ਸਰੀ, ਬੀ.ਸੀ. – ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ ਕੀਤਾ ਹੈ, ਜਿਸ ਵਿੱਚ ਵੈਨਕੂਵਰ ਜਾਇੰਟਸ ਮੁੱਖ ਕਿਰਾਏਦਾਰ (Anchor Tenant) ਹੋਣਗੇ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਜਦੋਂ ਅਸੀਂ ਕਹਿੰਦੇ ਹਾਂ ਕਿ ਸਰੀ ਵਿੱਚ ਵੱਡੀਆਂ ਤਰੱਕੀਆਂ ਹੋ ਰਹੀਆਂ ਹਨ, ਤਾਂ ਇਸ ਪੱਧਰ ਦਾ ਨਵਾਂ ਐਰੀਨਾ, ਇਸਦੀ ਇੱਕ ਸਭ ਤੋਂ ਵੱਡੀ ਮਿਸਾਲ ਹੈ। ਨਵਾਂ ਐਰੀਨਾ ਆਉਣ ਨਾਲ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ, ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ, ਕਾਨਫ਼ਰੰਸਾਂ ਦੀ ਸਮਰੱਥਾ ਵਧੇਗੀ ਅਤੇ ਸਰੀ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਖੇਡਾਂ, ਕਲਾ ਅਤੇ ਮਨੋਰੰਜਨ ਦੇ ਮੌਕੇ ਮਿਲਣਗੇ। ਅਸੀਂ ਪਹਿਲਾਂ ਹੀ ਖੇਤਰ ਦੀ ਆਰਥਿਕ ਤਾਕਤ ਹਾਂ, ਅਤੇ ਇਹ ਪ੍ਰੋਜੈਕਟ ਇਸਨੂੰ ਵਿਸ਼ਵ ਪੱਧਰੀ ਸ਼ਹਿਰ ਬਣਾਉਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਹੈ।”
ਪ੍ਰੋਜੈਕਟ ਦੇ ਪੂਰਾ ਹੋਣ ਉਪਰੰਤ, ਇਸ ਵਿੱਚ 10,000 ਸੀਟਾਂ ਵਾਲਾ ਨਵਾਂ ਐਰੀਨਾ ਸ਼ਾਮਲ ਹੋਵੇਗਾ, ਜੋ ਸਰੀ ਵਿੱਚ ਵੱਡੇ ਖੇਡ ਸਮਾਗਮਾਂ, ਸੰਗੀਤ ਸਮਾਰੋਹਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਨਵਾਂ ਕੇਂਦਰ ਬਣੇਗਾ। ਇਸ ਦੇ ਨਾਲ ਹੀ ਵੈਨਕੂਵਰ ਜਾਇੰਟਸ ਆਪਣਾ ਘਰੇਲੂ ਮੈਦਾਨ ਇਸ ਨਵੇਂ ਸਥਾਨ ‘ਤੇ ਤਬਦੀਲ ਕਰਨਗੇ।
ਵੈਨਕੂਵਰ ਜਾਇੰਟਸ ਦੇ ਬਹੁਮੱਤ ਮਾਲਕ ਅਤੇ ਪ੍ਰਧਾਨ ਰੌਨ ਟੋਇਗੋ ਨੇ ਕਿਹਾ, “ਅਸੀਂ ਇਸ ਸ਼ਾਨਦਾਰ ਪ੍ਰੋਜੈਕਟ ਦਾ ਹਿੱਸਾ ਬਣਕੇ ਬਹੁਤ ਖ਼ੁਸ਼ ਹਾਂ ਅਤੇ ਇਹ ਸਰੀ ਦੀ ਨੁਹਾਰ ਹੀ ਬਦਲ ਦੇਵੇਗਾ। ਸਰੀ ਲਈ ਇਹ ਬਹੁਤ ਹੀ ਰੋਮਾਂਚਕ ਸਮਾਂ ਹੈ ਅਤੇ ਸਾਨੂੰ ਇਸਦਾ ਹਿੱਸਾ ਬਣਨ ‘ਤੇ ਮਾਣ ਹੈ।”
ਐਰੀਨਾ ਤੋਂ ਇਲਾਵਾ, ਇਸ ਪ੍ਰੋਜੈਕਟ ਵਿੱਚ ਇੱਕ ਆਲੀਸ਼ਾਨ ਹੋਟਲ, ਕਾਨਫ਼ਰੰਸ ਸਹੂਲਤਾਂ ਅਤੇ ਰਿਹਾਇਸ਼ੀ ਵਿਕਾਸ ਵੀ ਸ਼ਾਮਲ ਹੋਣਗੇ। ਇਹ ਸਭ ਮਿਲ ਕੇ ਇੱਕ ਨਵਾਂ ਖੇਡ ਅਤੇ ਮਨੋਰੰਜਨ ਖੇਤਰ (Sports and Entertainment District) ਤਿਆਰ ਕਰਨਗੇ, ਜੋ ਨਿਵੇਸ਼ ਨੂੰ ਆਕਰਸ਼ਿਤ ਕਰੇਗਾ, ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਅਤੇ ਸਰੀ ਦੀ ਵੱਡੇ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੀ ਸਮਰੱਥਾ ਨੂੰ ਵਧਾਏਗਾ। ਅਗਲੇ 10 ਸਾਲਾਂ ਵਿੱਚ ਇਸ ਪ੍ਰੋਜੈਕਟ ਤੋਂ ਸ਼ਹਿਰ ਨੂੰ ਲਗਭਗ 2.4 ਬਿਲੀਅਨ ਡਾਲਰ ਦੇ ਆਰਥਿਕ ਲਾਭ ਹੋਣ ਦੀ ਉਮੀਦ ਹੈ।
ਨਵਾਂ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਹਾਲ ਹੀ ਵਿੱਚ ਸ਼ਹਿਰ ਦੁਆਰਾ ਖ਼ਰੀਦੀ ਜਾਵੇਗੀ ਜ਼ਮੀਨ ‘ਤੇ ਬਣਾਇਆ ਜਾਵੇਗਾ, ਜੋ ਸਿਟੀ ਹਾਲ ਅਤੇ ਸਰੀ ਸੈਂਟਰਲ ਸਕਾਈ ਟਰੇਨ ਸਟੇਸ਼ਨ ਦੇ ਬਿਲਕੁਲ ਸਾਹਮਣੇ ਸਥਿਤ ਹੈ।
ਇਹ ਜਾਇਦਾਦ ਇੱਕ ਰਣਨੀਤਿਕ ਜ਼ਮੀਨੀ ਅਦਲਾ-ਬਦਲੀ (Land Swap) ਰਾਹੀਂ ਪ੍ਰਾਪਤ ਕੀਤੀ ਜਾਵੇਗੀ। ਇਸ ਤਹਿਤ, ਸ਼ਹਿਰ ਵਲੋਂ 10355 ਕਿੰਗ ਜਾਰਜ ਬੁਲੇਵਾਰਡ ‘ਤੇ ਸਿਟੀ ਹਾਲ ਦੇ ਸਾਹਮਣੇ ਸਥਿਤ 5 ਏਕੜ ਜ਼ਮੀਨ ਹਾਸਲ ਕਰਨ ਦੀ ਵਿਊਂਤ ਹੈ, ਜਿਸ ਦੇ ਬਦਲੇ ਸ਼ਹਿਰ ਵਲੋਂ ਸਿਟੀ ਸੈਂਟਰ ਤੋਂ ਬਾਹਰ ਸਥਿਤ ਆਪਣੀਆਂ ਤਿੰਨ ਜਾਇਦਾਦਾਂ ਦਿੱਤੀਆਂ ਜਾਣਗੀਆਂ ਹਨ:
• 2750 -194A ਸਟਰੀਟ, ਸਰੀ
• 19165 – 39 ਐਵਿਨਿਊ, ਸਰੀ
• 12820–12842 – 96 ਐਵਿਨਿਊ, ਸਰੀ
ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਬਿਲ ਔਜਲਾ ਨੇ ਕਿਹਾ, “ਇਹ ਸਰੀ ਸ਼ਹਿਰ ਲਈ ਬਹੁਤ ਹੀ ਮਹੱਤਵਪੂਰਨ ਪ੍ਰੋਜੈਕਟ ਹੈ, ਜੋ ਇੱਕ ਨਵੇਂ ਖੇਡ, ਸੱਭਿਆਚਾਰ ਅਤੇ ਮਨੋਰੰਜਨ ਖੇਤਰ ਦੀ ਨੀਂਹ ਰੱਖੇਗਾ। ਇਸ ਨਵੀਂ ਜ਼ਮੀਨ ਨੂੰ ਇਕੱਠਾ ਕਰਕੇ, ਉਸਾਰਨ, ਚਲਾਉਣ ਅਤੇ ਇਸ 10,000 ਸੀਟਾਂ ਵਾਲੇ ਐਰੀਨਾ ਵਿੱਚ ਮੁੱਖ ਕਿਰਾਏਦਾਰ ਲਿਆਉਣ ਅਤੇ ਵੱਡੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਨਾਲ ਸ਼ਹਿਰ ਲਈ ਬੇਹੱਦ ਵੱਡੇ ਮੌਕੇ ਪੈਦਾ ਹੋਣਗੇ।”
ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ, ਲਗਭਗ 360 ਮਿਲੀਅਨ ਡਾਲਰ ਦੀ ਅਨੁਮਾਨਿਤ ਲਾਗਤ ਦੇ ਨਾਲ 2030 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਇਸ ਪ੍ਰੋਜੈਕਟ ਦੀ ਫੰਡਿੰਗ ਸ਼ਹਿਰ ਦੇ 2026 ਦੇ ਬਜਟ ਵਿੱਚ ਕੀਤਾ ਗਿਆ ਹੈ।
ਹੋਰ ਜਾਣਕਾਰੀ ਲਈ ਕਿਰਪਾ ਕਰਕੇ ਨੱਥੀ ਕੀਤੀ ਸੁਤੰਤਰ ਜ਼ਮੀਨ ਮੁਲਾਂਕਣ ਰਿਪੋਰਟ ਵੇਖੋ।


