ਅਮਰਾਵਤੀ (ਪੀਟੀਆਈ) : ਆਂਧਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਮੰਗਲਵਾਰ ਨੂੰ ਹੁਨਰ ਵਿਕਾਸ ਨਿਗਮ ਘੁਟਾਲੇ ’ਚ ਚਾਰ ਹਫ਼ਤਿਆਂ ਦੀ ਆਰਜ਼ੀ ਜ਼ਮਾਨਤ ਮਿਲਣ ’ਤੇ 53 ਦਿਨ ਬਾਅਦ ਜੇਲ੍ਹ ’ਚੋਂ ਬਾਹਰ ਆਏ। ਹਾਈ ਕੋਰਟ ਨੇ ਸਿਹਤ ਆਧਾਰ ’ਤੇ ਜ਼ਮਾਨਤ ਮਨਜ਼ੂਰ ਕਰਦਿਆਂ ਸਾਬਕਾ ਸੀਐੱਮ ਨੂੰ 28 ਨਵੰਬਰ ਅਤੇ ਉਸ ਤੋਂ ਪਹਿਲਾਂ ਰਾਜਮਹੇਂਦਰਵਰਮ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਕੋਲ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ। ਹਾਈ ਕੋਰਟ ਨੇ ਉਨ੍ਹਾਂ ਦੀ ਨਿਯਮਿਤ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ 10 ਨਵੰਬਰ ਲਈ ਟਾਲ਼ ਦਿੱਤੀ। ਬੀਤੀ ਨੌਂ ਸਤੰਬਰ ਨੂੰ ਟੀਡੀਪੀ ਮੁਖੀ ਨੂੰ ਹੁਨਰ ਨਿਗਮ ਘੁਟਾਲੇ ’ਚ ਗਿ੍ਫ਼ਤਾਰ ਕੀਤਾ ਗਿਆ ਸੀ। ਉਦੋਂ ਤੋਂ ਉਹ ਰਾਜਮਹੇਂਦਰਵਰਮ ਕੇਂਦਰੀ ਜੇਲ੍ਹ ’ਚ ਬੰਦ ਸੀ।
ਸਾਬਕਾ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਵੱਲੋਂ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਨਾਇਡੂ ਨੂੰ ਮੋਤੀਆਬਿੰਦ ਆਪ੍ਰੇਸ਼ਨ ਲਈ ਜ਼ਮਾਨਤ ਦੀ ਜ਼ਰੂਰਤ ਹੈ। ਇਸ ’ਤੇ ਹਾਈ ਕੋਰਟ ਨੇ ਕਿਹਾ ਕਿ ਮੈਡੀਕਲ ਦੇਖਭਾਲ ਦੀ ਜ਼ਰੂਰਤ ਵਾਲੇ ਮਰੀਜ਼ ਨੂੰ ਫੌਰੀ, ਪ੍ਰਭਾਵੀ ਤੇ ਵਿਆਪਕ ਇਲਾਜ ਦਿੱਤਾ ਜਾਣਾ ਚਾਹੀਦਾ। ਮੈਡੀਕਲ ਸਹੂਲਤ ਦਾ ਬਦਲ ਵੀ ਮਰੀਜ਼ ਨੂੰ ਮਿਲਣਾ ਚਾਹੀਦਾ। ਕੋਰਟ ਨੇ ਮਨੁੱਖੀ ਦ੍ਰਿਸ਼ਟੀਕੋਣ ਤੇ ਪਟੀਸ਼ਨਰ ਦੀ ਸਿਹਤ ਸਥਿਤੀ ’ਤੇ ਵਿਚਾਰ ਕਰ ਕੇ ਨਾਇਡੂ ਨੂੰ ਆਰਜ਼ੀ ਜ਼ਮਾਨਤ ਦੇ ਦਿੱਤੀ। ਹਾਈ ਕੋਰਟ ਨੇ ਨਾਇਡੂ ਨੂੰ ਦੋ ਬਰਾਬਰ ਰਾਸ਼ੀ ਦੇ ਜ਼ਮਾਨਤੀਆਂ ਨਾਲ ਇਕ ਲੱਖ ਰੁਪਏ ਦਾ ਬਾਂਡ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ।
ਅੰਤ ਸੱਚ ਦੀ ਹੋਈ ਜਿੱਤ : ਟੀਡੀਪੀ
ਟੀਡੀਪੀ ਮੁਖੀ ਨੂੰ ਜ਼ਮਾਨਤ ਮਿਲਦਿਆਂ ਹੀ ਉਨ੍ਹਾਂ ਦੇ ਹਮਾਇਤੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਹਮਾਇਤੀਆਂ ਨੇ ਮਠਿਆਈ ਵੰਡ ਕੇ ਤੇ ਰੱਜ ਕੇ ਆਤਿਸ਼ਬਾਜ਼ੀ ਕੀਤੀ। ਇਸ ਮੌਕੇ ’ਤੇ ਟੀਡੀਪੀ ਨੇ ਕਿਹਾ ਕਿ ਆਖ਼ਰਕਾਰ ਸੱਚ ਦੀ ਜਿੱਤ ਹੋਈ। ਹਾਈ ਕੋਰਟ ਵੱਲੋਂ ਨਾਇਡੂ ਨੂੰ ਜ਼ਮਾਨਤ ਦਿੱਤੇ ਜਾਣ ਦੇ ਫ਼ੈਸਲਾ ਦਾ ਉਨ੍ਹਾਂ ਦੀ ਸਾਲੀ ਤੇ ਆਂਧਰ ਪ੍ਰਦੇਸ਼ ਦੀ ਭਾਜਪਾ ਪ੍ਰਧਾਨ ਦੱਗੁਬਾਤੀ ਪੁਰੰਦੇਸ਼ਵਰੀ ਨੇ ਸਵਾਗਤ ਕੀਤਾ। ਪੁਰੰਦੇਸ਼ਵਰੀ ਨੇ ਨਾਇਡੂ ਦੀ ਗਿ੍ਫ਼ਤਾਰੀ ਵੀ ਆਲੋਚਨਾ ਕੀਤੀ ਸੀ।



