ਏਐੱਨਆਈ, ਬੀਡ : ਮਹਾਰਾਸ਼ਟਰ ‘ਚ ਮਰਾਠਾ ਰਾਖਵਾਂਕਰਨ ਦਾ ਮੁੱਦਾ ਹੁਣ ਕਾਫੀ ਗਰਮਾ ਗਿਆ ਹੈ। ਹੁਣ ਵਿਧਾਇਕ ਵੀ ਇਸ ਦੀ ਪਕੜ ਤੋਂ ਬਚ ਨਹੀਂ ਸਕੇ ਹਨ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਬੀਡ ਜ਼ਿਲ੍ਹੇ ਵਿੱਚ ਮਰਾਠਾ ਰਾਖਵਾਂਕਰਨ ਅੰਦੋਲਨਕਾਰੀਆਂ ਨੇ ਐਨਸੀਪੀ ਵਿਧਾਇਕ ਪ੍ਰਕਾਸ਼ ਸੋਲੰਕੇ ਦੇ ਘਰ ਨੂੰ ਅੱਗ ਲਾ ਦਿੱਤੀ।

ਅੰਦੋਲਨਕਾਰੀਆਂ ਨੇ ਵਿਧਾਇਕ ਦੇ ਘਰ ਨੂੰ ਲਾਈ ਅੱਗ

ਜਾਣਕਾਰੀ ਮੁਤਾਬਕ ਅੰਦੋਲਨਕਾਰੀਆਂ ਨੇ ਪਹਿਲਾਂ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਧੜੇ ਦੇ ਵਿਧਾਇਕ ਪ੍ਰਕਾਸ਼ ਸੋਲੰਕੇ ਦੇ ਘਰ ‘ਤੇ ਪਥਰਾਅ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਘਰ ਦੀ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ।

ਵਿਧਾਇਕ ਦੀ ਰਿਹਾਇਸ਼ ‘ਤੇ ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਹਨ।

ਵਿਧਾਇਕ ਤੇ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ

ਐਨਸੀਪੀ ਵਿਧਾਇਕ ਪ੍ਰਕਾਸ਼ ਸੋਲੰਕੇ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ ‘ਤੇ ਅੰਦੋਲਨਕਾਰੀਆਂ ਦੀ ਭੀੜ ਨੇ ਹਮਲਾ ਕੀਤਾ ਸੀ। ਉਸ ਸਮੇਂ ਉਹ ਆਪਣੇ ਘਰ ਦੇ ਅੰਦਰ ਹੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੌਰਾਨ ਮੇਰਾ ਕੋਈ ਵੀ ਪਰਿਵਾਰਕ ਮੈਂਬਰ ਜਾਂ ਕਰਮਚਾਰੀ ਜ਼ਖ਼ਮੀ ਨਹੀਂ ਹੋਇਆ। ਅਸੀਂ ਸਾਰੇ ਸੁਰੱਖਿਅਤ ਹਾਂ, ਪਰ ਅੱਗ ਲੱਗਣ ਕਾਰਨ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ।

ਗ਼ਲਤ ਦਿਸ਼ਾ ਵੱਲ ਜਾ ਰਿਹੈ ਮਰਾਠਾ ਰਾਖਵਾਂਕਰਨ

ਇਸ ਦੌਰਾਨ ਸੀਐਮ ਏਕਨਾਥ ਸ਼ਿੰਦੇ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਐੱਨਸੀਪੀ ਵਿਧਾਇਕ ਪ੍ਰਕਾਸ਼ ਸੋਲੰਕੇ ਦੇ ਬੀਡ ਸਥਿਤ ਘਰ ‘ਤੇ ਹੋਏ ਹਮਲੇ ‘ਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਮਰਾਠਾ ਰਾਖਵਾਂਕਰਨ ਕਾਰਕੁਨ ਮਨੋਜ ਜਾਰੰਗੇ ਪਾਟਿਲ ਨੂੰ ਇਸ ਘਟਨਾ ‘ਤੇ ਧਿਆਨ ਦੇਣਾ ਚਾਹੀਦਾ ਹੈ ਕਿ ਪ੍ਰਦਰਸ਼ਨ ਕਿਸ ਮੋੜ ‘ਤੇ ਜਾ ਰਿਹਾ ਹੈ। ਇਹ ਵਿਰੋਧ ਹੁਣ ਗਲਤ ਦਿਸ਼ਾ ਵੱਲ ਜਾ ਰਿਹਾ ਹੈ।