘ਹਮ ਕਾਲੇ ਹੈਂ ਤੋ ਕਿਆ ਹੁਆ ਦਿਲ ਵਾਲੇ ਹੈਂ’ ਅਤੇ ਏ ਘਰ ਕੋ ਮੱਤ ਗੋਦਾਮ ਬਨਾਨਾ, ਵਰਗੇ ਕਈ ਯਾਦਗਾਰ ਗੀਤ ਦਿੱਤੇ। ਮੁੰਬਈ ਨਿਵਾਸੀ ਨਈਮ ਸਈਅਦ ਕਿਵੇਂ ਬਣੇ ਹਿੰਦੀ ਫਿਲਮ ਸਿਨੇਮਾ ਦੇ ‘ਜੂਨੀਅਰ ਮਹਿਮੂਦ’, ਆਓ ਜਾਣਦੇ ਹਾਂ ਉਨ੍ਹਾਂ ਦੇ ਸਫਰ ਬਾਰੇ-
ਇਸ ਸੁਪਰਸਟਾਰ ਨੇ ਬਣਾਇਆ ਸੀ ਹਿੰਦੀ ਸਿਨੇਮਾ ਦਾ ‘ਜੂਨੀਅਰ ਮਹਿਮੂਦ’
ਜੂਨੀਅਰ ਮਹਿਮੂਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1967 ‘ਚ ਫਿਲਮ ‘ਨੌਨਿਹਾਲ’ ਨਾਲ ਕੀਤੀ ਸੀ। ਉਨ੍ਹਾਂ ਨੇ ਆਪਣੇ ਕਰੀਅਰ ‘ਚ 265 ਫਿਲਮਾਂ ‘ਚ ਕੰਮ ਕੀਤਾ ਜਿਨ੍ਹਾਂ ਵਿਚ ਸਿਰਫ਼ ਹਿੰਦੀ ਫ਼ਿਲਮਾਂ ਹੀ ਨਹੀਂ, ਸਗੋਂ ਸੱਤ ਵੱਖ-ਵੱਖ ਭਾਸ਼ਾਵਾਂ ਦੀਆਂ ਫ਼ਿਲਮਾਂ ਸ਼ਾਮਲ ਹਨ। ਹਿੰਦੀ ਤੋਂ ਇਲਾਵਾ ਜੂਨੀਅਰ ਮਹਿਮੂਦ ਨੇ ਨਿਰਮਾਤਾ ਤੇ ਨਿਰਦੇਸ਼ਕ ਵਜੋਂ ਮਰਾਠੀ ਫਿਲਮਾਂ ਵਿੱਚ ਵੀ ਆਪਣੀ ਪਛਾਣ ਬਣਾਈ।
ਉਨ੍ਹਾਂ ਲਗਪਗ ਛੇ ਮਰਾਠੀ ਫਿਲਮਾਂ ਦਾ ਨਿਰਦੇਸ਼ਨ ਤੇ ਨਿਰਮਾਣ ਕੀਤਾ। ਤੁਹਾਨੂੰ ਦੱਸ ਦੇਈਏ ਕਿ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਜੂਨੀਅਰ ਮਹਿਮੂਦ ਜਦੋਂ ਇੰਡਸਟਰੀ ‘ਚ ਸੰਘਰਸ਼ ਕਰਨ ਆਏ ਸਨ ਤਾਂ ਉਸ ਸਮੇਂ ਉਨ੍ਹਾਂ ਦਾ ਨਾਂ ਨਈਮ ਸਈਦ ਸੀ।
ਉਨ੍ਹਾਂ ਨੂੰ ਹਿੰਦੀ ਸਿਨੇਮਾ ਦਾ ‘ਜੂਨੀਅਰ ਮਹਿਮੂਦ’ ਨਈਮ ਸਈਅਦ ਆਪਣੇ ਸਮੇਂ ਦੇ ਮਸ਼ਹੂਰ ਸੁਪਰਸਟਾਰ ਮਹਿਮੂਦ ਅਲੀ ਨੇ ਬਣਾਇਆ ਸੀ। ਇਹ ਨਾਂ ਦਿੱਗਜ ਅਦਾਕਾਰ ਮਹਿਮੂਦ ਅਲੀ ਨੇ ਦਿੱਤਾ ਸੀ।
ਫਿਲਮਾਂ ਤੋਂ ਇਲਾਵਾ ਇਨ੍ਹਾਂ ਨੇ ਟੀਵੀ ਸੀਰੀਅਲਸ ‘ਚ ਵੀ ਕੀਤਾ ਕੰਮ
ਜੂਨੀਅਰ ਮਹਿਮੂਦ ਨੇ ਆਪਣੇ ਫਿਲਮੀ ਕਰੀਅਰ ‘ਚ ਨਾ ਸਿਰਫ ਵੱਡੇ ਪਰਦੇ ‘ਤੇ ਕੰਮ ਕੀਤਾ ਸਗੋਂ ਇਸ ਦੇ ਨਾਲ ਹੀ ਛੋਟੇ ਪਰਦੇ ‘ਤੇ ਵੀ ਆਪਣੀ ਅਦਾਕਾਰੀ ਦਾ ਜਾਦੂ ਚਲਾਇਆ। 1967 ‘ਚ ਇੰਡਸਟਰੀ ‘ਚ ਐਂਟਰੀ ਕਰਨ ਵਾਲੇ ਜੂਨੀਅਰ ਮਹਿਮੂਦ ਨੇ ਮੋਹੱਬਤ ਜ਼ਿੰਦਗੀ ਹੈ, ਸੁਹਾਗਰਾਤ, ਫਰਿਸ਼ਤੇ, ਬ੍ਰਹਮਚਾਰੀ, ਵਿਸ਼ਵਾਸ, ਰਾਜਾ ਸਾਬ, ਪਿਆਰ ਹੀ ਪਿਆਰ, ਦੋ ਰਾਸਤੇ ਵਰਗੀਆਂ ਕਈ ਫਿਲਮਾਂ ‘ਚ ਕੰਮ ਕੀਤਾ ਹੈ।
ਫਿਲਮਾਂ ਤੋਂ ਇਲਾਵਾ ਉਨ੍ਹਾਂ ਸਾਲ 2012 ‘ਚ ਦਿਸ਼ਾ ਪਰਮਾਰ ਤੇ ਨਕੁਲ ਮਹਿਤਾ ਸਟਾਰਰ ਸ਼ੋਅ ‘ਪਿਆਰ ਕਾ ਦਰਦ ਹੈ ਮੀਠਾ-ਮੀਠਾ ਪਿਆਰਾ-ਪਿਆਰਾ’ ‘ਚ ਕੰਮ ਕੀਤਾ। ਇਸ ਤੋਂ ਇਲਾਵਾ ਜੂਨੀਅਰ ਮਹਿਮੂਦ ਨੂੰ ਸਾਲ 2019 ‘ਚ ਟੈਲੀਵਿਜ਼ਨ ਸ਼ੋਅ ਤੇਨਾਲੀ ਰਾਮਾ ‘ਚ ਵੀ ਦੇਖਿਆ ਗਿਆ। ਇਸ ਸ਼ੋਅ ‘ਚ ਉਨ੍ਹਾਂ ਨੇ ‘ਮੁੱਲਾ ਨਸੀਰੂਦੀਨ’ ਦਾ ਕਿਰਦਾਰ ਨਿਭਾਇਆ ਸੀ।


