ਕੇਵਲ ਅਹੂਜਾ, ਮਖੂ (ਫਿਰੋਜ਼ਪੁਰ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਬਲਾਕ ਪ੍ਰਧਾਨ ਦਲਜੀਤ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਚ ਕਿਸਾਨਾਂ ਵੱਲੋਂ ਅਹਿਮ ਮੁੱਦਿਆਂ ‘ਤੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਕਿਸਾਨ ਆਗੂਆਂ ਨੇ ਕਿਹਾ ਕਿ ਹੜ੍ਹਾਂ ਕਾਰਨ ਖਰਾਬ ਹੋਈਆਂ ਫ਼ਸਲਾਂ ਦਾ ਕਿਸਾਨਾਂ ਨੂੰ ਪ੍ਰਤੀ ਏਕੜ 6500 ਰੁਪਏ ਦੇਣਾ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਹੜ੍ਹਾਂ ਕਾਰਨ ਖਰਾਬ ਹੋਈਆਂ ਫ਼ਸਲਾਂ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ, ਹੜ੍ਹਾਂ ਕਾਰਨ ਮਾਰੇ ਗਏ ਪਸ਼ੂਆਂ ਦਾ ਇਕ ਲੱਖ ਰੁਪਏ ਪ੍ਰਤੀ ਪਸ਼ੂ ਤੇ ਹੜ੍ਹਾਂ ਕਾਰਨ ਢਹਿ ਗਏ ਘਰਾਂ ਦਾ ਪੰਜ ਲੱਖ ਰੁਪਏ ਪ੍ਰਤੀ ਘਰ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ, ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ। ਪੰਜਾਬ ਵਿਚ ਵੱਧ ਰਹੇ ਨਸ਼ੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਸ਼ਿਆਂ ਨੂੰ ਖਤਮ ਕਰਨ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ‘ਆਪ’ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ ਸਰਕਾਰ ਬਣਨ ‘ਤੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਪਰ ਹੁਣ ਵੀ ਸ਼ਰੇਆਮ ਪੰਜਾਬ ਵਿਚ ਨਸ਼ਾ ਵਿਕ ਰਿਹਾ ਹੈ ਅਤੇ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ।
ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ੇ ਦੇ ਖਾਤਮੇ ਲਈ ਸਖ਼ਤ ਕਦਮ ਚੁੱਕੇ ਤਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਕਿਸਾਨ ਆਗੂਆਂ ਨੇ ਕਿਹਾ ਕਿ ਗੁੱਜਰਾਂ ਵੱਲੋਂ ਆਏ ਦਿਨ ਸੜਕਾਂ ‘ਤੇ ਪਸ਼ੂ ਘੁਮਾਏ ਜਾ ਰਹੇ ਹਨ ਜੋ ਕਿ ਕਈ ਵਾਰ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ, ਟ੍ਰੈਫਿਕ ਵਿਚ ਵੀ ਭਾਰੀ ਵਿਘਨ ਪੈਂਦਾ ਹੈ ਅਤੇ ਇਹ ਪਸ਼ੂ ਸੜਕਾਂ ਕੰਢੇ ਬੂਟਿਆਂ ਤੋਂ ਇਲਾਵਾ ਫ਼ਸਲਾਂ ਦਾ ਵੀ ਨੁਕਸਾਨ ਕਰਦੇ ਹਨ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੁੱਜਰਾਂ ਨੂੰ ਸੜਕਾਂ ‘ਤੇ ਪਸ਼ੂਆਂ ਨੂੰ ਘੁਮਾਉਣ ਤੋਂ ਰੋਕਿਆ ਜਾਵੇ ਤਾਂ ਜੋ ਲੋਕ ਹਾਦਸਿਆਂ ਤੋ ਬਚ ਸਕਣ। ਇਸ ਮੀਟਿੰਗ ਦੌਰਾਨ ਦਲਜੀਤ ਸਿੰਘ ਬੁੱਟਰ, ਜਗੀਰ ਸਿੰਘ ਨੰਬਰਦਾਰ, ਗੁਰਸਾਹਿਬ ਸਿੰਘ ਪ੍ਰਰੈਸ ਸਕੱਤਰ, ਗੁਰਚਰਨ ਸਿੰਘ, ਫੁੱਮਣ ਸਿੰਘ, ਕਸ਼ਮੀਰ ਸਿੰਘ, ਗੁਰਦੇਵ ਸਿੰਘ, ਬਲਵਿੰਦਰ ਸਿੰਘ, ਸਲਵਿੰਦਰ ਸਿੰਘ, ਬਗੀਚਾ ਸਿੰਘ, ਰਛਪਾਲ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।



