ਜਾਗਰਣ ਬਿਊਰੋ, ਨਵੀਂ ਦਿੱਲੀ : ਖ਼ਾਲਿਸਤਾਨ ਸਮੱਰਥਕ ਹਰਦੀਪ ਸਿੰਘ ਨਿੱਝਰ ਹੱਤਿਆ ਕਾਂਡ ਨੂੰ ਲੈ ਕੇ ਭਾਰਤ ਤੇ ਕੈਨੇਡਾ ਵਿਚਾਲੇ ਜਾਰੀ ਕੂਟਨੀਤਕ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ। ਭਾਰਤ ਦੇ ਦਬਾਅ ’ਤੇ ਕੈਨੇਡਾ ਨੇ ਆਖ਼ਰ ਆਪਣੇ ਹਾਈ ਕਮਿਸ਼ਨ ਤੋਂ ਡਿਪਲੋਮੈਟਸ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਕੈਨੇਡਾ ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਉਸ ਨੇ ਭਾਰਤ ਸਥਿਤ ਹਾਈ ਕਮਿਸ਼ਨ ਤੋਂ 41 ਰਾਜਨਾਇਕਾਂ ਨੂੰ ਹਟਾ ਦਿੱਤਾ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਕਿ ਹਾਈ ਕਮਿਸ਼ਨ ਨੇ ਚੰਡੀਗੜ੍ਹ, ਬੈਂਗਲੁਰੂ ਤੇ ਮੁੰਬਈ ਸਥਿਤ ਕੇਂਦਰਾਂ ’ਚ ਵੀਜ਼ਾ ਸੇਵਾ ਬੰਦ ਕਰ ਦਿੱਤੀ ਹੈ। ਭਾਰਤ ’ਚ ਵੀਜ਼ਾ ਦੇਣ ਦਾ ਕੰਮ ਨਵੀਂ ਦਿੱਲੀ ਸਥਿਤ ਹਾਈ ਕਮਿਸ਼ਨ ’ਚ ਹੋਵੇਗਾ। ਸਪੱਸ਼ਟ ਹੈ ਕਿ ਇਸ ਨਾਲ ਕੈਨੇਡੀਅਨ ਵੀਜ਼ੇ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਐਲਾਨ ਦੇ ਨਾਲ ਹੀ ਕੈਨੇਡਾ ਨੇ ਭਾਰਤ ’ਤੇ ਇਹ ਦੋਸ਼ ਵੀ ਲਾ ਦਿੱਤਾ ਹੈ ਕਿ ਡਿਪਲੋਮੈਟਾਂ ਦੀ ਵਾਪਸੀ ਦੀ ਮੰਗ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ। ਇਸ ਦੇ ਨਾਲ ਹੀ ਕੈਨੇਡਾ ਨੇ ਭਾਰਤ ’ਚ ਆਪਣੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਲਈ ਵੀ ਕਿਹਾ ਹੈ।
ਬਹਿਰਹਾਲ, ਭਾਰਤੀ ਵਿਦੇਸ਼ ਮੰਤਰਾਲੇ ਨੇ ਨਾ ਸਿਰਫ਼ ਕੈਨੇਡਾ ਦੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਖ਼ਾਰਜ ਕੀਤਾ ਹੈ ਬਲਕਿ ਮੁੜ ਇਸ ਗੱਲ ਨੂੰ ਦੁਹਰਾਇਆ ਹੈ ਕਿ ਕੈਨੇਡਾ ਦੇ ਡਿਪਲੋਮੈਟਸ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਅੰਦਾਜ਼ੀ ਕਰਦੇ ਹਨ। ਭਾਰਤ ਤੇ ਕੈਨੇਡਾ ’ਚ ਪਿਛਲੇ ਮਹੀਨੇ ਤੋਂ ਬਹੁਤ ਡੂੰਘਾ ਕੂਟਨੀਤਕ ਵਿਵਾਦ ਚੱਲ ਰਿਹਾ ਹੈ। ਇਹ ਵਿਵਦ ਪੀਐੱਮ ਜਸਟਿਨ ਟਰੂਡੋ ਵੱਲੋਂ ਉੱਥੋਂ ਦੀ ਸੰਸਦ ’ਚ ਦਿੱਤੇ ਗਏ ਇਕ ਸਨਸਨੀਖੇਜ਼ ਬਿਆਨ ਨਾਲ ਪੈਦਾ ਹੋਇਆ ਹੈ ਜਿਸ ’ਚ ਉਨ੍ਹਾਂ ਨੇ ਭਾਰਤੀ ਏਜੰਟਾਂ ’ਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲਾਇਆ ਸੀ।



