ਕਰਨਾਟਕ : ਚਿਤਰਦੁਰਗਾ ਜ਼ਿਲ੍ਹੇ ਦੇ ਕੋਲਹਾਲ ਪਿੰਡ ‘ਚ 20 ਸਾਲਾ ਇਕ ਲੜਕੇ ਨੇ ਵੀਰਵਾਰ ਨੂੰ ਕਥਿਤ ਤੌਰ ‘ਤੇ ਨਵਾਂ ਮੋਬਾਈਲ ਨਾ ਮਿਲਣ ਕਾਰਨ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦਕਿ ਦੂਜੇ ਦਿਨ ਸ਼ੁੱਕਰਵਾਰ ਨੂੰ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਪਛਾਣ ਯਸ਼ਵੰਤ ਵਜੋਂ ਹੋਈ ਹੈ। ਇਹ ਜਾਣਕਾਰੀ ਸਥਾਨਕ ਪੁਲਿਸ ਨੇ ਦਿੱਤੀ।

ਪੁਲਿਸ ਨੇ ਦੱਸਿਆ ਕਿ 8 ਅਕਤੂਬਰ ਨੂੰ ਪਿੰਡ ‘ਚ ‘ਮਹਾਗਨਪਤੀ ਸ਼ੋਭਾ ਯਾਤਰਾ’ ਦੌਰਾਨ ਮ੍ਰਿਤਕ ਨੌਜਵਾਨ ਦਾ ਮੋਬਾਈਲ ਫੋਨ ਗਵਾਚ ਗਿਆ ਸੀ। ਉਸ ਨੇ ਆਪਣੇ ਦਾਦੇ ਨੂੰ ਨਵਾਂ ਫੋਨ ਖਰੀਦਣ ਲਈ ਕਿਹਾ ਸੀ।

ਕਿਸਾਨ ਦਾਦੇ ਨੇ ਪਿਆਜ਼ ਦੀ ਫ਼ਸਲ ਤੋਂ ਬਾਅਦ ਉਸ ਨੂੰ ਨਵਾਂ ਮੋਬਾਈਲ ਫ਼ੋਨ ਲੈਣ ਦਾ ਵਾਅਦਾ ਕੀਤਾ ਸੀ ਪਰ ਨੌਜਵਾਨ ਨਹੀਂ ਮੰਨਿਆ। ਉਸ ਨੇ ਬੁੱਧਵਾਰ 18 ਅਕਤੂਬਰ ਨੂੰ ਤੁਰੰਤ ਨਵਾਂ ਮੋਬਾਈਲ ਫ਼ੋਨ ਲੈ ਕੇ ਦੇਣ ਲਈ ਕਿਹਾ। ਦਾਦੇ ਵੱਲੋਂ ਇਨਕਾਰ ਕਰਨ ਤੋਂ ਨਾਰਾਜ਼ ਨੌਜਵਾਨ ਨੇ ਅਗਲੇ ਦਿਨ ਖਾਦ ਖਾ ਲਈ। ਇਸ ਤੋਂ ਬਾਅਦ ਉਸ ਦੀ ਸਿਹਤ ਵਿਗੜਨ ਲੱਗੀ ਤੇ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਯਸ਼ਵੰਤ ਨੂੰ ਇਲਾਜ ਲਈ ਜ਼ਿਲ੍ਹਾ ਹੈੱਡਕੁਆਰਟਰ ਸ਼ਹਿਰ ਦਾਵਨਗੇਰੇ ਦੇ ਹਸਪਤਾਲ ‘ਚ ਰੈਫਰ ਕੀਤਾ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।

ਪੁਲਿਸ ਅਧਿਕਾਰੀ ਅਨੁਸਾਰ ਯਸ਼ਵੰਤ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਆਪਣੀ ਮਾਂ ਤੇ ਦਾਦਾ-ਦਾਦੀ ਨਾਲ ਪਿੰਡ ਵਿਚ ਰਹਿੰਦਾ ਸੀ। ਦਾਦੇ ਨਾਲ ਖੇਤੀ ‘ਚ ਮਦਦ ਵੀ ਕਰਦਾ ਸੀ।