ਸੁਖਦੇਵ ਗਰਗ, ਜਗਰਾਓਂ : ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਜਿੱਥੇ ਖੇਤੀਬਾੜੀ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਉੱਥੇ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਸਖ਼ਤੀ ਵੀ ਵਰਤੀ ਜਾ ਰਹੀ ਹੈ। ਬਲਾਕ ਖੇਤੀਬਾੜੀ ਅਫ਼ਸਰ ਡਾਕਟਰ ਗੁਰਦੀਪ ਸਿੰਘ ਨੇ ਦੱਸਿਆ ਬੀਤੀ ਦੇਰ ਸ਼ਾਮ ਐੱਸਡੀਐੱਮ ਜਗਰਾਓਂ ਮਨਜੀਤ ਕੌਰ ਤੇ ਸਮੂਹ ਟੀਮ ਮੈਂਬਰਾਂ ਨੇ ਪਿੰਡ ਅਗਵਾੜ ਪੋਨਾ ਤੇ ਅਗਵਾੜ ਰਾਹਲਾਂ ਦੇ ਖੇਤਾਂ ਦਾ ਦੌਰਾ ਕਰਦਿਆਂ ਅੱਗ ਲੱਗਣ ਬਾਰੇ ਸੈਟੇਲਾਈਟ ਤੋਂ ਪ੍ਰਰਾਪਤ ਸਾਈਡਾਂ ਨੂੰ ਦੁਬਾਰਾ ਵੈਰੀਫਾਈ ਕਰਦਿਆਂ ਵੱਖ-ਵੱਖ ਪਿੰਡਾਂ ‘ਚ ਡਿਊਟੀ ਕਰ ਰਹੀਆਂ ਟੀਮਾਂ ਦੀ ਚੈਕਿੰਗ ਕੀਤੀ ਗਈ।

ਉਨ੍ਹਾਂ ਦੱਸਿਆ ਜਿਹੜੇ ਕਿਸਾਨਾਂ ਵੱਲੋਂ ਪਰਾਲੀ ਸਾੜੀ ਗਈ ਹੈ ਉਨ੍ਹਾਂ ਨੂੰ ਜੁਰਮਾਨਾ ਕਰਨ ਦੇ ਨਾਲ ਜ਼ਮੀਨ ਦੇ ਰਿਕਾਰਡ ‘ਚ ਰੈੱਡ ਐਂਟਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਪਰਾਲੀ ਸਾੜਨ ਨਾਲ ਜਿੱਥੇ ਪੌਣ ਪਾਣੀ ਦੂਸ਼ਿਤ ਹੋ ਰਿਹਾ ਹੈ ਉੱਥੇ ਧਰਤੀ ‘ਚ ਮੌਜੂਦ ਲੱਖਾਂ ਸੂਖਮ ਜੀਵ ਮਰ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿਸਾਨ ਸਰਕਾਰ ਦਾ ਸਾਥ ਦੇਣ। ਉਨ੍ਹਾਂ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਵੀ ਡਿਊਟੀ ਤਨਦੇਹੀ ਨਾਲ ਕਰਨ ਦੀ ਹਦਾਇਤ ਕੀਤੀ ਤੇ ਡਿਊਟੀ ‘ਚ ਕੁਤਾਹੀ ਵਰਤਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਵੀ ਕਹੀ। ਇਸ ਮੌਕੇ ਏਡੀਓ ਰਮਿੰਦਰ ਸਿੰਘ ਵੀ ਹਾਜ਼ਰ ਸਨ।