ਜਲੰਧਰ ਪ੍ਰਸ਼ਾਸਨ ਦਾ ਵੱਡਾ ਐਕਸ਼ਨ: ਨਸ਼ੇ ਦੀ ਕਮਾਈ ਨਾਲ ਬਣ ਰਹੇ ਹਸਪਤਾਲ ‘ਤੇ ਚਲਾਇਆ ਬੁਲਡੋਜ਼ਰ
ਜਲੰਧਰ: ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ਵਿੱਚ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰੀ ਦੇ ਦੋਸ਼ੀ ਅਮਨਦੀਪ ਸਿੰਘ ਦੀ ਸੰਪਤੀ 'ਤੇ ਵੱਡੀ ਅਤੇ ਸਖ਼ਤ ਕਾਰਵਾਈ ਕੀਤੀ ਗਈ ਹੈ। ਕਪੂਰਥਲਾ ਰੋਡ 'ਤੇ ਬਣ ਰਹੇ ਇੱਕ ਚੈਰੀਟੇਬਲ ਹਸਪਤਾਲ ਦੇ ਵੱਡੇ ਹਿੱਸੇ ਨੂੰ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਕੇ ਢਹਿ-ਢੇਰੀ ਕਰ ਦਿੱਤਾ। ਅਧਿਕਾਰੀਆਂ ਮੁਤਾਬਕ, ਨਗਰ ਨਿਗਮ ਵੱਲੋਂ ਪਹਿਲਾਂ ਨੋਟਿਸ ਜਾਰੀ ਕੀਤੇ ਗਏ ਸਨ, ਪਰ ਕੋਈ ਜਵਾਬ ਨਾ ਮਿਲਣ 'ਤੇ ਇਹ ਸਖ਼ਤ ਕਦਮ ਚੁੱਕਿਆ ਗਿਆ। ਹੁਣ ਪ੍ਰਸ਼ਾਸਨ ਦੀ ਯੋਜਨਾ ਇਸ ਜ਼ਮੀਨ 'ਤੇ ਕੋਈ ਸਰਕਾਰੀ ਇਮਾਰਤ ਬਣਾਉਣ ਦੀ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ, ਕਰੀਬ ਦੋ ਹਫ਼ਤੇ ਪਹਿਲਾਂ ਅਮਨਦੀਪ ਦੀ ਦੁਕਾਨ 'ਤੇ ਛਾਪੇਮਾਰੀ ਦੌਰਾਨ ਇੱਕ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਪੁਲਿਸ ਦਾ ਸਿੱਧਾ ਇਲਜ਼ਾਮ ਹੈ ਕਿ ਇਹ ਹਸਪਤਾਲ ਨਸ਼ੇ ਦੇ ਕਾਲੇ ਕਾਰੋਬਾਰ ਤੋਂ ਕਮਾਏ ਗਏ ਪੈਸਿਆਂ ਨਾਲ ਹੀ ਬਣਾਇਆ ਜਾ ਰਿਹਾ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫਿਲਹਾਲ ਇਮਾਰਤ ਦੇ ਕੁਝ ਹਿੱਸੇ ਨੂੰ ਢਾਹਿਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪੂਰੀ ਇਮਾਰਤ ਨੂੰ ਸੀਲ ਕਰਨ ਦੀ ਪ੍ਰਕਿਰਿਆ ਵੀ ਪੂਰੀ ਕੀਤੀ ਜਾਵੇਗੀ।
ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਪੁਸ਼ਟੀ ਕੀਤੀ ਕਿ ਇਹ ਜਾਇਦਾਦ ਅਮਨਦੀਪ ਸਿੰਘ ਦੀ ਹੀ ਹੈ, ਜੋ ਕਿ ਜੂਨ ਮਹੀਨੇ ਵਿੱਚ ਡਿਵੀਜ਼ਨ ਨੰਬਰ-1 ਇਲਾਕੇ ਵਿੱਚ ਦੋ ਧਿਰਾਂ ਵਿਚਾਲੇ ਹੋਈ ਝੜਪ ਦੇ ਮਾਮਲੇ ਵਿੱਚ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਬੰਦ ਹੈ। ਉਸ ਖ਼ਿਲਾਫ਼ ਐਨਡੀਪੀਐਸ (NDPS) ਐਕਟ ਦੇ ਦੋ ਅਤੇ ਅਸਲਾ ਐਕਟ ਦਾ ਇੱਕ ਮਾਮਲਾ ਪਹਿਲਾਂ ਹੀ ਦਰਜ ਹੈ।



