ਏਜੰਸੀ, ਨਵੀਂ ਦਿੱਲੀ : ਮੋਬਾਈਲ ਫੋਨ ਮੈਨੂਫੈਕਚਰਿੰਗ ਨਾਲ ਜੁੜੀ ਪੋ੍ਰਡਕਸ਼ਨ ਲਿੰਕਡ ਇੰਸੇਟਿਵ (ਪੀਐੱਲਆਈ) ਯੋਜਨਾ ਦੀ ਕਾਮਯਾਬੀ ਮਗਰੋਂ ਹੁਣ ਕੇਂਦਰ ਸਰਕਾਰ ਨੇ ਆਈਟੀ ਹਾਰਡਵੇਅਰ ਨਾਲ ਜੁੜੀ ਪੀਐੱਲਆਈ ਦੇ ਤਹਿਤ ਕੁਲ 27 ਕੰਪਨੀਆਂ ਨੂੰ ਉਤਪਾਦਨ ਦੀ ਮਨਜ਼ੂਰੀ ਦੇ ਦਿੱਤੀ ਹੈ। ਆਈਟੀ ਹਾਰਡਵੇਅਰ ਪੀਐੱਲਆਈ 2.0 ਤਹਿਤ ਲੈਪਟਾਪ, ਨਿੱਜੀ ਕੰਪਿਊਟਰ, ਟੈਬਲੇਟ, ਆਲ ਇਨ ਵਨ ਪੀਸੀ, ਸਰਵਰ ਤੇ ਅਲਟ੍ਰਾ ਸਮਾਲ ਫਾਰਮ ਫੈਕਟਰ ਡਿਵਾਈਸ ਦਾ ਘਰੇਲੂ ਪੱਧਰ ’ਤੇ ਉਤਪਾਦਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੇਡ ਇਨ ਇੰਡੀਆ ਲੈਪਟਾਪ, ਪੀਸੀ ਦੀ ਮੈਨੂਫੈਕਚਰਿੰਗ ਦਾ ਰਾਹ ਪੱਧਰਾ ਹੋ ਗਿਆ ਹੈ।

ਕੇਂਦਰੀ ਇਲੈਕਟ੍ਰਾਨਿਕਸ ਤੇ ਆਈਟੀ ਮਾਮਲਿਆਂ ਦੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ਨਿੱਚਰਵਾਰ ਨੂੰ ਚੁਣੀਆਂ ਹੋਈਆਂ ਕੰਪਨੀਆਂ ਦੇ ਨਾਂ ਬਾਰ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕੁਲ 27 ਵਿੱਚੋਂ 23 ਯਾਨੀ 95 ਫ਼ੀਸਦ ਕੰਪਨੀਆਂ ਪਹਿਲੇ ਦਿਨ ਤੋਂ ਮੈਨੂਫੈਕਚਰਿੰਗ ਲਈ ਤਿਆਰ ਹਨ। ਉਥੇ ਬਾਕੀ ਚਾਰ ਕੰਪਨੀਆਂ ਨੇ 90 ਦਿਨਾਂ ਦੇ ਅੰਦਰ ਮੈਨੂਫੈਕਚਰਿੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਕੀਮ ਦੇ ਤਹਿਤ ਸਾਰੀਆਂ ਕੰਪਨੀਆਂ ਆਈਟੀ ਹਾਰਡਵੇਅਰ ਮੈਨੂਫੈਕਚਰਿੰਗ ’ਤੇ ਪੜਾਅਬੱਧ ਤਰੀਕੇ ਨਾਲ ਤਿੰਨ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨਗੀਆਂ। ਚੁਣੀਆਂ ਗਈਆਂ ਕੰਪਨੀਆਂ ਵਿਚ ਡੈੱਲ, ਐੱਚਪੀ, ਫਲੈਕਟ੍ਰਾਨਿਕਸ ਤੇ ਫਾਕਸਕਾਨ ਵਰਗੀਆਂ ਫਰਮਾਂ ਸ਼ਾਮਲ ਹਨ। ਸੂਚੀ ਵਿਚ ਕੁਝ ਵੱਡੀਆਂ ਕੰਪਨੀਆਂ ਦੇ ਨਾਂ ਸ਼ਾਮਲ ਨਾ ਕੀਤੇ ਜਾਣ ’ਤੇ ਕੇਂਦਰੀ ਮੰਤਰੀ ਵੈਸ਼ਨਵ ਨੇ ਕਿਹਾ ਕਿ ਕੁਝ ਲੋਕ ਹਾਲੇ ਮੁਲਾਂਕਣ ਕਰ ਰਹੇ ਹਨ ਤੇ ਆਪਣੀਆਂ ਯੋਜਨਾਵਾਂ ਬਣਾ ਰਹੇ ਹਨ।

ਇਸੇ ਸਾਲ ਦਿੱਤੀ ਪੀਐੱਲਆਈ ਨੂੁੰ ਪ੍ਰਵਾਨਗੀ

ਕੇਂਦਰੀ ਕੈਬਨਿਟ ਨੇ ਆਈਟੀ ਹਾਰਡਵੇਅਰ ਲਈ ਇਸੇ ਸਾਲ 17 ਮਈ ਨੂੰ ਪੀਐੱਲਆਈ 2.0 ਨੂੰ ਮਨਜ਼ੂਰੀ ਦਿੱਤੀ ਸੀ। ਯੋਜਨਾ ਤਹਿਤ ਮੈਨੂਫੈਕਚਰਿੰਗ ਕਰਨ ਵਾਲੀਆਂ ਕੰਪਨੀਆਂ ਨੂੰ 17 ਹਜ਼ਾਰ ਕਰੋੜ ਰੁਪਏ ਦੇ ਕੇ ਉਤਸ਼ਾਹਤ ਕੀਤਾ ਜਾਣਾ ਹੈ। ਇਹ ਯੋਜਨਾ ਕੁਲ ਛੇ ਸਾਲਾਂ ਲਈ ਹੋਵੇਗੀ। ਕੇਂਦਰੀ ਮੰਤਰੀ ਨੇ ਦੱਸਿਆ ਕਿ ਯੋਜਨਾ ਤਹਿਤ 3.5 ਲੱਖ ਕਰੋੜ ਰੁਪਏ ਦੇ ਉਤਪਾਦਾਂ ਦੀ ਮੈਨੂਫੈਕਚਰਿੰਗ ਕੀਤੀ ਜਾਣੀ ਹੈ।