ਵਿਨੀਤ ਤ੍ਰਿਪਾਠੀ, ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਮੰਨਿਆ ਕਿ ਪਤੀ ਨੂੰ ਜਨਤਕ ਤੌਰ ‘ਤੇ ਪਰੇਸ਼ਾਨ ਅਤੇ ਅਪਮਾਨਿਤ ਕਰਨਾ ਬਹੁਤ ਜ਼ਿਆਦਾ ਕਰੂਰਤਾ ਦੇ ਘੇਰੇ ‘ਚ ਆਉਂਦਾ ਹੈ। ਅਦਾਲਤ ਨੇ ਕਿਹਾ ਕਿ ਇਕ ਪਤੀ ਜਾਂ ਪਤਨੀ ਦੇ ਅਕਸ ਨੂੰ ਜਨਤਕ ਤੌਰ ‘ਤੇ ਖ਼ਰਾਬ ਕਰਨ ਲਈ ਜੀਵਨਸਾਥੀ ਵੱਲੋਂ ਲਾਏ ਗਏ ਲਾਪਰਵਾਹ, ਅਪਮਾਨਜਨਕ ਅਤੇ ਬੇਬੁਨਿਆਦ ਦੋਸ਼ ਕਰੂਰਤਾ ਤੋਂ ਸਿਵਾਏ ਕੁਝ ਨਹੀਂ ਹਨ। ਵਿਆਹੁਤਾ ਸਬੰਧ ਭਰੋਸੇ ‘ਤੇ ਟਿਕਿਆ ਹੈ ਅਤੇ ਇਕ ਜੀਵਨਸਾਥੀ ਨਾਲ ਇਸ ਤਰ੍ਹਾਂ ਦੇ ਅਪਮਾਨਜਨਕ ਆਚਰਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

ਅਦਾਲਤ ਨੇ ਉਕਤ ਟਿੱਪਟੀ ਪਤੀ ਨੂੰ ਤਲਾਕ ਦੇਣ ਦੇ ਤੀਸ ਹਜ਼ਾਰੀ ਦੀ ਪਰਿਵਾਰਕ ਅਦਾਲਤ ਦੇ 31 ਅਗਸਤ 20216 ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਮਹਿਲਾ ਦੀ ਪਟੀਸ਼ਨ ‘ਤੇ ਕੀਤੀ। ਜਸਟਿਸ ਸੁਰੇਸ਼ ਕੁਮਾਰ ਕੈਤ ਤੇ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੀ ਬੈਂਚ ਨੇ ਕਿਹਾ ਕਿ ਕੋਈ ਵੀ ਜੀਵਨਸਾਥੀ ਨਾ ਸਿਰਫ਼ ਆਪਣੇ ਸਾਥੀ ਤੋਂ ਇਹ ਉਮੀਦ ਕਰਦਾ ਹੈ ਕਿ ਉਹ ਉਸ ਦਾ ਸਨਮਾਨ ਕਰੇ, ਸਗੋਂ ਇਹ ਵੀ ਸੋਚਦਾ ਹੈ ਕਿ ਜ਼ਰੂਰਤ ਦੇ ਸਮੇਂ ਉਸ ਦੇ ਅਕਸ ਅਤੇ ਇੱਜਤ ਦੀ ਰੱਖਿਆ ਲਈ ਢਾਲ ਦੇ ਰੂਪ ‘ਚ ਕੰਮ ਕਰੇ।

ਦਫ਼ਤਰ ‘ਚ ਵੀ ਕੀਤਾ ਅਪਮਾਨ

ਹਾਲਾਂਕਿ, ਮਾੜੀ ਕਿਸਮਤ ਨਾਲ ਇਹ ਅਜਿਹਾ ਮਾਮਲਾ ਹੈ ਜਿੱਥੇ ਪਤੀ ਨੂੰ ਉਸ ਦੀ ਪਤਨੀ ਵੱਲੋਂ ਜਨਤਕ ਤੌਰ ‘ਤੇ ਪਰੇਸ਼ਾਨ, ਅਪਮਾਨਿਤ ਕਰਨ ਲਈ ਹਮਲਾ ਕੀਤਾ ਜਾ ਰਿਹਾ ਹੈ। ਅਦਾਲਤ ਨੇ ਵੇਖਿਆ ਕਿ ਔਰਤ ਨੇ ਦਫ਼ਤਰ ਦੀਆਂ ਮੀਟਿੰਗਾਂ ਦੌਰਾਨ ਆਪਣੇ ਪਤੀ ‘ਤੇ ਉਸ ਦੇ ਕਰਮਚਾਰੀਆਂ/ਮਹਿਮਾਨਾਂ ਦੇ ਸਾਹਮਣੇ ਬੇਵਫ਼ਾਈ ਦਾ ਦੋਸ਼ ਲਾਉਣ ਦੀ ਹੱਦ ਪਾਰ ਕਰਨ ਦੇ ਨਾਲ ਹੀ ਉਸ ਦੇ ਦ਼ਫਤਰ ਦੀਆਂ ਮਹਿਲਾ ਮੁਲਾਜ਼ਮਾਂ ਨੂੰ ਵੀ ਪਰੇਸ਼ਾਨ ਕੀਤਾ ਸੀ।

ਬੱਚੇ ਨੂੰ ਹਥਿਆਰ ਦੇ ਰੂਪ ਵਰਤਿਆ

ਇੰਨਾ ਹੀ ਨਹੀਂ, ਮਹਿਲਾ ਨੇ ਬੱਚੇ ਨੂੰ ਹਥਿਆਰ ਦੇ ਰੂਪ ‘ਚ ਵਰਤਿਆ ਅਤੇ ਉਸ ਨੂੰ ਪਤੀ ਤੋਂ ਪੂਰੀ ਤਰ੍ਹਾਂ ਵੱਖ ਕਰ ਦਿੱਤਾ। ਅਦਾਲਤ ਨੇ ਮੰਨਿਆ ਕਿ ਪਿਤਾ ਲਈ ਆਪਣੇ ਬੱਚੇ ਨੂੰ ਦੂਰ ਜਾਂਦੇ ਅਤੇ ਪੂਰੀ ਤਰ੍ਹਾਂ ਨਾਲ ਉਸ ਦੇ ਖਿ਼ਲਾਫ਼ ਹੁੰਦੇ ਵੇਖਣ ਤਿੋਂ ਜ਼ਿਆਦਾ ਦਰਦਨਾਕ ਕੁਝ ਨਹੀਂ ਹੋ ਸਕਦਾ।

ਅਦਾਲਤ ਨੇ ਕਿਹਾ ਕਿ ਵਿਆਹੁਤਾ ਜੀਵਨ ਦੇ ਛੇ ਸਾਲ ਦੇ ਸਮੇਂ ‘ਚ ਹੋਈਆਂ ਅਜਿਹੀਆਂ ਹਰਕਤਾਂ ਤੋਂ ਸਾਬਤ ਹੁੰਦਾ ਹੈ ਕਿ ਪਤੀ ਕਰੂਰਤਾ ਅਤੇ ਉਤਪੀੜਨ ਦਾ ਸ਼ਿਕਾਰ ਸੀ। ਇਸ ਕਾਰਨ ਉਹ ਕਦੇ-ਕਦੇ ਆਤਮਹੱਤਿਆ ਕਰਨ ਬਾਰੇ ਵੀ ਸੋਚਣ ਲਈ ਮਜ਼ਬੂਰ ਹੋਇਆ। ਉਕਤ ਤੱਥਾਂ ਨੂੰ ਵੇਖਦੇ ਹੋਏ ਪਰਿਵਾਰਿਕ ਅਦਾਲਤ ਦੇ ਫ਼ੈਸਲੇ ‘ਚ ਦਖਲ ਦੇਣ ਦੀ ਕੋਈ ਲੋੜ ਨਹੀਂ ਹੈ।

ਮਹਿਲਾ ਦਾ ਵਿਆਹ ਫਰਵਰੀ 2000 ‘ਚ ਹੋਇਆ ਸੀ ਅਤੇ ਉਨ੍ਹਾਂ ਦੇ ਇਕ ਬੇਟਾ ਵੀ ਹੈ। ਬਚਾਅ ਧਿਰ ਪਤੀ ਦਾ ਦੋਸ਼ ਹੈ ਕਿ ਉਸ ਦੀ ਪਤਨੀ ਉਸ ‘ਤੇ ਸ਼ੱਕ ਕਰਦੀ ਸੀ ਅਤੇ ਉਸ ‘ਤੇ ਹੋਰ ਔਰਤਾਂ ‘ਚ ਰੁਚੀ ਹੋਣ ਦਾ ਦੋਸ਼ ਲਾਉਂਦੀ ਸੀ।