ਅਵਤਾਰ ਗੇਹਲੇ, ਮਾਨਸਾ
ਪਿੰਡ ਕਰਮਗੜ੍ਹ ਅੌਤਾਂਵਾਲੀ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਵੱਲੋਂ ਪੰਚਾਇਤ ਘਰ ਦੀ ਸਾਫ਼ ਸਫ਼ਾਈ ਨਾ ਹੋਣ ਕਾਰਨ ਰੋਸ ਜਤਾਇਆ ਗਿਆ। ਇਸ ਦੀ ਜ਼ਿੰਮੇਵਾਰ ਉਨ੍ਹਾਂ ਪਿੰਡ ਦੀ ਸਰਪੰਚ ਨੂੰ ਠਹਿਰਾਇਆ ਅਤੇ ਪੰਚਾਇਤ ਘਰ ਦੀ ਸਾਂਭ ਸੰਭਾਲ ਸੁਚਾਰੂ ਢੰਗ ਨਾਲ ਕੀਤੇ ਜਾਣ ਦੀ ਮੰਗ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਨਛੱਤਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੇ 10 ਪਿੰਡਾਂ ਦੀਆਂ ਇਕਾਈਆਂ ਦੀ ਅੱਜ ਇੱਕ ਵੱਡੀ ਮੀਟਿੰਗ ਪੰਚਾਇਤ ਘਰ ‘ਚ ਰੱਖੀ ਗਈ ਸੀ, ਪਰ ਇੱਥੇ ਪਹੁੰਚਣ ‘ਤੇ ਸਾਫ਼ ਸਫ਼ਾਈ ਤੇ ਪੰਚਾਇਤ ਘਰ ਦੀ ਸੁਚਾਰੂ ਢੰਗ ਨਾਲ ਸਾਂਭ ਸੰਭਾਲ ਨਾ ਹੋਣ ਬਾਰੇ ਦੇਖ ਕੇ ਬੜੀ ਨਿਰਾਸ਼ਾ ਹੋਈ। ਉਨ੍ਹਾਂ ਕਿਹਾ ਕਿ ਪੰਚਾਇਤ ਘਰ ਦਾ ਗੇਟ ਟੁੱਟਿਆ ਹੋਇਆ ਅਤੇ ਅਵਾਰਾ ਪਸ਼ੂ ਇਸ ਵਿੱਚ ਦਾਖ਼ਲ ਹੋ ਕੇ ਮਲ ਮੂਤਰ ਕਰ ਦਿੰਦੇ ਹਨ। ਇਸ ਦੇ ਕਾਰਨ ਇਸ ਦਾ ਬੁਰ੍ਹਾ ਹਾਲ ਹੋ ਚੁੱਕਿਆ ਹੈ। ਅਵਾਰਾ ਪਸ਼ੂਆਂ ਨੇ ਇਸ ਵਿੱਚ ਲੱਗੇ ਹੋਏ ਦਰੱਖਤਾਂ ਨੂੰ ਵੀ ਉਖਾੜ ਸੁੱਟਿਆ ਹੈ। ਉਸ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਦਰੱਖਤ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਲਗਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਪਰ ਇੱਥੇ ਜਿਹੜੇ ਦਰੱਖਤ ਲੱਗੇ ਹੋਏ ਹਨ ਉਨ੍ਹਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੂੰ ਵੀ ਪਸ਼ੂ ਤੋੜ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਚਾਇਤ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਪੰਚਾਇਤ ਘਰ ਪਿੰਡ ਦੀ ਸਾਂਝੀ ਜਗ੍ਹਾ ਹੈ। ਇਸ ਦੀ ਸਾਂਭ ਸੰਭਾਲ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਪਿੰਡ ਦੇ ਲੋਕ ਇੱਥੇ ਆਪਣੇ ਕੋਈ ਪੋ੍ਗਰਾਮ ਵੀ ਕਰ ਸਕਦੇ ਹਨ। ਪਿੰਡ ਕਰਮਗੜ੍ਹ ਅੌਤਾਂਵਾਲੀ ਦੇ ਪੰਚ ਕੁਲਵੰਤ ਸਿੰਘ ਨੇ ਕਿਹਾ ਕਿ ਰਾਤ ਨੂੰ ਪੰਚਾਇਤ ਘਰ ‘ਚ ਪਸ਼ੂ ਦਾਖ਼ਲ ਹੋ ਗਏ ਸੀ ਜਿਨ੍ਹਾਂ ਵੱਲੋਂ ਕੀਤੇ ਗਏ ਮਲਮੂਤਰ ਕਾਰਨ ਸਫ਼ਾਈ ਦਾ ਬੁਰਾ ਹਾਲ ਹੋ ਗਿਆ। ਇਸ ਦੇ ਨਾਲ ਹੀ ਪਸ਼ੂਆਂ ਨੇ ਉਸ ਵਿੱਚ ਲੱਗੇ ਹੋਏ ਦਰੱਖਤ ਵੀ ਤੋੜ ਦਿੱਤੇ। ਉਨ੍ਹਾਂ ਕਿਹਾ ਕਿ ਟੁੱਟੇ ਗੇਟ ਨੂੰ ਦੁਆਰਾ ਲਗਵਾਉਣ ਲਈ ਸਰਪੰਚ ਨਾਲ ਵੀ ਗੱਲ ਕੀਤੀ ਹੈ। ਇਸ ਮਸਲੇ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।



