Ad-Time-For-Vacation.png

ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ੀ ਜਨਰਲ

ਮਹਾਰਾਜਾ ਰਣਜੀਤ ਸਿੰਘ ਨੇ ਸੰਨ 1801 ਤੋਂ 1839 ਈ. ਤੱਕ ਕਰੀਬ 38 ਸਾਲ ਪੰਜਾਬ ‘ਤੇ ਰਾਜ ਕੀਤਾ। ਸੰਨ 1809 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਈਸਟ ਇੰਡੀਆ ਕੰਪਨੀ ਦਰਮਿਆਨ ਅੰਮ੍ਰਿਤਸਰ ਦੀ ਸੰਧੀ ਹੋਣ ਜਾ ਰਹੀ ਸੀ। ਕੰਪਨੀ ਦਾ ਨੁਮਾਇੰਦਾ ਚਾਰਲਸ ਮੈਟਕਾਫ ਆਪਣੀਆਂ ਫੌਜੀ ਟੁਕੜੀਆਂ ਨਾਲ ਅੰਮ੍ਰਿਤਸਰ ਪੜਾਉ ਕਰੀ ਬੈਠਾ ਸੀ। ਉਸ ਦੀ ਫੌਜ ਵਿੱਚ ਕੁਝ ਪੂਰਬੀ ਮੁਸਲਿਮ ਪਲਟਣਾਂ ਵੀ ਸਨ। ਉਹਨਾਂ ਦਿਨਾਂ ਵਿੱਚ ਹੀ ਮੁਹੱਰਮ ਆ ਗਿਆ। ਉਸ ਵੇਲੇ ਅਕਾਲੀ ਫੂਲਾ ਸਿੰਘ ਅਕਾਲ ਤਖਤ ਦੇ ਜਥੇਦਾਰ ਸਨ। ਦਰਬਾਰ ਸਾਹਿਬ ਦੇ ਨਜ਼ਦੀਕ ਤਾਜ਼ੀਆ ਕੱਢਣ ਦੇ ਸਵਾਲ ਤੋਂ ਨਿਹੰਗ ਫੌਜ ਅਤੇ ਮੁਸਲਮਾਨ ਪਲਟਣਾਂ ਵਿੱਚ ਝਗੜਾ ਹੋ ਗਿਆ। ਤਾਜ਼ੀਏ ਵੇਲੇ ਸ਼ੀਆ ਮੁਸਲਮਾਨ ਹਜ਼ਰਤ ਹਸਨ ਹੁਸੈਨ ਦੀ ਯਾਦ ਵਿੱਚ ਬਹੁਤ ਪਿੱਟਦੇ ਅਤੇ ਉ੍ਨਚੀ ਉ੍ਨਚੀ ਰੋ ਕੇ ਦੁੱਖ ਮਨਾਉਂਦੇ ਹਨ। ਅਕਾਲੀਆਂ ਨੇ ਰਵਾਇਤੀ ਹਥਿਆਰਾਂ ਨਾਲ ਕੰਪਨੀ ਦੀ ਫੌਜ ‘ਤੇ ਹਮਲਾ ਬੋਲ ਦਿੱਤਾ। ਪੱਛਮੀ ਤਰੀਕੇ ਨਾਲ ਟਰੇਂਡ ਪੂਰਬੀਆਂ ਨੇ ਅਕਾਲੀ ਟੁਕੜੀਆਂ ਦਾ ਭਾਰੀ ਨੁਕਸਾਨ ਕੀਤਾ। ਮਹਾਰਾਜਾ ਰਣਜੀਤ ਸਿੰਘ ਅਤੇ ਮੈ੍ਨਟਕਾਫ ਨੇ ਵਿੱਚ ਪੈ ਕੇ ਮਸੀਂ ਝਗੜਾ ਖਤਮ ਕਰਵਾਇਆ। ਖਾਲਸਾ ਫੌਜ ਦੀ ਹਰੇਕ ਜੰਗ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਅਕਾਲੀਆਂ ਦੀ ਦੁਰਦਸ਼ਾ ਵੇਖ ਕੇ ਮਹਾਰਾਜਾ ਪਰੇਸ਼ਾਨ ਹੋ ਗਿਆ। ਉਸ ਦੀ ਫਰਮਾਇਸ਼ ‘ਤੇ ਮੈ੍ਨਟਕਾਫ ਨੇ ਉਸ ਨੂੰ ਆਪਣੀ ਫੌਜ ਦੀ ਪਰੇਡ ਵਿਖਾਈ। ਕਮਾਂਡਰਾਂ ਦੇ ਹੁਕਮਾਂ ‘ਤੇ ਅਨੁਸ਼ਾਸ਼ਿਤ ਫੌਜੀ ਪਲਟਣਾਂ ਨੂੰ ਸੱਜੇ, ਖੱਬੇ, ਅੱਗੇ, ਪਿੱਛੇ ਲੈਅ ਬੱਧ ਤਰੀਕੇ ਨਾਲ ਮੁੜਦਿਆਂ ਅਤੇ ਹਥਿਆਰ ਵਰਤਦਿਆਂ ਵੇਖ ਕੇ ਮਹਾਰਾਜਾ ਹੈਰਾਨ ਰਹਿ ਗਿਆ। ਉਹ ਸਮਝ ਗਿਆ ਕਿ ਜੇ ਨੇੜ ਭਵਿੱਖ ਵਿੱਚ ਈਸਟ ਇੰਡੀਆ ਕੰਪਨੀ ਨਾਲ ਪੰਗਾ ਪੈ ਗਿਆ ਤਾਂ ਉਸ ਦੀ ਪੁਰਾਤਨ ਤਰੀਕੇ ਵਾਲੀ ਅਸਿੱਖਿਅਤ ਫੌਜ ਨੇ ਅੰਗਰੇਜਾਂ ਦਾ ਇੱਕ ਝਟਕਾ ਵੀ ਨਹੀਂ ਝੱਲਣਾ। ਅਕਲਮੰਦ ਮਹਾਰਾਜੇ ਨੇ ਵੀ ਆਪਣੀ ਫੌਜ ਪੱਛਮੀ ਤਰੀਕੇ ਨਾਲ ਟਰੇਂਡ ਕਰਨ ਲਈ ਵਿਦੇਸ਼ੀ ਉਸਤਾਦ ਲੱਭਣੇ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਕਈ ਪੱਛਮੀ ਜਨਰਲ ਉਸ ਨੇ ਆਪਣੀ ਫੌਜ ਵਿੱਚ ਭਾਰੀ ਤਨਖਾਹਾਂ ‘ਤੇ ਭਰਤੀ ਕਰ ਲਏ।

1. ਜੀਨ ਫਰਾਂਸਿਸ ਅਲਾਰਡ – ਉਹ ਇੱਕ ਫਰਾਂਸੀਸੀ ਸੈਨਿਕ ਅਤੇ ਸਾਹਸਿਕ ਯਾਤਰੀ ਸੀ। ਉਸ ਦਾ ਜਨਮ ਫਰਾਂਸ ਦੇ ਸ਼ਹਿਰ ਸੇਂਟ ਟਰੌਪਿਜ਼ ਵਿੱਚ ਹੋਇਆ। 16 ਸਾਲ ਦੀ ਉਮਰ ਵਿੱਚ ਉਹ ਫਰਾਂਸ ਦੀ ਫੌਜ ਵਿੱਚ ਬਤੌਰ ਲੈਫਟੀਨੈਂਟ ਭਰਤੀ ਹੋ ਗਿਆ। ਉਹ ਫਰਾਂਸ ਦੇ ਸ਼ਹਿਨਸ਼ਾਹ ਨੈਪੋਲੀਅਨ ਲਈ ਲੜਦਾ ਹੋਇਆ ਦੋ ਵਾਰ ਯੱੁਧ ਵਿੱਚ ਜ਼ਖਮੀ ਹੋਇਆ। ਇਸ ਬਹਾਦਰੀ ਲਈ ਉਸ ਨੂੰ ਲੀਜ਼ੀਅਨ ਡੀ ਆਨਰ ਅਤੇ ਕੈਪਟਨ ਰੈਂਕ ਦੀ ਤਰੱਕੀ ਮਿਲੀ। 1815 ਈ. ਵਿੱਚ ਵਾਟਰਲੂ ਦੀ ਜੰਗ ਹਾਰਨ ਵੇਲੇ ਵੀ ਉਹ ਨੈਪੋਲੀਅਨ ਦੀ ਫੌਜ ਵਿੱਚ ਸੀ। ਇਸ ਤੋਂ ਬਾਅਦ ਉਸ ਦਾ ਦਿਲ ਟੱੁਟ ਗਿਆ। ਉਸ ਨੇ ਫਰਾਂਸ ਛੱਡ ਦਿੱਤਾ ਤੇ ਕਈ ਥਾਵਾਂ ‘ਤੇ ਭਟਕਦਾ ਹੋਇਆ ਇਰਾਨ ਦੇ ਬਾਦਸ਼ਾਹ ਅੱਬਾਸ ਮਿਰਜ਼ਾ ਦੇ ਦਰਬਾਰ ਵਿੱਚ ਪਹੁੰਚ ਗਿਆ। ਉਸ ਨੂੰ ਕਰਨਲ ਦਾ ਰੈਂਕ ਦੇ ਕੇ ਭਰਤੀ ਕਰ ਲਿਆ ਗਿਆ। ਪਰ ਬਣਦਾ ਮਾਨ ਸਨਮਾਨ ਨਾ ਮਿਲਣ ਕਾਰਨ ਉਹ ਵੈਨਤੂਰਾ ਸਮੇਤ 1820 ਈ. ਵਿੱਚ ਪੰਜਾਬ ਵੱਲ ਚੱਲ ਪਿਆ। 1822 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਖਾਲਸਾ ਫੌਜ ਵਿੱਚ ਭਰਤੀ ਕਰਕੇ ਘੋੜ ਸਵਾਰ ਟੁਕੜੀਆਂ ਨੂੰ ਪੱਛਮੀ ਤਰੀਕੇ ਨਾਲ ਟਰੇਂਡ ਕਰਨ ਦੀ ਡਿਊਟੀ ਲਗਾਈ। ਟਰੇਨਿੰਗ ਪੂਰੀ ਹੋਣ ਤੋਂ ਬਾਅਦ ਜਦੋਂ ਉਸ ਨੇ ਮਹਾਰਾਜੇ ਨੂੰ ਪਰੇਡ ਦਿਖਾਈ ਤਾਂ ਖੁਸ਼ ਹੋ ਕੇ ਮਹਾਰਾਜੇ ਨੇ ਉਸ ਨੂੰ ਜਨਰਲ ਦਾ ਰੈਂਕ ਪ੍ਰਦਾਨ ਕੀਤਾ। ਅਲਾਰਡ ਬਹੁਤ ਹੀ ਖੂਬਸੂਰਤ ਸ਼ਖਸ਼ੀਅਤ ਅਤੇ ਠੰਡੇ ਸੁਭਾਅ ਦਾ ਮਾਲਕ ਸੀ।

ਉਸ ਨੇ ਲਾਹੌਰ ਦਰਬਾਰ ਦੀ ਸਰਕਾਰੀ ਬੋਲੀ ਫਾਰਸੀ ਵੀ ਸਿੱਖ ਲਈ। ਉਹ ਕਵੀ ਸੀ ਤੇ ਉਸ ਨੇ ਫਾਰਸੀ ਭਾਸ਼ਾ ਵਿੱਚ ਕਈ ਕਵਿਤਾਵਾਂ ਲਿਖੀਆਂ। ਜੂਨ 1834 ਵਿੱਚ ਉਹ ਛੱੁਟੀ ਲੈ ਕੇ ਫਰਾਂਸ ਚਲਾ ਗਿਆ ਤੇ 18 ਮਹੀਨਿਆਂ ਬਾਅਦ ਵਾਪਸ ਆਇਆ। ਉਹ 1839 ਤੱਕ ਸਿੱਖ ਫੌਜ ਵਿੱਚ ਨੌਕਰੀ ਕਰਦਾ ਰਿਹਾ। ਮਹਾਰਾਜੇ ਦੀ ਮੌਤ ਤੋਂ ਬਾਅਦ ਦਰਬਾਰ ਵਿੱਚ ਹੋਣ ਵਾਲੀਆਂ ਸਾਜਿਸ਼ਾਂ ਤੋਂ ਤੰਗ ਆ ਕੇ ਉਹ ਵਾਪਸ ਫਰਾਂਸ ਚਲਾ ਗਿਆ। ਉਥੇ ਹੀ ਉਸ ਦੀ ਮੌਤ ਹੋ ਗਈ।

2. ਜੀਨ ਬੈਪਟਾਈਜ਼ ਵੈਨਤੂਰਾ — ਵੈਨਤੂਰਾ ਦਾ ਬਚਪਨ ਦਾ ਨਾਮ ਰੂਬੀਨੋ ਬੇਨ ਤੋਰਾਹ ਸੀ। ਉਸ ਦਾ ਜਨਮ 25 ਮਈ 1794 ਈ. ਨੂੰ ਇਟਲੀ ਦੇ ਸੂਬੇ ਮੌਡੇਨਾ ਦੇ ਸ਼ਹਿਰ ਫਾਈਨੇਲ ਐਮੀਲੀਆ ਵਿਖੇ ਇੱਕ ਮੱਧ ਵਰਗੀ ਯਹੂਦੀ ਪਰਿਵਾਰ ਵਿੱਚ ਹੋਇਆ। ਉਸ ਨੇ ਉ੍ਨਚ ਵਿਦਿਆ ਪ੍ਰਾਪਤ ਕੀਤੀ। 17 ਸਾਲ ਦੀ ਉਮਰ ਵਿੱਚ ਉਹ ਇਟਲੀ ਦੀ ਫੌਜ ਵਿੱਚ ਭਰਤੀ ਹੋ ਗਿਆ ਤੇ ਬਾਅਦ ਵਿੱਚ ਫਰਾਂਸ ਦੀ ਫੌਜ ਵਿੱਚ ਚਲਾ ਗਿਆ। ਉਹ ਆਪਣੀ ਸੂਝ ਬੂਝ ਅਤੇ ਬਹਾਦਰੀ ਕਾਰਨ ਕਰਨਲ ਦੇ ਰੈਂਕ ਤੱਕ ਪਹੁੰਚ ਗਿਆ। ਵਾਟਰਲੂ ਦੀ ਜੰਗ ਅਤੇ ਨੈਪੋਲੀਅਨ ਦੇ ਪਤਨ ਤੋਂ ਬਾਅਦ ਉਹ ਇਟਲੀ ਵਾਪਸ ਆ ਗਿਆ। ਪਰ 1817 ਈ. ਵਿੱਚ ਉਹ ਇਟਲੀ ਛੱਡ ਕੇ ਤੁਰਕੀ ਦੀ ਰਾਜਧਾਨੀ ਇਸਤੰਬੋਲ ਚਲਾ ਗਿਆ। ਉਥੇ ਉਸ ਨੇ ਕੁਝ ਦੇਰ ਲਈ ਸਮੁੰਦਰੀ ਜਹਾਜਾਂ ਦੀ ਦਲਾਲੀ ਕੀਤੀ ਪਰ ਕਾਮਯਾਬ ਨਾ ਹੋ ਸਕਿਆ। ਫਿਰ ਉਹ ਵੀ ਬਾਕੀ ਯੂਰਪੀਅਨ ਵਾਂਗ ਇਰਾਨ ਦੀ ਫੌਜ ਨੂੰ ਟਰੇਂਡ ਕਰਨ ਲਈ ਭਰਤੀ ਹੋ ਗਿਆ ਤੇ ਕਰਨਲ ਦਾ ਰੈਂਕ ਪ੍ਰਾਪਤ ਕੀਤਾ। ਪਰ ਇਰਾਨ ਦੀ ਫੌਜ ਵਿੱਚ ਬਹੁਤ ਸਾਰੇ ਬ੍ਰਿਟਿਸ਼ ਅਫਸਰ ਵੀ ਨੌਕਰੀ ਕਰ ਰਹੇ ਸਨ। ਉਹ ਅਲਾਰਡ, ਐਵਾਟਾਈਬਲ, ਕੋਰਟ ਅਤੇ ਵੈਨਤੂਰਾ ਨਾਲ ਨੈਪੋਲੀਅਨ ਦੀ ਫੌਜ ਵਿੱਚ ਨੌਕਰੀ ਕਰਨ ਕਾਰਨ ਨਫਰਤ ਕਰਦੇ ਸਨ। ਉਹਨਾਂ ਨੇ ਸ਼ਾਹ ਇਰਾਨ ਅੱਬਾਸ ਮਿਰਜ਼ਾ ਦੇ ਕੰਨ ਭਰ ਦਿੱਤੇ। ਬਾਕੀ ਫਰਾਂਸੀਸੀਆਂ ਦੇ ਨਾਲ ਉਸ ਨੂੰ ਵੀ ਇਰਾਨ ਛੱਡਣਾ ਪਿਆ।

1822 ਵਿੱਚ ਉਹ ਤੇ ਅਲਾਰਡ ਸਭ ਤੋਂ ਪਹਿਲੇ ਵਿਦੇਸ਼ੀ ਸੈਨਿਕ ਸਨ ਜਿਹਨਾਂ ਨੇ ਲਾਹੌਰ ਦਰਬਾਰ ਵਿੱਚ ਨੌਕਰੀ ਪ੍ਰਾਪਤ ਕੀਤੀ। ਉਸ ਨੇ ਬਹੁਤ ਵਫਾਦਾਰੀ ਨਾਲ ਖਾਲਸਾ ਫੌਜ ਨੂੰ ਹਰ ਪ੍ਰਕਾਰ ਦੀ ਪੱਛਮੀ ਪਰੇਡ, ਯੁੱਧ ਕਲਾ ਅਤੇ ਪੈਦਲ ਲੜਾਈ ਵਿੱਚ ਨਿਪੁੰਨ ਕੀਤਾ। ਇਸ ਤੋਂ ਪਹਿਲਾਂ ਖਾਲਸਾ ਫੌਜ ਵਿੱਚ ਘੋੜ ਸਵਾਰ ਟੁਕੜੀਆਂ ਦਾ ਦਬਦਬਾ ਸੀ। ਪੈਦਲ ਫੌਜ ਨੂੰ ਘਟੀਆ ਸਮਝਿਆ ਜਾਂਦਾ ਸੀ। ਉਸ ਨੇ ਮਹਾਰਾਜ ਰਣਜੀਤ ਸਿੰਘ ਦੇ ਵਿਸ਼ੇਸ਼ ਦਸਤੇ, ਫੌਜ-ਏ-ਖਾਸ ਬ੍ਰਿਗੇਡ ਦੀ ਸਥਾਪਨਾ ਕੀਤੀ। ਵੈਨਤੂਰਾ ਨੇ ਨੌਸ਼ਹਿਰਾ ਤੋਂ ਇਲਾਵਾ ਅਨੇਕਾਂ ਯੁੱਧਾਂ ਵਿੱਚ ਖਾਲਸਾ ਫੌਜ ਦੀ ਅਗਵਾਈ ਕੀਤੀ ਅਤੇ ਲਗਾਤਾਰ ਜਿੱਤਾਂ ਪ੍ਰਾਪਤ ਕਰਕੇ ਸ਼ੇਰੇ ਪੰਜਾਬ ਦੀਆਂ ਅੱਖਾਂ ਦਾ ਤਾਰਾ ਬਣ ਗਿਆ। ਜਨਰਲ ਦੇ ਅਹੁਦੇ ਤੋਂ ਇਲਾਵਾ ਮਹਾਰਾਜੇ ਨੇ ਉਸ ਨੂੰ ਲਾਹੌਰ ਦੇ ਕਾਜ਼ੀ ਦੀ ਪਦਵੀ ਅਤੇ ਪੇਸ਼ਾਵਰ ਆਦਿ ਕਈ ਸੂਬਿਆਂ ਦੀ ਗਵਰਨਰੀ ਵੀ ਬਖਸ਼ੀ ਸੀ। ਉਹ ਅਸਲੀਅਤ ਵਿੱਚ ਖਾਲਸਾ ਫੌਜ ਦਾ ਕਮਾਂਡਰ ਇਨ ਚੀਫ ਸੀ। ਉਸ ਨੇ ਇੱਕ ਪੰਜਾਬੀ ਔਰਤ ਨਾਲ ਵਿਆਹ ਕੀਤਾ ਤੇ ਇੱਕ ਬੇਟੀ ਦਾ ਬਾਪ ਬਣਿਆ। ਉਸ ਨੇ 1837 ਈ. ਵਿੱਚ ਫਰਾਂਸ ਗਏ ਲਾਹੌਰ ਦਰਬਾਰ ਦੇ ਇੱਕ ਕੂਟਨੀਤਕ ਮਿਸ਼ਨ ਦੀ ਅਗਵਾਈ ਕੀਤੀ। ਉਹ ਪੰਜਾਬ ਦਾ ਮੁੱਢਲਾ ਸਿੱਕਾ ਖੋਜੀ ਸੀ। ਉਸ ਨੂੰ ਪੇਸ਼ਾਵਰ ਦੇ ਬੋਧੀ ਸਤੂਪਾਂ ਅਤੇ ਖੈਬਰ ਦਰੇ ਦੇ ਇਲਾਕੇ ਵਿੱਚੋਂ ਗਰੀਕ ਅਤੇ ਕੁਸ਼ਾਨ ਸਿੱਕੇ ਖੋਜਣ ਦਾ ਬਹੁਤ ਸ਼ੌਕ ਸੀ। ਉਸ ਨੇ ਸੈਂਕੜੇ ਖੁਦਾਈਆਂ ਕਰਵਾਈਆਂ ਅਤੇ ਆਪਣੀਆਂ ਖੋਜਾਂ ਏਸ਼ੀਆਟਿਕ ਸੁਸਾਇਟੀ ਆਫ ਬੰਗਾਲ ਕਲਕੱਤੇ ਭੇਜ ਦਿੱਤੀਆਂ।

ਉਸ ਨੇ ਬੇਹੱਦ ਵਫਾਦਾਰੀ ਨਾਲ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਖੜਕ ਸਿੰਘ, ਕੁੰਵਰ ਨੌਨਿਹਾਲ ਸਿੰਘ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਸੇਵਾ ਕੀਤੀ। ਪਰ ਮਹਾਰਾਜਾ ਸ਼ੇਰ ਸਿੰਘ ਦੀ ਹੱਤਿਆ ਤੋਂ ਬਾਅਦ ਉਸ ਨੇ 1843 ਈ. ਵਿੱਚ ਪੰਜਾਬ ਛੱਡ ਦਿਤਾ ਤੇ ਫਰਾਂਸ ਚਲਾ ਗਿਆ। ਉਸ ਨੇ ਫਰਾਂਸ ਦੇ ਬਾਦਸ਼ਾਹ ਲੂਇਸ ਫਿਲਿਪ ਨੂੰ ਆਪਣੇ ਸਿੱਕਿਆਂ ਦੇ ਭੰਡਾਰ ਵਿੱਚੋਂ ਪੁਰਾਤਨ ਗਰੀਕ ਸਿੱਕਿਆਂ ਦਾ ਇੱਕ ਸੈ੍ਨਟ ਭੇਂਟ ਕੀਤਾ। ਉਸ ਨੇ ਪੈਰਿਸ ਵਿੱਚ ਇੱਕ ਵਿਸ਼ਾਲ ਹਵੇਲੀ ਖਰੀਦੀ ਤੇ ਸ਼ਾਨ ਨਾਲ ਰਹਿਣ ਲੱਗਾ। 3 ਅਪਰੈਲ 1858 ਨੂੰ ਉਸ ਦੀ ਫਰਾਂਸ ਦੇ ਸ਼ਹਿਰ ਲਾਰਡੈਨ ਵਿੱਚ ਮੌਤ ਹੋ ਗਈ।

3. ਪਾਉਲੋ ਐਵੀਟੈਬਾਈਲ — ਪਹਿਲੀ ਐਂਗਲੋ ਸਿੱਖ ਜੰਗ ਦੌਰਾਨ ਆਲੀਵਾਲ ਦੀ ਲੜਾਈ ਵਿੱਚ ਸ਼ਾਹ ਮੁਹੰਮਦ ਜਨਰਲ ਐਵੀਟੈਬਾਈਲ ਦੀ ਬਹਾਦਰੀ ਬਾਰੇ ਲਿਖਦਾ ਹੈ –

ਸੱਠ ਕੋਹਾਂ ਦਾ ਪੰਧ ਸੀ ਲੁਧਿਆਣਾ, ਰਾਤੋ ਰਾਤ ਕੀਤੀ ਟੁੰਡੇ ਦੌੜ ਮੀਆਂ।
ਉਹ ਭੀ ਲੁੱਟਿਆ ਲਾਟ ਨੇ ਆਣ ਡੇਰਾ, ਸਭ ਖੋਹ ਕੇ ਕੀਤੀਆਂ ਚੌੜ ਮੀਆਂ।
ਝੱਲੀ ਅਬੂਤਬੇਲੇ ਦੀਆਂ ਪਲਟਣਾਂ ਨੇ, ਘੜੀਆਂ ਦੋ ਲੜਾਈ ਦੀ ਸੌੜ ਮੀਆਂ।

ਇਸ ਜੰਗ ਵਿੱਚ ਸਿਰਫ ਉਸ ਦੀਆਂ ਪਲਟਣਾਂ ਨੇ ਹੀ ਬਹਾਦਰੀ ਨਾਲ ਬ੍ਰਿਟਿਸ਼ ਫੌਜ ਦਾ ਸਾਹਮਣਾ ਕੀਤਾ ਸੀ। ਐਵੀਟੈਬਾਈਲ ਦਾ ਪੂਰਾ ਨਾਮ ਪਾਉਲੋ ਕਰੈਸੈਨਜ਼ੋ ਮਾਰਟੀਨੋ ਐਵੀਟੈਬਾਈਲ ਸੀ। ਉਸ ਦਾ ਜਨਮ 25 ਅਕਤੂਬਰ 1791 ਨੂੰ ਇਟਲੀ ਦੇ ਕਸਬੇ ਅਗੇਰੋਲਾ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਸ ਨੇ ਫਰਾਂਸ ਦੀ ਸੈਨਾ ਵਿੱਚ ਭਰਤੀ ਹੋ ਕੇ ਨੈਪੋਲੀਅਨ ਵੱਲੋਂ ਅਨੇਕਾਂ ਯੁੱਧਾਂ ਵਿੱਚ ਹਿੱਸਾ ਲਿਆ। ਵਾਟਰਲੂ ਦੇ ਯੁੱਧ ਤੋਂ ਬਾਅਦ ਉਹ ਵੀ ਕਿਸਮਤ ਅਜਮਾਉਣ ਲਈ ਪੂਰਬ ਵੱਲ ਚੱਲ ਪਿਆ। 1820 ਵਿੱਚ ਉਹ ਇਰਾਨ ਦੀ ਫੌਜ ਵਿੱਚ ਬਤੌਰ ਕਰਨਲ ਭਰਤੀ ਹੋ ਗਿਆ। ਉਸ ਨੇ ਯੁੱਧਾਂ ਵਿੱਚ ਬੇਮਿਸਾਲ ਬਹਾਦਰੀ ਵਿਖਾਈ ਤੇ 1824 ਨੂੰ ਵਾਪਸ ਇਟਲੀ ਚਲਾ ਗਿਆ। ਇਟਲੀ ਵਿੱਚ ਉਸ ਨੂੰ ਪੁਰਾਣੇ ਸਾਥੀ ਵੈਨਤੂਰਾ ਦਾ ਸੁਨੇਹਾ ਮਿਲਿਆ ਤਾਂ ਉਹ ਪੰਜਾਬ ਪਹੁੰਚ ਗਿਆ ਤੇ 1827 ਵਿੱਚ ਖਾਲਸਾ ਫੌਜ ਵਿੱਚ ਭਰਤੀ ਹੋ ਗਿਆ। ਮਹਾਰਾਜਾ ਉਸ ‘ਤੇ ਬਹੁਤ ਯਕੀਨ ਕਰਦਾ ਸੀ। ਉਸ ਨੂੰ ਫੌਜ ਦੇ ਨਾਲ ਨਾਲ ਕਈ ਦੀਵਾਨੀ ਜਿੰਮੇਵਾਰੀਆਂ ਵੀ ਸੌਂਪੀਆਂ ਗਈਆਂ। 1829 ਵਿੱਚ ਉਸ ਨੂੰ ਵਜ਼ੀਰਾਬਾਦ ਅਤੇ 1837 ਵਿੱਚ ਹਰੀ ਸਿੰਘ ਨਲਵਾ ਤੋਂ ਬਾਅਦ ਪਿਸ਼ਾਵਰ ਦਾ ਗਵਰਨਰ ਥਾਪਿਆ ਗਿਆ। ਉਹ ਪਠਾਨਾਂ ਨਾਲ ਬਹੁਤ ਸਖਤੀ ਨਾਲ ਪੇਸ਼ ਆਉਂਦਾ ਸੀ। ਬਗਾਵਤ ਕਰਨ ਵਾਲਿਆਂ ਦੀਆਂ ਜੀਬਾਂ ਕੱਟ ਦੇਂਦਾ ਸੀ। ਉਸ ਦੇ ਗਵਰਨਰੀ ਕਾਲ ਵਿੱਚ ਪਠਾਨਾਂ ਨੇ ਬਗਾਵਤ ਕਰਨ ਦੀ ਜੁਰਤ ਨਾ ਕੀਤੀ।

ਪਹਿਲੇ ਐਂਗਲੋ ਸਿੱਖ ਯੱੁਧ ਤੋਂ ਬਾਅਦ ਉਹ ਇਟਲੀ ਚਲਾ ਗਿਆ। ਉਸ ਨੇ ਪੰਜਾਬ ਤੋਂ ਕਮਾਈ ਦੌਲਤ ਨਾਲ ਸਾਨ ਲਜ਼ੈਰੋ ਵਿੱਚ ਇੱਕ ਵਿਸ਼ਾਲ ਮਹਿਲ ਤਾਮੀਰ ਕਰਵਾਇਆ ਤੇ ਇੱਕ ਇਟਾਲੀਅਨ ਲੜਕੀ ਐਨਰੀਚੈਟਾ ਕੋਸ਼ੀਆ ਨਾਲ ਵਿਆਹ ਕਰਵਾ ਲਿਆ। ਪਰ ਜਲਦੀ ਹੀ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਜਾਇਦਾਦ ਦੇ ਕਈ ਦਾਅਵੇਦਾਰ ਪੈਦਾ ਹੋ ਗਏ। ਆਖਰ ਲੰਬੀ ਮੁਕੱਦਮੇਬਾਜ਼ੀ ਤੋਂ ਬਾਅਦ ਉਸ ਦੀ ਵਿਸ਼ਾਲ ਜਾਇਦਾਦ ਉਸ ਦੀ ਪਤਨੀ ਅਤੇ ਰਿਸ਼ਤੇਦਾਰਾਂ ਵਿੱਚ ਵੰਡ ਦਿੱਤੀ ਗਈ।

4. ਕਲਾਉਡ ਆਉਗਸਟੇ ਕੋਰਟ – ਕੋਰਟ ਦਾ ਜਨਮ 24 ਸਤੰਬਰ 1793 ਈ. ਨੂੰ ਫਰਾਂਸ ਦੇ ਸ਼ਹਿਰ ਸੇਂਟ ਸੇਜ਼ਾਰੇ ਸੁਰ ਸੀਆਨੇ ਵਿੱਚ ਇਕ ਕੁਲੀਨ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਏਕੋਲ ਪੌਲੀਟੈਕਨਿਕ ਪੈਰਿਸ ਤੋਂ ਉ੍ਨਚ ਵਿਦਿਆ ਹਾਸਲ ਕੀਤੀ। 1813 ਈ. ਵਿੱਚ 20 ਸਾਲ ਦੀ ਉਮਰ ਵਿੱਚ ਉਹ ਫਰਾਂਸ ਦੀ ਪੈਦਲ ਫੌਜ ਵਿੱਚ ਬਤੌਰ ਲੈਫਟੀਨੈਂਟ ਭਰਤੀ ਹੋ ਗਿਆ। 1815 ਈ. ਵਿੱਚ ਵਾਟਰਲੂ ਦੀ ਜੰਗ ਤੋਂ ਬਾਅਦ ਨਵੀਂ ਫਰਾਂਸੀਸੀ ਸਰਕਾਰ ਨੇ ਉਸ ਨੂੰ ਨੈਪੋਲੀਅਨ ਦੇ ਹੋਰ ਵਫਾਦਾਰ ਅਫਸਰਾਂ ਸਮੇਤ ਫੌਜ ਵਿੱਚੋਂ ਬਰਖਾਸਤ ਕਰ ਦਿੱਤਾ। ਇਰਾਨ ਦਾ ਸ਼ਾਹ ਉਸ ਵੇਲੇ ਆਪਣੀ ਫੌਜ ਨੂੰ ਆਧੁਨਿਕ ਲੀਹਾਂ ‘ਤੇ ਤਿਆਰ ਕਰਨ ਲਈ ਪੱਛਮੀ ਉਸਤਾਦਾਂ ਦੀ ਭਰਤੀ ਕਰ ਰਿਹਾ ਸੀ। 1818 ਵਿੱਚ ਉਹ ਬਗਦਾਦ ਪਹੁੰਚ ਗਿਆ ਅਤੇ ਇਰਾਨ ਦੀ ਫੌਜ ਵਿੱਚ ਭਰਤੀ ਹੋ ਗਿਆ। ਇਥੇ ਹੀ ਉਸ ਦੀ ਪੁਰਾਣੇ ਫਰਾਂਸੀਸੀ ਸਾਥੀਆਂ ਵੈਨਤੂਰਾ ਅਤੇ ਐਵੀਟੈਬਾਈਲ ਨਾਲ ਮੁਲਾਕਾਤ ਹੋਈ। ਉਹ ਵੀ ਉਹਨਾਂ ਦੀ ਵੇਖਾ ਵੇਖੀ 1827 ਈ. ਵਿੱਚ ਲਾਹੌਰ ਦਰਬਾਰ ਪਹੁੰਚ ਗਿਆ।

ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਵਿਗਿਆਨਕ ਅਤੇ ਤਕਨੀਕੀ ਮੁਹਾਰਤ ਵੇਖ ਕੇ ਉਸ ਨੂੰ ਖਾਲਸਾ ਤੋਪਖਾਨੇ ਨੂੰ ਆਧੁਨਿਕ ਲੀਹਾਂ ‘ਤੇ ਢਾਲਣ ਦੀ ਪੂਰੀ ਜ਼ਿੰਮੇਵਾਰੀ ਸੌਂਪ ਦਿੱਤੀ। ਨਵੀਆਂ ਤੋਪਾਂ ਢਾਲਣਾ, ਗੋਲਾ ਬਾਰੂਦ ਦੀ ਤਿਆਰੀ, ਤੋਪਚੀਆਂ ਦੀ ਟਰੇਨਿੰਗ ਅਤੇ ਯੁੱਧ ਖੇਤਰ ਵਿੱਚ ਦਾਗਣ ਦੀ ਜ਼ਿੰਮੇਵਾਰੀ ਉਸ ਕੋਲ ਸੀ। ਉਸ ਨੇ ਇਹ ਕੰਮ ਬਹੁਤ ਹੀ ਮਿਹਨਤ, ਵਫਾਦਾਰੀ ਅਤੇ ਨਿਪੁੰਨਤਾ ਨਾਲ ਸਿਰੇ ਚੜ੍ਹਾਇਆ। ਉਸ ਨੇ ਫਰਾਂਸੀਸੀ ਤਕਨੀਕ ਨਾਲ ਤੋਪਾਂ ਢਾਲਣ ਲਈ ਕਈ ਕਾਰਖਾਨੇ ਸਥਾਪਿਤ ਕੀਤੇ। ਜਦੋਂ ਉਸ ਨੇ ਲਾਹੌਰ ਕਾਰਖਾਨੇ ਵਿੱਚ ਪਹਿਲਾ ਪੱਛਮੀ ਗੋਲਾ ਤਿਆਰ ਕੀਤਾ ਤਾਂ ਮਹਾਰਾਜੇ ਨੇ ਉਸ ਨੂੰ 30000 ਰੁ. ਇਨਾਮ ਦਿੱਤਾ। ਉਸ ਵੇਲੇ ਇੱਕ ਸਿਪਾਹੀ ਦੀ ਤਨਖਾਹ ਕਰੀਬ 10 ਰੁ. ਮਹੀਨਾ ਸੀ। ਜਦੋਂ ਉਸ ਨੇ ਪਲੀਤਾ ਤਿਆਰ ਕੀਤਾ ਤਾਂ ਉਸ ਨੂੰ 5000 ਰੁ. ਇਨਾਮ ਦਿੱਤਾ ਗਿਆ। ਕੋਰਟ ਨੂੰ ਜਗੀਰ ਤੋਂ ਇਲਾਵਾ 2500 ਰੁ. ਮਹੀਨਾ ਤਨਖਾਹ ਮਿਲਦੀ ਸੀ। ਉਸ ਨੇ ਪੇਸ਼ਾਵਰ (1834) ਅਤੇ ਜਮਰੌਦ (1837) ਦੀ ਜੰਗ ਵਿੱਚ ਬੇਮਿਸਾਲ ਬਹਾਦਰੀ ਵਿਖਾਈ।

5 ਨਵੰਬਰ 1840 ਈ. ਵਿੱਚ ਮਹਾਰਾਜਾ ਖੜਕ ਸਿੰਘ ਅਤੇ ਕੁੰਵਰ ਨੌਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਉਸ ਨੇ ਅਤੇ ਜਨਰਲ ਵੈਂਤੂਰਾ ਨੇ ਸੱਤਾ ਸੰਘਰਸ਼ ਵਿੱਚ ਮਹਾਰਾਜਾ ਸ਼ੇਰ ਸਿੰਘ ਦਾ ਸਾਥ ਦਿੱਤਾ। ਉਹਨਾਂ ਦੀ ਮਦਦ ਨਾਲ ਹੀ ਸ਼ੇਰ ਸਿੰਘ ਲਾਹੌਰ ਦਾ ਕਿਲਾ ਫਤਿਹ ਕਰ ਸਕਿਆ। ਪਰ ਸਤੰਬਰ 1843 ਈ. ਵਿੱਚ ਮਹਾਰਾਜਾ ਸ਼ੇਰ ਸਿੰਘ ਅਤੇ ਸ਼ਹਿਜਾਦਾ ਪ੍ਰਤਾਪ ਸਿੰਘ ਦੇ ਕਤਲ ਤੋਂ ਬਾਅਦ ਉਸ ਨੇ ਅੰਗਰੇਜਾਂ ਦੇ ਇਲਾਕੇ ਫਿਰੋਜ਼ਪੁਰ ਵਿੱਚ ਸ਼ਰਣ ਲੈ ਲਈ। 1844 ਈ. ਵਿੱਚ ਉਹ ਆਪਣੀ ਪੰਜਾਬੀ ਪਤਨੀ ਨਾਲ ਵਾਪਸ ਫਰਾਂਸ ਚਲਾ ਗਿਆ। ਉਸ ਨੇ ਆਪਣੀ ਕਮਾਈ ਨਾਲ ਪੈਰਿਸ ਵਿੱਚ ਆਲੀਸ਼ਾਨ ਮਕਾਨ ਤੇ ਪੈਰਿਸ ਦੇ ਬਾਹਰ ਕਾਫੀ ਜ਼ਮੀਨ ਖਰੀਦੀ। ਉਥੇ ਹੀ ਉਸ ਦੀ 1880 ਈ. ਵਿੱਚ ਮੌਤ ਹੋ ਗਈ। ਉਹ ਵੀ ਸਿੱਕੇ ਇਕੱਠੇ ਕਰਨ ਦਾ ਬਹੁਤ ਸ਼ੌਕੀਨ ਸੀ। ਉਹ ਆਪਣੇ ਵਾਰਸਾਂ ਲਈ ਸਿੱਕਿਆਂ ਦਾ ਵਿਸ਼ਾਲ ਭੰਡਾਰ ਛੱਡ ਗਿਆ। ਵਾਰਸਾਂ ਨੇ ਉਹ ਸਿੱਕੇ ਇੱਕ ਵਪਾਰੀ ਅਲੈਗਜ਼ੈਂਡਰ ਕਨਿੰਘਮ ਨੂੰ ਵੇਚ ਦਿੱਤੇ ਜਿਸ ਤੋਂ ਬ੍ਰਿਟਿਸ਼ ਸਰਕਾਰ ਨੇ ਖਰੀਦ ਲਏ। ਉਸ ਵੱਲੋਂ ਇਕੱਠੇ ਕੀਤੇ ਗਏ ਸੈਂਕੜੇ ਸਿੱਕੇ ਲੰਡਨ ਮਿਊਜ਼ੀਅਮ ਵਿੱਚ ਪਏ ਹਨ। ਉਸ ਨੇ ਆਪਣੀ ਜੀਵਨੀ “ਮੈਮੋਆਈਰਜ਼” 1856-57 ਵਿੱਚ ਪੈਰਿਸ ਵਿੱਚ ਪ੍ਰਕਾਸ਼ਿਤ ਕਰਵਾਈ। ਇਸ ਵਿੱਚ ਸਿੱਖ ਰਾਜ ਬਾਰੇ ਬਹੁਤ ਵੱਡਮੁੱਲੀ ਜਾਣਕਾਰੀ ਮਿਲਦੀ ਹੈ।

5.. ਅਲੈਗਜੈਂਡਰ ਗਾਰਡਨਰ— ਗਾਰਡਨਰ ਦਾ ਪੂਰਾ ਨਾਮ ਅਲੈਗਜੈਂਡਰ ਹਾਉਟਨ ਕੈਂਪਬੈਲ ਗਾਰਡਨਰ ਸੀ। ਉਸ ਦਾ ਜਨਮ ਅਮਰੀਕਾ ਦੇ ਸੂਬੇ ਵਿਸਕਾਨਸਨ ਵਿੱਚ ਇੱਕ ਸਕਾਟਿਸ਼ ਬਾਪ ਅਤੇ ਸਪੈਨਿਸ਼ ਮਾਤਾ ਦੇ ਘਰ ਹੋਇਆ। ਗਾਰਡਨਰ 1809 ਈ. ਵਿੱਚ ਆਇਰਲੈਂਡ ਚਲਾ ਗਿਆ ਤੇ 1817 ਵਿੱਚ ਰੂਸ ਪਹੁੰਚ ਗਿਆ। ਉਸ ਨੇ ਰੂਸੀ ਫੌਜ ਵਿੱਚ ਭਰਤੀ ਹੋਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕਿਆ। ਇਸ ਤੋਂ ਬਾਅਦ ਉਹ 13 ਸਾਲ ਤੱਕ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਫੌਜੀ ਨੌਕਰੀ ਕਰਦਾ ਰਿਹਾ। 1831 ਵਿੱਚ ਉਹ ਲਾਹੌਰ ਦਰਬਾਰ ਵਿੱਚ ਪਹੁੰਚ ਗਿਆ। ਉਸ ਨੂੰ ਕਰਨਲ ਰੈਂਕ ਦੇ ਕੇ ਇੱਕ ਤੋਪਖਾਨਾ ਬ੍ਰਿਗੇਡ ਦਾ ਕਮਾਂਡਰ ਥਾਪਿਆ ਗਿਆ।

ਗਾਰਡਨਰ ਦੀ ਡੋਗਰਿਆਂ ਨਾਲ ਬਹੁਤ ਬਣਦੀ ਸੀ। ਧਿਆਨ ਸਿੰਘ ਡੋਗਰਾ ਮਹਾਰਾਜਾ ਖੜਕ ਸਿੰਘ ਦੇ ਦੋਸਤ ਚੇਤ ਸਿੰਘ ਬਾਜਵਾ ਨੂੰ ਕਤਲ ਕਰਨ ਵੇਲੇ ਗਾਰਡਨਰ ਨੂੰ ਨਾਲ ਲੈ ਕੇ ਗਿਆ ਸੀ। ਇਸ ਕਤਲ ਦਾ ਗਾਰਡਨਰ ਨੇ ਆਪਣੀ ਕਿਤਾਬ ਫਾਲ ਆਫ ਸਿੱਖ ਅੰਪਾਇਰ ਵਿੱਚ ਬਹੁਤ ਵਿਸਤਾਰ ਨਾਲ ਵਰਨਣ ਕੀਤਾ ਹੈ। ਮਹਾਰਾਜਾ ਸ਼ੇਰ ਸਿੰਘ ਅਤੇ ਮਹਾਰਾਜਾ ਖੜਕ ਸਿੰਘ ਦੀ ਵਿਧਵਾ ਰਾਣੀ ਚੰਦ ਕੌਰ ਦੇ ਝਗੜੇ ਵੇਲੇ ਇੱਕ ਸਕੀਮ ਅਧੀਨ ਧਿਆਨ ਸਿੰਘ ਡੋਗਰਾ ਸ਼ੇਰ ਸਿੰਘ ਦੀ ਤੇ ਗੁਲਾਬ ਸਿੰਘ ਡੋਗਰਾ ਰਾਣੀ ਚੰਦ ਕੌਰ ਦੀ ਮਦਦ ਕਰ ਰਿਹਾ ਸੀ। ਜਨਰਲ ਵੈਨਤੂਰਾ ਸਮੇਤ ਸਾਰੇ ਯੂਰਪੀਅਨ ਅਫਸਰਾਂ ਨੇ ਸ਼ੇਰ ਸਿੰਘ ਦਾ ਸਾਥ ਦਿੱਤਾ ਪਰ ਗਾਰਡਨਰ ਨੇ ਚੰਦ ਕੌਰ ਤੇ ਗੁਲਾਬ ਸਿੰਘ ਡੋਗਰੇ ਦਾ ਸਾਥ ਦਿੱਤਾ। ਗਾਰਡਨਰ ਨੇ ਕਿਲੇ ਦੇ ਅੰਦਰੋਂ ਤੋਪਾਂ ਦਾਗ ਕੇ ਸ਼ੇਰ ਸਿੰਘ ਦੇ 300 ਸੈਨਿਕਾਂ ਦਾ ਕਤਲ ਕਰ ਦਿੱਤਾ ਸੀ। ਸ਼ੇਰ ਸਿੰਘ ਦੇ ਮਹਾਰਾਜਾ ਬਣਨ ਕਾਰਨ ਗਾਰਡਨਰ ਦੇ ਮਾੜੇ ਦਿਨ ਆ ਗਏ। ਉਹ ਵੀ ਗੁਲਾਬ ਸਿੰਘ ਦੇ ਨਾਲ ਕਸ਼ਮੀਰ ਵੱਲ ਭੱਜ ਗਿਆ। ਗਾਰਡਨਰ ਰੋਜ਼ਨਾਮਚਾ ਲਿਖਣ ਦਾ ਬਹੁਤ ਸ਼ੌਕੀਨ ਸੀ। ਪਰ ਰੋਜ਼ਨਾਮਚੇ ਦਾ ਜਿਆਦਾਤਰ ਭਾਗ ਗੁੰਮ ਹੋ ਗਿਆ ਹੈ। ਬਚੇ ਖੁਚੇ ਭਾਗ ਨੂੰ ਉਸ ਦੀ ਮੌਤ ਤੋਂ ਬਾਅਦ “ਸੋਲਜ਼ਰ ਐਂਡ ਟਰੈਵਲਰ: ਮੈਮਰੀਜ਼ ਆਫ ਅਲੈਗਜ਼ੈਂਡਰ ਗਾਰਡਨਰ” ਦੇ ਨਾਮ ਹੇਠ ਪ੍ਰਕਾਸ਼ਿਤ ਕੀਤਾ ਗਿਆ। ਉਸ ਦੀ ਮੌਤ 1877 ਵਿੱਚ ਕਸ਼ਮੀਰ ਵਿੱਚ ਹੋਈ ਸੀ।

6.. ਜੇਸੀਆ ਹਰਲੇਨ – ਹਰਲੇਨ ਦਾ ਜਨਮ 12 ਜੂਨ 1799 ਨੂੰ ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਦੇ ਸ਼ਹਿਰ ਨਿਊਲਿਨ ਟਾਊਨਸ਼ਿਪ ਵਿੱਚ ਹੋਇਆ। ਉਸ ਦਾ ਬਾਪ ਜੋਸ਼ੁਆ ਹਰਲੇਨ ਅਤੇ ਮਾਤਾ ਸਾਰਾਹ ਹਿੰਚਮੈਨ ਝੋਲਾ ਛਾਪ ਡਾਕਟਰ ਸਨ। ਉਹ 10 ਭੈਣ ਭਾਈ ਸਨ। ਉਸ ਨੇ ਉ੍ਨਚ ਵਿਦਿਆ ਪ੍ਰਾਪਤ ਕੀਤੀ। ਉਸ ਦੀ ਮੈਡੀਕਲ ਸਾਇੰਸ ਵਿੱਚ ਬਹੁਤ ਰੱੁਚੀ ਸੀ ਪਰ ਮੈਡੀਕਲ ਕਾਲਜ ਵਿੱਚ ਦਾਖਲਾ ਹਾਸਲ ਨਾ ਕਰ ਸਕਿਆ। ਉਹ ਫਰੈਂਚ ਬਹੁਤ ਵਧੀਆ ਬੋਲ ਲੈਂਦਾ ਸੀ ਤੇ ਆਪਣੇ ਆਪ ਨੂੰ ਡਾਕਟਰ ਕਹਾਉਣਾ ਪਸੰਦ ਕਰਦਾ ਸੀ। 1820 ਈ. ਉਸ ਨੇ ਇੱਕ ਸਮੁੰਦਰੀ ਜਹਾਜ ‘ਤੇ ਨੌਕਰੀ ਪ੍ਰਾਪਤ ਕਰ ਲਈ ਤੇ ਚੀਨ ਅਤੇ ਕਲਕੱਤਾ ਦੀ ਯਾਤਰਾ ਕੀਤੀ। ਉਸ ਵੇਲੇ ਈਸਟ ਇੰਡੀਆ ਕੰਪਨੀ ਦਾ ਬਰਮਾ ਨਾਲ ਯੁੱਧ ਸ਼ੁਰੂ ਹੋਣ ਵਾਲਾ ਸੀ ਤੇ ਕੰਪਨੀ ਨੂੰ ਡਾਕਟਰਾਂ ਦੀ ਬਹੁਤ ਜਰੂਰਤ ਸੀ। ਉਸ ਨੇ ਬਿਨਾਂ ਕਿਸੇ ਡਿਗਰੀ ਦੇ ਹੀ ਕੰਪਨੀ ਵਿੱਚ ਮੈਡੀਕਲ ਸਰਜਨ ਦੀ ਨੌਕਰੀ ਪ੍ਰਾਪਤ ਕਰ ਲਈ। ਉਹ ਜੰਗ ਵਿੱਚ ਜ਼ਖਮੀ ਹੋ ਗਿਆ ਤੇ ਵਾਪਸ ਕਲਕੱਤੇ ਆ ਗਿਆ।

ਕੁਝ ਸਾਲਾਂ ਬਾਅਦ ਉਸ ਨੇ ਕੰਪਨੀ ਦੀ ਛੱਡ ਦਿੱਤੀ ਤੇ ਵੈਨਤੂਰਾ ਦੀ ਸ਼ਿਫਾਰਸ਼ ਨਾਲ 1929 ਈ. ਵਿੱਚ ਲਾਹੌਰ ਦਰਬਾਰ ਵਿੱਚ ਨੌਕਰੀ ਪ੍ਰਾਪਤ ਕਰ ਲਈ। ਉਸ ਨੂੰ ਫੌਜੀ ਨੌਕਰੀ ਦੀ ਬਜਾਏ ਪ੍ਰਸ਼ਾਸਨਿਕ ਕੰਮ ਜਿਆਦਾ ਪਸੰਦ ਸਨ। ਕੁਝ ਦੇਰ ਬਾਅਦ ਮਹਾਰਾਜੇ ਨੇ ਉਸ ਨੂੰ ਪਹਿਲਾਂ ਨੂਰਪੂਰ- ਜਸਰੋਟਾ ਤੇ 1832 ਈ. ਵਿੱਚ ਗੁਜਰਾਤ ਦਾ ਗਵਰਨਰ ਥਾਪ ਦਿੱਤਾ। ਉਹ ਮਹਾਰਾਜੇ ਦਾ ਨਿੱਜੀ ਡਾਕਟਰ ਸੀ ਤੇ ਮਹਾਰਾਜਾ ਉਸ ਨੂੰ ਕਈ ਵਾਰ ਕੂਟਨੀਤਕ ਮਿਸ਼ਨਾਂ ‘ਤੇ ਵੀ ਭੇਜਦਾ ਸੀ। ਮਹਾਰਾਜੇ ਦੀ ਮੌਤ ਤੋਂ ਬਾਅਦ ਕੁਝ ਦੇਰ ਅਫਗਾਨਿਸਤਾਨ ਵਿੱਚ ਰਹਿ ਕੇ ਉਹ ਵਾਪਸ ਅਮਰੀਕਾ ਚਲਿਆ ਗਿਆ। ਅਮਰੀਕਾ ਵਿੱਚ ਉਸ ਦਾ ਕੌਮੀ ਹੀਰੋ ਵਰਗਾ ਸਵਾਗਤ ਕੀਤਾ ਗਿਆ। ਉਸ ਨੇ ਆਪਣੇ ਅਨੁਭਵਾਂ ਬਾਰੇ ਇੱਕ ਕਿਤਾਬ “ਏ ਮੈਮੋਆਇਰ ਆਫ ਇੰਡੀਆ ਐਂਡ ਅਫਗਾਨਿਸਤਾਨ” ਲਿਖੀ। ਉਹ ਸਾਨ ਫਰਾਂਸਿਸਕੋ ਵਿੱਚ ਵੱਸ ਗਿਆ ਤੇ ਡਾਕਟਰ ਦੇ ਤੌਰ ‘ਤੇ ਕੰਮ ਕਰਨ ਲੱਗਾ। 1871 ਵਿੱਚ ਟੀ.ਬੀ. ਕਾਰਨ ਉਸ ਦੀ ਮੌਤ ਹੋ ਗਈ।

7. ਬਲਭੱਦਰ ਕੁੰਵਰ – ਬਲਭੱਦਰ ਦਾ ਜਨਮ ਨੇਪਾਲ ਦੇ ਸ਼ਹਿਰ ਭਾਵਨਕੋਟ ਵਿੱਚ 1785 ਈ. ਦੇ ਆਸ ਪਾਸ ਹੋਇਆ ਸੀ। ਉਸ ਦੇ ਬਾਪ ਦਾ ਨਾਮ ਚੰਦਰ ਬੀਰ ਕੁੰਵਰ ਸੀ ਜੋ ਸ਼ਾਹੀ ਨੇਪਾਲ ਸੈਨਾ ਦਾ ਅਫਸਰ ਸੀ। ਉਸ ਦੇ ਬਾਪ ਦਾਦੇ ਵੀ ਨੇਪਾਲ ਸੈਨਾ ਵਿੱਚ ਨੌਕਰੀ ਕਰਦੇ ਸਨ। ਜਵਾਨ ਹੋਣ ‘ਤੇ ਬਲਭੱਦਰ ਵੀ ਨੇਪਾਲੀ ਫੌਜ ਵਿੱਚ ਭਰਤੀ ਹੋ ਗਿਆ ਤੇ ਕੈਪਟਨ ਦੇ ਰੈਂਕ ਤੱਕ ਤਰੱਕੀ ਕਰ ਗਿਆ। ਉਸ ਦਾ ਮਾਮਾ ਭੀਮਸੇਨ ਥਾਪਾ ਨੇਪਾਲ ਦੇ ਰਾਜੇ ਦਾ ਪ੍ਰਧਾਨ ਮੰਤਰੀ ਸੀ। ਉਸ ਵੇਲੇ ਦੇ ਨੇਪਾਲ ਦੇ ਰਾਜੇ ਪ੍ਰਿਥਵੀ ਨਰਾਇਣ ਸ਼ਾਹ ਨੇ ਛੋਟੇ ਵੱਡੇ ਪਹਾੜੀ ਰਾਜਾਂ ‘ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀਆਂ ਫੌਜਾਂ ਨੇ ਦੇਹਰਾਦੂਨ, ਕਮਾਊਂ ਤੇ ਗੜ੍ਹਵਾਲ ਦੇ ਪਹਾੜੀ ਰਾਜਾਂ ਸਮੇਤ ਜਮਨਾ ਦਰਿਆ ਤੱਕ ਦੇ ਇਲਾਕੇ ‘ਤੇ ਕਬਜ਼ਾ ਜਮਾ ਲਿਆ। ਇਸ ‘ਤੇ ਉਸ ਦਾ ਅੰਗਰੇਜ਼ਾਂ ਨਾਲ ਝਗੜਾ ਹੋ ਗਿਆ। 1814-1816 ਵਿੱਚ ਹੋਏ ਐਂਗਲੋ-ਨੇਪਾਲ ਯੁੱਧਾਂ ਵਿੱਚ ਗੋਰਖੇ ਹਾਰ ਗਏ। ਉਹਨਾਂ ਨੂੰ ਸਾਰਾ ਭਾਰਤੀ ਖੇਤਰ ਛੱਡਣਾ ਪਿਆ। ਬਲਭੱਦਰ ਇਸ ਜੰਗ ਵਿੱਚ ਕਈ ਵਾਰ ਜ਼ਖਮੀ ਹੋਇਆ।

ਜੰਗ ਤੋਂ ਬਾਅਦ ਉਹ ਹੋਰ ਅਨੇਕਾਂ ਗੋਰਖਿਆਂ ਸਮੇਤ ਲਾਹੌਰ ਦਰਬਾਰ ਪਹੁੰਚ ਗਿਆ। ਮਹਾਰਾਜੇ ਨੇ ਕਈ ਗੋਰਖਾ ਰੈਜਮੈਂਟਾਂ ਤਿਆਰ ਕੀਤੀਆਂ ਤੇ ਬਲਭੱਦਰ ਨੂੰ ਉਹਨਾਂ ਦਾ ਜਨਰਲ ਨਿਯੁੱਕਤ ਕਰ ਦਿੱਤਾ। ਉਸ ਨੇ ਕਈ ਯੱੁਧਾਂ ਵਿੱਚ ਬਹਾਦਰੀ ਨਾਲ ਹਿੱਸਾ ਲਿਆ ਅਤੇ ਮਾਰਚ 1823 ਈ. ਨੂੰ ਨੌਸ਼ਹਿਰੇ ਦੀ ਜੰਗ ਵਿੱਚ ਅਕਾਲੀ ਫੂਲਾ ਸਿੰਘ ਸਮੇਤ ਸ਼ਹੀਦੀ ਪ੍ਰਾਪਤ ਕਰ ਗਿਆ।

8. ਜਾਹਨ ਹੋਮਜ਼ – ਅੰਗਰੇਜ਼ ਬਾਪ ਅਤੇ ਭਾਰਤੀੀ ਮਾਤਾ ਦਾ ਪੁੱਤਰ ਹੋਮਜ਼ ਐਂਗਲੋ ਇੰਡੀਅਨ ਸੀ। ਉਹ ਖਾਲਸਾ ਫੌਜ ਵਿੱਚ ਸ਼ਾਮਲ ਹੋਣ ਵਾਲਾ ਆਖਰੀ ਵਿਦੇਸ਼ੀ ਸੀ। ਉਹ ਉਹ ਈਸਟ ਇੰਡੀਆ ਕੰਪਨੀ ਦੀ ਬੰਗਾਲ ਹਾਰਸ ਆਰਟਲਰੀ ਵਿੱਚ ਬਤੌਰ ਬਿਗਲਰ (ਸਿਪਾਹੀ) ਭਰਤੀ ਹੋਇਆ ਸੀ। ਤਰੱਕੀ ਨਾ ਹੁੰਦੀ ਵੇਖ ਕੇ 1829 ਈ. ਵਿੱਚ ਅਸਤੀਫਾ ਦੇ ਕੇ ਲਾਹੌਰ ਪਹੁੰਚ ਗਿਆ ਤੇ ਖਾਲਸਾ ਫੌਜ ਵਿੱਚ ਭਰਤੀ ਹੋ ਗਿਆ। ਉਸ ਨੇ ਪੇਸ਼ਾਵਰ ਅਤੇ ਜਮਰੌਦ ਦੀਆਂ ਜੰਗਾਂ ਵਿੱਚ ਹਿੱਸਾ ਲਿਆ। ਉਸ ਨੇ 2 ਸਾਲ ਗੁਜਰਾਤ ਦੇ ਦੀਵਾਨ ਦਾ ਕੰਮ ਵੀ ਕੀਤਾ। ਉਹ ਗੱਦਾਰ ਸੀ। ਮੰਨਿਆ ਜਾਂਦਾ ਹੈ ਕਿ ਕੰਪਨੀ ਨੇ ਉਸ ਨੂੰ ਖੁਦ ਹੀ ਲਾਹੌਰ ਦਰਬਾਰ ਵਿੱਚ ਫਿੱਟ ਕੀਤਾ ਸੀ। ਪਹਿਲੇ ਐਂਗਲੋ ਸਿੱਖ ਯੱੁਧ ਸਮੇਂ ਲਾਲ ਸਿੰਘ ਤੇਜ ਸਿੰਘ ਨਾਲ ਮਿਲ ਕੇ ਉਸੇ ਨੇ ਸਾਰੀ ਜਾਣਕਾਰੀ ਅੰਗਰੇਜ਼ਾਂ ਨੂੰ ਪਹੁੰਚਾਈ ਸੀ। ਇਸ ਜੰਗ ਤੋਂ ਬਾਅਦ ਅੰਗਰੇਜ਼ਾਂ ਨੇ ਖਾਲਸਾ ਫੌਜ ਦੇ ਸਾਰੇ ਵਿਦੇਸ਼ੀ ਜਨਰਲ ਬਰਖਾਸਤ ਕਰ ਦਿੱਤੇ ਪਰ ਇਕੱਲੇ ਹੋਮਜ਼ ਨੂੰ ਬਹਾਲ ਰੱਖਿਆ ਤੇ ਇਨਾਮ ਵਜੋਂ ਤਰੱਕੀ ਵੀ ਦਿੱਤੀ। ਉਹ ਫੌਜ ਵਿੱਚ ਬਹੁਤ ਬਦਨਾਮ ਹੋ ਗਿਆ। 1848 ਈ. ਵਿੱਚ ਉਸ ਨੂੰ ਕਰਨਲ ਦਾ ਰੈਂਕ ਦੇ ਕੇ ਬੰਨੂ ਦਾ ਗਵਰਨਰ ਥਾਪਿਆ ਗਿਆ। ਪਰ ਉਸ ਦੇ ਅਧੀਨ ਸਿੱਖ ਫੌਜ ਨੇ ਬਗਾਵਤ ਕਰ ਦਿੱਤੀ ਤੇ ਉਸ ਨੂੰ ਬਹੁਤ ਬੁਰੀ ਤਰਾਂ ਨਾਲ ਕੁੱਟ ਕੁੱਟ ਕੇ ਕਤਲ ਕਰ ਦਿੱਤਾ। ਉਸ ਨੂੰ ਆਪਣੀ ਕੀਤੀ ਦੀ ਸਜ਼ਾ ਮਿਲ ਗਈ।

ਬਲਰਾਜ ਸਿੰਘ ਸਿੱਧੂ ਐਸ.ਪੀ.

ਪੰਡੋਰੀ ਸਿੱਧਵਾਂ 9815124449

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਅੰਗਰੇਜ਼ਾਂ ਨਾਲ ਮਿਲ ਕੇ ਲੜੀ ਗਈ ਬ੍ਰਾਹਮਣਵਾਦੀ ਸਿਸਟਮ ਵਿਰੋਧੀ ਜੰਗ ਦਾ ਦਲਿਤਾਂ ਦਾ ਸਾਲਾਨਾ ਜ਼ਸਨ ਰਾਜੇਸ਼ ਜੋਸ਼ੀ, ਬੀਬੀਸੀ

ਜਿਸ ਈਸਟ ਇੰਡੀਆ ਕੰਪਨੀ ਦੇ ਰਾਜ ਨੂੰ ਖ਼ਤਮ ਕਰਨ ਲਈ 1857 ਵਿੱਚ ਲਗਭਗ ਪੂਰੇ ਹਿੰਦੁਸਤਾਨ ਵਿੱਚ ਗ਼ਦਰ ਮੱਚ ਗਿਆ ਹੋਵੇ, ਪਰ ਆਜ਼ਾਦ ਭਾਰਤ ਵਿੱਚ ਉਸੇ

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.