ਹਾਂਗਝੂ (ਪੀਟੀਆਈ) : ਭਾਰਤੀ ਪੈਰਾ ਖਿਡਾਰੀਆਂ ਨੇ ਸ਼ਨਿਚਰਵਾਰ ਨੂੰ ਇਤਿਹਾਸ ਰਚ ਕੇ ਹਾਂਗਝੂ ਪੈਰਾ ਏਸ਼ਿਆਈ ਖੇਡਾਂ ਵਿਚ ਆਪਣੀ ਮੁਹਿੰਮ ਦਾ ਅੰਤ 111 ਮੈਡਲ ਜਿੱਤ ਕੇ ਕੀਤਾ ਜੋ ਕਿਸੇ ਵੀ ਵੱਡੇ ਅੰਤਰਰਾਸ਼ਟਰੀ ਮਲਟੀ-ਗੇਮਜ਼ ਟੂਰਨਾਮੈਂਟ ਵਿਚ ਭਾਰਤ ਦਾ ਸਰਬੋਤਮ ਪ੍ਰਦਰਸ਼ਨ ਹੈ। ਭਾਰਤੀ ਖਿਡਾਰੀਆਂ ਨੇ 29 ਗੋਲਡ, 31 ਸਿਲਵਰ ਤੇ 51 ਕਾਂਸੇ ਦੇ ਮੈਡਲ ਜਿੱਤੇ। ਇਸ ਤੋਂ ਪਹਿਲਾਂ 23 ਸਤੰਬਰ ਤੋਂ ਅੱਠ ਅਕਤੂਬਰ ਤੱਕ ਹੋਈਆਂ ਹਾਂਗਝੂ ਏਸ਼ਿਆਈ ਖੇਡਾਂ ਵਿਚ ਭਾਰਤ ਨੇ 107 ਮੈਡਲ ਜਿੱਤੇ ਸਨ।
ਪੰਜਵੇਂ ਸਥਾਨ ’ਤੇ ਰਿਹਾ ਦੇਸ਼
ਭਾਰਤ ਮੈਡਲ ਸੂਚੀ ਵਿਚ ਪੰਜਵੇਂ ਸਥਾਨ ’ਤੇ ਰਿਹਾ। ਚੀਨ 521 ਮੈਡਲਾਂ (214 ਗੋਲਡ, 167 ਸਿਲਵਰ ਤੇ 140 ਕਾਂਸੇ) ਨਾਲ ਸਿਖਰ ’ਤੇ ਜਦਕਿ ਈਰਾਨ 131 ਮੈਡਲਾਂ (44 ਗੋਲਡ, 46 ਸਿਲਵਰ ਤੇ 41 ਕਾਂਸੇ) ਨਾਲ ਦੂਜੇ ਸਥਾਨ ’ਤੇ ਰਿਹਾ। ਜਾਪਾਨ 150 ਮੈਡਲਾਂ ਨਾਲ ਤੀਜੇ (42 ਗੋਲਡ, 49 ਸਿਲਵਰ ਤੇ 59 ਕਾਂਸੇ) ਤੇ ਕੋਰੀਆ 103 ਮੈਡਲਾਂ ਨਾਲ (30 ਗੋਲਡ, 33 ਸਿਲਵਰ ਤੇ 40 ਕਾਂਸੇ) ਚੌਥੇ ਸਥਾਨ ’ਤੇ ਰਿਹਾ।
ਦੀਪਾ ਨੇ ਕਿਹਾ, 111 ਸ਼ੁੱਭ ਅੰਕੜਾ
ਪਹਿਲੀਆਂ ਪੈਰਾ ਏਸ਼ਿਆਈ ਖੇਡਾਂ 2010 ਵਿਚ ਗਵਾਂਗਝੂ ਵਿਚ ਹੋਈਆਂ ਸਨ ਜਿਸ ਵਿਚ ਭਾਰਤ 14 ਮੈਡਲ ਜਿੱਤ ਕੇ 15ਵੇਂ ਸਥਾਨ ’ਤੇ ਰਿਹਾ ਸੀ। ਇਸ ਤੋਂ ਬਾਅਦ 2014 ’ਚ ਭਾਰਤ 15ਵੇਂ ਤੇ 2018 ਵਿਚ ਨੌਵੇਂ ਸਥਾਨ ’ਤੇ ਰਿਹਾ ਸੀ। ਭਾਰਤ ਨੇ 2010 ਦਿੱਲੀ ਰਾਸ਼ਟਰਮੰਡਲ ਖੇਡਾਂ ਵਿਚ ਪਹਿਲੀ ਵਾਰ 100 ਤੋਂ ਵੱਧ (101) ਮੈਡਲ ਜਿੱਤੇ ਸਨ। ਭਾਰਤੀ ਪੈਰਾਲੰਪਿਕ ਕਮੇਟੀ ਦੀ ਪ੍ਰਧਾਨ ਦੀਪਾ ਮਲਿਕ ਨੇ ਕਿਹਾ ਕਿ ਅਸੀਂ ਇਤਿਹਾਸ ਰਚ ਦਿੱਤਾ ਹੈ। ਸਾਡੇ ਪੈਰਾ ਐਥਲੀਟਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਹੁਣ ਪੈਰਿਸ ਪੈਰਾਲੰਪਿਕ ਵਿਚ ਟੋਕੀਓ ਤੋਂ ਵੱਧ ਮੈਡਲ ਜਿੱਤਾਂਗੇ। ਅਸੀਂ ਇਸ ਪ੍ਰਦਰਸ਼ਨ ਨਾਲ ਹੈਰਾਨ ਨਹੀਂ ਹਾਂ। ਸਾਨੂੰ 110 ਤੋਂ 115 ਵਿਚਾਲੇ ਮੈਡਲ ਜਿੱਤਣ ਦੀ ਉਮੀਦ ਸੀ ਤੇ 111 ਸ਼ੁੱਭ ਅੰਕੜਾ ਹੈ।
ਐਥਲੈਟਿਕਸ ’ਚ ਜਿੱਤੇ ਸਭ ਤੋਂ ਵੱਧ ਮੈਡਲ
ਭਾਰਤੀ ਖਿਡਾਰੀਆਂ ਨੇ ਸਭ ਤੋਂ ਵੱਧ 55 ਮੈਡਲ ਐਥਲੈਟਿਕਸ ਵਿਚ ਜਿੱਤੇ ਜਦਕਿ ਬੈਡਮਿੰਟਨ ਦੇ ਖਿਡਾਰੀਆਂ ਨੇ ਚਾਰ ਗੋਲਡ ਸਮੇਤ 21 ਮੈਡਲ ਜਿੱਤੇ। ਸ਼ਤਰੰਜ ਵਿਚ ਅੱਠ ਤੇ ਤੀਰਅੰਦਾਜ਼ੀ ਵਿਚ ਸੱਤ ਮੈਡਲ ਮਿਲੇ ਜਦਕਿ ਨਿਸ਼ਾਨੇਬਾਜ਼ਾਂ ਨੇ ਛੇ ਮੈਡਲ ਜਿੱਤੇ। ਆਖ਼ਰੀ ਦਿਨ ਸ਼ਨਿਚਰਵਾਰ ਨੂੰ ਭਾਰਤ ਨੇ ਚਾਰ ਗੋਲਡ ਸਮੇਤ 12 ਮੈਡਲ ਜਿੱਤੇ। ਇਨ੍ਹਾਂ ਵਿਚ ਸੱਤ ਮੈਡਲ ਸ਼ਤਰੰਜ ਵਿਚ, ਚਾਰ ਐਥਲੈਟਿਕਸ ਵਿਚ ਤੇ ਇਕ ਕਿਸ਼ਤੀ ਦੌੜ ਵਿਚ ਮਿਲਿਆ।
ਨੀਰਜ, ਦਿਲੀਪ ਤੇ ਸਤੀਸ਼ ਨੇ ਜਿੱਤੇ ਗੋਲਡ
ਮਰਦਾਂ ਦੇ ਨੇਜ਼ਾ ਸੁੱਟ ਐੱਫ-55 ਮੁਕਾਬਲੇ ਵਿਚ ਭਾਰਤ ਦੇ ਨੀਰਜ ਯਾਦਵ ਨੇ 33.69 ਮੀਟਰ ਨਾਲ ਗੋਲਡ ਮੈਡਲ ਜਿੱਤਿਆ। ਉਥੇ ਮਰਦਾਂ ਦੀ 400 ਮੀਟਰ ਟੀ-47 ਦੌੜ ਵਿਚ ਦਿਲੀਪ ਮਹਾਦੂ ਗਾਵੀਯੋਤ ਨੂੰ ਗੋਲਡ ਮੈਡਲ ਮਿਲਿਆ। ਸ਼ਤਰੰਜ ਵਿਚ ਮਰਦਾਂ ਦੇ ਨਿੱਜੀ ਰੈਪਿਡ ਵੀ1ਬੀ1 ਵਰਗ ਵਿਚ ਸਤੀਸ਼ ਦਰਪਣ ਨੇ ਗੋਲਡ, ਪ੍ਰਧਾਨ ਕੁਮਾਰ ਸੌਂਦਰਿਆ ਨੇ ਸਿਲਵਰ ਤੇ ਅਸ਼ਵਿਨ ਭਾਈ ਮਕਵਾਨਾ ਨੇ ਕਾਂਸੇ ਦਾ ਮੈਡਲ ਜਿੱਤਿਆ। ਤਿੰਨਾਂ ਨੇ ਟੀਮ ਵਰਗ ਦਾ ਗੋਲਡ ਵੀ ਭਾਰਤ ਦੀ ਝੋਲੀ ਪਾਇਆ।


