ਪੰਜਾਬੀਆਂ ਦੇ ਵਿਆਹਾਂ ਤੇਬੈਂਡ ਬਾਜਾ ਤੇ ਸ਼ੋਰ ਸ਼ਰਾਬਾ

ਮੁਫਤ ਵਿੱਚ ਕੰਨਾ ਦੇ ਪੜਦੇ ਪੜਵਾ ਰਹੇ ਹਾਂ:ਛੋਟੇ ਬੱਚਿਆ ਤੇ ਹੋ ਰਹੇ ਅਸਰ ਦਾਂ ਸਾਨੂੰ ਅੰਦਾਜ਼ਾ ਨਹੀਂ

ਪਿੱਛੇ ਜਿਹੇ ਵਿਆਹਾਂ ਦਾ ਮੌਸਮ ਸੀ ਤੇ ਮੈਂ ਵੀ ਦੋ-ਤਿੰਨ ਵਿਆਹਾਂ ਵਿਚ ਸ਼ਿਰਕਤ ਕੀਤੀ। ਵਾਪਸ ਆ ਕੇ ਮੈਂ ਕੰਨਾਂ ਨੂੰ ਹੱਥ ਲਾ ਲਏ ਤੇ ਫੈਸਲਾ ਕੀਤਾ ਕਿ ਵਿਆਹ ਸਮਾਗਮ ‘ਤੇ ਨਾ ਜਾ ਕੇ ਪਹਿਲਾਂ ਹੀ ਸ਼ਗਨ ਪਾ ਆਇਆ ਕਰਾਂਗੀ। ਗੱਲ ਇਹ ਨਹੀਂ ਕਿ ਮੈਨੂੰ ਵਿਆਹਾਂ ‘ਤੇ ਜਾਣਾ ਪਸੰਦ ਨਹੀਂ। ਵਿਆਹ ਤਾਂ ਸਭ ਤੋਂ ਜ਼ਿਆਦਾ ਮਹੱਤਵਪੂਰਨ ਸਮਾਜਿਕ ਤੇ ਪਰਿਵਾਰਕ ਸਮਾਗਮ ਨੇ। ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਵਧੀਆ ਮੌਕਾ ਬਣਦਾ ਹੈ। ਬਹਾਨੇ ਨਾਲ ਆਪਣੇ ਵੀ ਨਵੇਂ ਫੈਸ਼ਨ ਦੇ ਕੱਪੜੇ ਬਣ ਜਾਂਦੇ ਹਨ। ਖਾਣ-ਪੀਣ ਦਾ ਇੰਤਜ਼ਾਮ ਵੀ ਵਧੀਆ ਹੁੰਦਾ ਹੈ। ਮੇਰੇ ਨਾ ਜਾਣ ਦਾ ਕਾਰਨ ਹੈ ਅੱਧੀ ਰਾਤ ਤੱਕ ਉੱਚੀ-ਉੱਚੀ ਚੱਲ ਰਹੇ ਗਾਣਿਆਂ ਦਾ ਸ਼ੋਰ-ਸ਼ਰਾਬਾ।

ਇਕ ਪਾਸੇ ਤਾਂ ਅਖਬਾਰਾਂ,ਰੇਡੀਓ ਤੇ ਟੀ. ਵੀ. ‘ਤੇ ਸੁਣਾਇਆ ਤੇ ਵਿਖਾਇਆ ਜਾਂਦਾ ਹੈ ਕਿ ਵਿਆਹ ਸਾਦੇ ਹੋਣੇ ਚਾਹੀਦੇ ਹਨ, ਦਾਜ ਦਾ ਲੈਣ-ਦੇਣ ਨਹੀਂ ਹੋਣਾ ਚਾਹੀਦਾ, ਨਾ ਹੀ ਫਾਲਤੂ ਤੇ ਫਜ਼ੂਲ ਖਰਚੇ ਕਰਨੇ ਚਾਹੀਦੇ ਹਨ।ਪਰ ਮੈਨੂੰ ਤਾਂ ਲਗਦਾ ਹੈ ਕਿ ਡੀ. ਜੇ., ਬੈਂਡ ਤੇ ਗਾਣਾ ਵਜਾਉਣਾ ਵੀ ਪੈਸੇ ਤੇ ਅਮੀਰੀ ਦੇ ਵਿਖਾਵੇ ਦਾ ਸਾਧਨ ਬਣ ਗਿਆ ਹੈ।

ਵਿਆਹ ਵਿਚ ਨੱਚਣਾ-ਟੱਪਣਾ ਤੇ ਗਾਉਣਾ-ਵਜਾਉਣਾ ਜਾਇਜ਼ ਵੀ ਹੈ। ਜਵਾਨ ਬੱਚੇ ਤਾਂ ਉਡੀਕਦੇ ਹਨ ਕਿ ਕਦੋਂ ਢੋਲ-ਢਮੱਕਾ ਸ਼ੁਰੂ ਹੋਵੇ ਤੇ ਉਹ ਨੱਚਣਾ ਸ਼ੁਰੂ ਕਰਨ।ਕਈ ਵਾਰੀ ਮਾਮੇ-ਮਾਮੀਆਂ, ਚਾਚੇ-ਤਾਏ ਸਭ ਸਟੇਜ ‘ਤੇ ਪਹੁੰਚ ਜਾਂਦੇ ਹਨ। ਚਲੋ ਇਹ ਤਾਂ ਚਲਦਾ ਹੈ। ਪੁਰਾਣੀਆਂ ਬੋਲੀਆਂ ਵਿਚ ਵੀ ਤਾਂ ਸੁਣਦੇ ਹਾਂ, ‘ਭੰਗੜਾ ਤਾਂ ਸਜਦਾ ਜੇ ਨੱਚੇ ਮੁੰਡੇ ਦੀ ਮਾਂ’, ਵਗੈਰਾ-ਵਗੈਰਾ ḩ ਨੱਚਣਾ-ਟੱਪਣਾ ਤਾਂ ਠੀਕ ਹੈ ਪਰ ਐਨੀ ਉੱਚੀ ਆਵਾਜ਼। ਤੋਬਾ-ਤੋਬਾ। ਬਾਕੀ ਮਹਿਮਾਨਾਂ ਦਾ ਤਾਂ ਧਿਆਨ ਕਰੋ। ਜੇਕਰ ਮੇਰੇ ਵਰਗਾ ਕੋਈ ਹਮਾਤੜ ਸਾਥੀ ਉਠ ਕੇ ਕਹੇ ਕਿ ਜ਼ਰਾ ਆਵਾਜ਼ ਘੱਟ ਕਰੋ ਤਾਂ ਡੀ.ਜੇ. ਵਾਲੇ ਉਸ ਨੂੰ ਬੇਵਕੂਫ਼ ਸਮਝਦੇ ਹਨ। ਉਨ੍ਹਾਂ ਅਨੁਸਾਰ ਜੇ ਆਵਾਜ਼ ਧੀਮੀ ਹੋ ਗਈ ਤਾਂ ਡਾਂਸ ਦਾ ਮਜ਼ਾ ਹੀ ਖ਼ਤਮ ਹੋ ਜਾਵੇਗਾ। ਸੋ, ਜੋ ਨੱਚ ਰਹੇ ਹਨ ਜਾਂ ਨਚਾ ਰਹੇ ਹਨ ਜਾਂ ਨੱਚਣ ਦਾ ਮਜ਼ਾ ਲੈ ਰਹੇ ਹਨ, ਉਹ ਤਾਂ ਖੁਸ਼ ਹਨ ਪਰ ਬਾਕੀਆਂ ਦਾ ਕੀ?

ਉੱਚੀ ਆਵਾਜ਼ ਕੰਨਾਂ ਦੇ ਪਰਦੇ ਪਾੜਨ ਲੱਗ ਜਾਂਦੀ ਹੈ। ਗੱਲਬਾਤ ਦਾ ਸਿਲਸਿਲਾ ਬਿਲਕੁਲ ਖਤਮ ਹੀ ਹੋ ਜਾਂਦਾ ਹੈ। ਤੁਸੀਂ ਆਪਣੇ ਨਾਲ ਬੈਠੇ ਮਿੱਤਰ ਨੂੰ ਪੁੱਛਦੇ ਹੋ, ‘ਤੁਹਾਡੀ ਸਿਹਤ ਕੈਸੀ ਰਹਿੰਦੀ ਹੈ?’ ਜਵਾਬ ਮਿਲਦਾ ਹੈ, ‘ਹਾਂ ਸਨੈਕਸ ਬਹੁਤ ਵਧੀਆ ਬਣੇ ਹਨ ‘ ਯਾਨੀ ਕਿਸੇ ਨਾਲ ਗੱਲਬਾਤ ਹੋ ਹੀ ਨਹੀਂ ਸਕਦੀ। ਕਈ ਵਾਰੀ ਸ਼ੋਰ-ਸ਼ਰਾਬੇ ਤੋਂ ਦੂਰ ਕਿਸੇ ਕੋਨੇ ਵਿਚ ਬੈਠ ਕੇ ਹੀ ਵਕਤ ਗੁਜ਼ਾਰਨਾ ਪੈਂਦਾ ਹੈ। ਕਈ ਵਾਰੀ ਘੰਟਿਆਂਬੱਧੀ ਚੁੱਪ-ਚਾਪ ਬੈਠ ਕੇ ਘਰ ਵਾਪਸ ਆ ਜਾਂਦੇ ਹਾਂ।ਕਈ ਵਾਰੀ ਗਾਣਿਆਂ ਦੀ ਚੋਣ ਵੀ ਬੜੀ ਘਟੀਆ ਹੁੰਦੀ ਹੈ। ਬਸ ਡਾਂਸ ਕਰਨ ਲਈ ਤਾਲ ਵਧੀਆ ਹੋਣੀ ਚਾਹੀਦੀ ਹੈ। ਗਾਣੇ ਦੇ ਬੋਲਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ। ਇਸ ਤਰ੍ਹਾਂ ਕਈ ਵਾਰੀ ਗਾਣੇ ਬੜੇ ਘਟੀਆ ਤੇ ਲੱਚਰ ਹੋ ਨਿੱਬੜਦੇ ਹਨ।

ਹੁਣ ਅਸੀਂ ਗੱਲ ਕਰਦੇ ਹਾਂ ਸ਼ੋਰ-ਸ਼ਰਾਬੇ ਤੋਂ ਪੈਦਾ ਹੋਏ ਆਵਾਜ਼ ਪ੍ਰਦੂਸ਼ਣ ਦੀ। ਅਸੀਂ ਅੱਜਕਲ੍ਹ ਹਰ ਤਰ੍ਹਾਂ ਦੇ ਪ੍ਰਦੂਸ਼ਣ ਦੀਆਂ ਗੱਲਾਂ ਕਰਦੇ ਹਾਂ। ਸ਼ਹਿਰਾਂ ਵਿਚ ਪੈਟਰੋਲ ਤੇ ਡੀਜ਼ਲ ਤੋਂ ਉਪਜਿਆ ਪ੍ਰਦੂਸ਼ਣ, ਗੰਦੇ ਨਾਲੇ ਤੋਂ ਪੈਦਾ ਹੋਈ ਬਦਬੂਦਾਰ ਹਵਾ ਦਾ ਪ੍ਰਦੂਸ਼ਣ।ਫਿਰ ਇਸ ਆਵਾਜ਼ ਤੋਂ ਪੈਦਾ ਹੁੰਦੇ ਪ੍ਰਦੂਸ਼ਣ ਬਾਰੇ ਕਿਉਂ ਨਹੀਂ ਸੋਚਦੇ? ਖੋਜ ਇਹ ਕਹਿੰਦੀ ਹੈ ਕਿ ਗਰਭਵਤੀ ਮਾਵਾਂ ਦੇ ਪੇਟ ਵਿਚ ਪਲਦੇ ਬੱਚਿਆਂ ਦੀ ਸੁਣਨ ਦੀ ਸ਼ਕਤੀ ਨਿਰੰਤਰ ਸ਼ੋਰ-ਸ਼ਰਾਬੇ ਨਾਲ ਖਰਾਬ ਹੋ ਸਕਦੀ ਹੈ। ਗਰਭ ਵਿਚ ਬੱਚੇ ਦੇ ਵਿਕਾਸ ਲਈ ਵੀ ਵਾਧੂ ਸ਼ੋਰ-ਸ਼ਰਾਬਾ ਹਾਨੀਕਾਰਕ ਹੈ। ਬਜ਼ੁਰਗਾਂ ਲਈ ਸ਼ੋਰ-ਸ਼ਰਾਬਾ ਮਾਨਸਿਕ ਤਣਾਓ ਬਣ ਜਾਂਦਾ ਹੈ। ਇਸ ਮਾਨਸਿਕ ਤਣਾਓ ਨਾਲ ਕਈ ਬਿਮਾਰੀਆਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬਿਮਾਰੀਆਂ ਵਧ ਸਕਦੀਆਂ ਹਨ।

ਮੈਰਿਜ ਪੈਲੇਸਾਂ, ਵੱਡੇ-ਵੱਡੇ ਹੋਟਲਾਂ, ਜਨਤਕ ਥਾਵਾਂ ਵਿਚ ਸ਼ੋਰ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਆਵਾਜ਼ ਕੰਟਰੋਲ ਦੇ ਮੀਟਰ ਲਗਾਏ ਜਾਣੇ ਸਨ।ਤੁਸੀਂ ਆਪਣੇ-ਆਪ ਨੂੰ ਪੁੱਛ ਕੇ ਵੇਖੋ ਕਿ ਕੀ ਤੁਹਾਨੂੰ ਸ਼ੋਰ ਪ੍ਰਦੂਸ਼ਣ ਬਾਰੇ ਸੁਚੇਤ ਰਹਿ ਕੇ ਇਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਾਂ ਨਹੀਂ।-ਦਲਜੀਤ ਕੌਰ

Be the first to comment

Leave a Reply